Connect with us

National

ਜ਼ਹਿਰੀਲੀ ਸ਼ਰਾਬ ਦਾ ਕਹਿਰ: ਇਕੋ ਇਲਾਕੇ ਦੇ 50 ਲੋਕਾਂ ਦੀ ਮੌਤ, ਕਈ ਲੜ ਰਹੇ ਜ਼ਿੰਦਗੀ-ਮੌਤ ਦੀ ਲੜਾਈ

Published

on

ਜ਼ਹਿਰੀਲੀ ਸ਼ਰਾਬ ਦੇ ਕਹਿਰ ਨੇ ਇਕ ਵਾਰ ਫਿਰ ਤੋਂ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੱਸ ਦੇਈਏ ਕਿ ਇਕੋ ਥਾਂ ‘ਤੇ ਦਰਜਨਾਂ ਲੋਕਾਂ ਦੀ ਮੌਤ ਨੇ ਜਿੱਥੇ ਕਹਿਰ ਢਾਹਿਆ, ਉੱਥੇ ਹੀ ਰੋਂਦੇ ਲੋਕਾਂ ਦੇ ਵੈਣਾਂ ਤੇ ਕੀਰਨਿਆਂ ਨੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਹਿਲਾ ਕੇ ਰੱਖ ਦਿੱਤਾ। ਇਹ ਮਾਮਲਾ  ਤਾਮਿਲਨਾਡੂ ਤੋ ਸਾਹਮਣੇ ਆਇਆ ਹੈ, ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 50 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਲੋਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਦੱਸ ਦੇਈਏ ਕਿ 19 ਜੂਨ ਨੂੰ ਤਾਮਿਲਨਾਡੂ ਦੇ ਕੱਲਾਕੁਰਿਚੀ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਲੋਕਾਂ ਦੀ ਖ਼ਬਰ ਸਾਹਮਣੇ ਆਈ ਸੀ।

ਤਾਮਿਲਨਾਡੂ ਦੇ ਸਿਹਤ ਮੰਤਰੀ ਅਤੇ ਦ੍ਰਵਿੜ ਮੁਨੇਤਰ ਕੜਗਮ ਦੇ ਨੇਤਾ ਸੁਬਰਾਮਨੀਅਮ ਮਾ ਨੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਕੱਲਾਕੁਰਿਚੀ ਵਿੱਚ ਜ਼ਹਿਰੀਲੀ ਸ਼ਰਾਬ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਯਕੀਨ ਦਿਵਾਇਆ। ਸਿਹਤ ਮੰਤਰੀ ਨੇ ਇਹ ਵੀ ਦੱਸਿਆ ਹੈ ਕਿ ਹੁਣ ਤੱਕ 185 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 50 ਦੀ ਮੌਤ ਹੋ ਚੁੱਕੀ ਜਦਕਿ ਬਾਕੀ ਦਾ ਇਲਾਜ ਚੱਲ ਰਿਹਾ ਹੈ।

ਇਸ ਘਟਨਾ ਤੋਂ ਬਾਅਦ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਐਕਸ਼ਨ ਲੈਂਦੇ ਹੋਏ ਤੁਰੰਤ ਸੀ.ਬੀ-ਸੀ.ਆਈ.ਡੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਵਿੱਚ ਹੁਣ ਤੱਕ 6 ਵਿਅਕਤੀ ਗ੍ਰਿਫਤਾਰ ਵੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਇਕ ਔਰਤ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਮਰਨ ਵਾਲਿਆਂ ਲਈ 10-10 ਲੱਖ ਅਤੇ ਹਸਪਤਾਲ ਵਿੱਚ ਭਰਤੀ ਲੋਕਾਂ ਨੂੰ 50,000 ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ।

ਇਸੇ ਸਾਲ ਪੰਜਾਬ ਵਿੱਚ ਵੀ ਜ਼ਹਿਰੀਲੀ ਸ਼ਰਾਬ ਨੇ ਮਚਾਇਆ ਸੀ ਕਹਿਰ-
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਬੀਤੇ ਕੁੱਝ ਮਹੀਨੇ ਪਹਿਲਾਂ ਜ਼ਹਿਰਲੀ ਸ਼ਰਾਬ ਦਾ ਕਹਿਰ ਦੇਖਣ ਨੂੰ ਮਿਲਿਆ ਸੀ। ਇਸੇ ਸਾਲ ਮਾਰਚ ਮਹੀਨੇ ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਕਰੀਬ 21 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ ਸੀ। ਇਸ ਘਟਨਾ ਵਿੱਚ ਪੁਲਿਸ ਜਾਂਚ ਤੋਂ ਬਾਅਦ ਖੁਲਾਸਾ ਹੋਇਆ ਸੀ ਕਿ ਘਟਨਾ ਦਾ ਕਿੰਗਪਿਨ ਹਰਮਨਪ੍ਰੀਤ ਸਿੰਘ ਨੇ ਯੂ-ਟਿਊਬ ਤੋਂ ਸ਼ਰਾਬ ਬਣਾਉਣੀ ਸਿੱਖੀ ਸੀ ਅਤੇ ਆਪਣੇ ਹੀ ਘਰ ‘ਚ ਫੈਕਟਰੀ ਲਗਾਈ। ਮੁਲਜ਼ਮਾਂ ਨੇ 10 ਪੇਟੀਆਂ ਨਕਲੀ ਸ਼ਰਾਬ ਪਿੰਡ ਗੁੱਜਰਾਂ ਵਿੱਚ ਸਪਲਾਈ ਕੀਤੀ ਸੀ। ਜਿੱਥੋਂ ਇਹ ਲੋਕਾਂ ਤੱਕ ਪਹੁੰਚਿਆ। ਪੁਲਿਸ ਪੁੱਛਗਿੱਛ ਵਿੱਚ ਇਹ ਵੀ ਸਾਹਮਣੇ ਆਇਆ ਕਿ ਕਿੰਗਪਿਨ ਹਰਮਨਪ੍ਰੀਤ ਸਿੰਘ ਨੇ ਹਾਲ ਹੀ ਵਿੱਚ ਸ਼ਰਾਬ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ।