Connect with us

International

ਪੈਰਿਸ ਓਲੰਪਿਕ 2024 ਦਾ ਆਗਾਜ਼, ਮਹਾਂਕੁੰਭ ‘ਚ ਪੰਜਾਬੀਆਂ ਨੇ ਕਰਵਾਈ ਬੱਲੇ-ਬੱਲੇ!

Published

on

ਪੈਰਿਸ ਓਲੰਪਿਕ 2024 ਦੀ ਸ਼ਾਨਦਾਰ ਸ਼ੁਰੂਆਤ ਹੋ ਚੁੱਕੀ ਹੈ, ਵਿਸ਼ਵ ਖੇਡ ਜਗਤ ਦੇ ਸਭ ਤੋਂ ਵੱਡੇ ਈਵੈਂਟ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਦੇ ਨਾਲ ਹੀ ਸਾਰਿਆਂ ਦੀਆਂ ਨਜ਼ਰਾਂ ਭਾਰਤੀ ਖਿਡਾਰੀਆਂ ‘ਤੇ ਵੀ ਹਨ। 26 ਜੁਲਾਈ ਤੋਂ 11 ਅਗਸਤ ਤੱਕ ਇਹ multi-sport event ਚੱਲੇਗਾ। ਆਪਣੇ-ਆਪਣੇ ਮੁਲਕਾਂ ਦੇ ਝੰਡੇ ਲੈ ਕੇ ਹੋਈ ਖਿਡਾਰੀਆਂ ਦੀ ਪਰੇਡ ਇਸ ਸਮਾਗਮ ਦਾ ਮੁੱਖ ਆਕਰਸ਼ਨ ਬਣੀ, ਜਿੱਥੇ ਖਿਡਾਰੀਆਂ ਨੇ ਸੀਨ ਨਦੀ ਵਿੱਚ ਕਿਸ਼ਤੀ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪੈਰਿਸ ਓਲੰਪਿਕ 2024 ਦਾ ਉਦਘਾਟਨੀ ਸਮਾਰੋਹ ਨਾ ਸਿਰਫ ਖੇਡ ਪ੍ਰੇਮੀਆਂ ਲਈ ਸਗੋਂ ਪੂਰੀ ਦੁਨੀਆ ਲਈ ਇਤਿਹਾਸਕ ਅਤੇ ਪ੍ਰੇਰਨਾਦਾਇਕ ਪਲ ਸੀ।

ਓਲੰਪਿਕ ਵਿੱਚ 10 ਹਜ਼ਾਰ ਤੋਂ ਵੱਧ ਖਿਡਾਰੀ ਬਣੇ ਹਿੱਸਾ-
ਖੇਡਾਂ ਦੇ ਇਸ ਮਹਾਕੁੰਭ ਵਿੱਚ 10 ਹਜ਼ਾਰ ਤੋਂ ਵੱਧ ਖਿਡਾਰੀ ਹਿੱਸਾ ਲੈਣ ਜਾ ਰਹੇ ਹਨ। ਪੈਰਿਸ ਓਲੰਪਿਕ 2024 ਵਿੱਚ ਕੁੱਲ 206 ਦੇਸ਼ਾਂ ਦੇ ਲਗਭਗ 10500 ਐਥਲੀਟ ਹਿੱਸਾ ਲੈ ਰਹੇ ਹਨ। ਜਿਸ ‘ਚ ਭਾਰਤ ਦਾ 117 ਮੈਂਬਰੀ ਦਲ, ਜਿਸ ‘ਚ 70 ਪੁਰਸ਼ ਅਤੇ 47 ਔਰਤਾਂ ਸ਼ਾਮਲ ਹਨ, ਆਪਣੀ ਤਾਕਤ ਦਿਖਾਏਗੀ। ਭਾਰਤੀ ਖਿਡਾਰੀ 69 ਈਵੈਂਟਸ ‘ਚ ਹਿੱਸਾ ਲੈਣਗੇ। ਇਸ ਓਲੰਪਿਕ ਵਿੱਚ ਪੈਰਿਸ ਸਮੇਤ 35 ਥਾਵਾਂ ‘ਤੇ 32 ਖੇਡਾਂ ਦੇ ਕੁੱਲ 329 ਈਵੈਂਟ ਕਰਵਾਏ ਜਾਣਗੇ।

ਓਲੰਪਿਕ ਵਿੱਚ ਪੰਜਾਬੀਆਂ ਦੀ ਵੀ ਬੱਲੇ-ਬੱਲੇ-
ਪੈਰਿਸ ਓਲੰਪਿਕ 2024 ‘ਚ ਪੰਜਾਬ ਦੇ ਵੀ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਸਬੰਧੀ ਜਾਣਕਾਰੀ ਅਨੁਸਾਰ ਪੰਜਾਬ ਦੇ 19 ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਉਥੇ ਹੀ ਪੁਰਸ਼ ਹਾਕੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀਆਂ ਦੀ ਇਸ ‘ਚ ਬੱਲੇ-ਬੱਲੇ ਹੈ, ਕਿਉਂਕਿ ਇਸ ਟੀਮ ‘ਚ ਕਈ ਪੰਜਾਬੀ ਖਿਡਾਰੀ ਸ਼ਾਮਲ ਹਨ। ਇਨ੍ਹਾਂ ਵਿੱਚੋਂ 10 ਹਾਕੀ, 4 ਐਥਲੈਟਿਕਸ, 4 ਸ਼ੂਟਿੰਗ ਖਿਡਾਰੀ ਸ਼ਾਮਿਲ ਹਨ।

ਗੁਆਂਢੀ ਸੂਬਾ ਹਰਿਆਣਾ ਦੇ ਵੀ 24 ਖਿਡਾਰੀ ਓਲੰਪਿਕ ਦਾ ਬਣੇ ਹਿੱਸਾ
ਦੱਸ ਦੇਈਏ ਕਿ 117 ਭਾਰਤੀਆਂ ਵਿੱਚੋਂ 24 ਖਿਡਾਰੀ ਸਿਰਫ ਹਰਿਆਣਾ ਤੋਂ ਵੀ ਹਨ, ਜੋ ਪੈਰਿਸ ਓਲ਼ੰਪਿਕ 2024 ਦਾ ਹਿੱਸਾ ਬਣੇ ਹਨ।

ਪੰਜਾਬ-ਹਰਿਆਣਾ ਤੋਂ ਬਿਨਾਂ ਭਾਰਤ ਦੇ ਹੋਰ ਕਿਹੜੇ-ਕਿਹੜੇ ਸੂਬਿਆਂ ਤੋਂ ਕਿੰਨੇ-ਕਿੰਨੇ ਖਿਡਾਰੀ ਮਹਾਂਕੁੰਭ ‘ਚ ਕਰਨਗੇ ਨੁਮਾਇੰਦਗੀ-
ਤਾਮਿਲਨਾਡੂ- 13 ਖਿਡਾਰੀ
ਕਰਨਾਟਕ- 7 ਖਿਡਾਰੀ
ਉੱਤਰ ਪ੍ਰਦੇਸ਼- 7 ਖਿਡਾਰੀ
ਕੇਰਲ- 6 ਖਿਡਾਰੀ
ਮਹਾਰਾਸ਼ਟਰ- 5 ਖਿਡਾਰੀ
ਉੱਤਰਾਖੰਡ- 4 ਖਿਡਾਰੀ
ਦਿੱਲੀ- 4 ਖਿਡਾਰੀ
ਆਂਧਰਾ ਪ੍ਰਦੇਸ਼- 4 ਖਿਡਾਰੀ
ਤੇਲੰਗਾਨਾ- 4 ਖਿਡਾਰੀ
ਪੱਛਮੀ ਬੰਗਾਲ- 3 ਖਿਡਾਰੀ
ਚੰਡੀਗੜ੍ਹ- 2 ਖਿਡਾਰੀ
ਗੁਜਰਾਤ- 2 ਖਿਡਾਰੀ
ਓਡੀਸ਼ਾ- 2 ਖਿਡਾਰੀ
ਰਾਜਸਥਾਨ- 2 ਖਿਡਾਰੀ
ਮਨੀਪੁਰ- 2 ਖਿਡਾਰੀ
ਮੱਧ ਪ੍ਰਦੇਸ਼- 2 ਖਿਡਾਰੀ
ਅਸਾਮ- 1 ਖਿਡਾਰੀ
ਬਿਹਾਰ- 1 ਖਿਡਾਰੀ
ਗੋਆ- 1 ਖਿਡਾਰੀ
ਝਾਰਖੰਡ- 1 ਖਿਡਾਰੀ
ਸਿੱਕਮ – 1 ਖਿਡਾਰੀ

ਉਦਘਾਟਨੀ ਸਮਾਰੋਹ ਤੋਂ ਪਹਿਲਾਂ ਸ਼ੁਰੂ ਹੋਏ ਕੁੱਝ ਈਵੈਂਟਸ-
ਤੁਹਾਨੂੰ ਦੱਸ ਦੇਈਏ ਕਿ 26 ਜੁਲਾਈ ਤੋਂ ਅਧਿਕਾਰਤ ਤੌਰ ‘ਤੇ ਸ਼ੁਰੂ ਹੋਣ ਵਾਲੇ ਇਨ੍ਹਾਂ ਖੇਡਾਂ ਦੇ ਕੁਝ ਈਵੈਂਟਸ ਜਿਵੇਂ ਕਿ ਫੁੱਟਬਾਲ, ਰਗਬੀ ਸੈਵਨ, ਹੈਂਡਬਾਲ ਅਤੇ ਤੀਰਅੰਦਾਜ਼ੀ ਦੇ ਸ਼ੁਰੂਆਤੀ ਦੌਰ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਹੀ ਸ਼ੁਰੂ ਹੋ ਗਏ ਸਨ। ਪੈਰਿਸ, ਜੋ ਪਹਿਲਾਂ ਵੀ ਦੋ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰ ਚੁੱਕਿਆ ਹੈ ਤੇ ਐਤਕੀ 2024 ਵਿੱਚ ਤੀਜੀ ਵਾਰ ਇਸ ਦੀ ਮੇਜ਼ਬਾਨੀ ਕਰ ਰਿਹਾ ਹੈ।

ਓਲੰਪਿਕ ਦਾ ਇਤਿਹਾਸਿਕ ਉਦਘਾਟਨੀ ਸਮਾਰੋਹ-
ਖੇਡਾਂ ਦਾ ਇਤਿਹਾਸਕ ਉਦਘਾਟਨੀ ਸਮਾਰੋਹ ਸ਼ੁੱਕਰਵਾਰ ਰਾਤ ਨੂੰ ਪੈਰਿਸ ਦੀ ਸੀਨ ਨਦੀ ‘ਤੇ ਹੋਇਆ ਸੀ। ਇਸ ਸਮਾਰੋਹ ਵਿੱਚ 94 ਕਿਸ਼ਤੀਆਂ ਵਿੱਚ 206 ਦੇਸ਼ਾਂ ਦੇ 6500 ਤੋਂ ਵੱਧ ਐਥਲੀਟਾਂ ਨੇ ਭਾਗ ਲਿਆ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਮਹਾਨ ਈਵੈਂਟ ‘ਚ ਤਮਗਾ ਜਿੱਤਣ ‘ਤੇ ਹਨ। ਇਸ ਵਾਰ ਦੇਸ਼-ਵਿਦੇਸ਼ ਤੋਂ ਆਏ ਦਿੱਗਜ ਅਤੇ ਨੌਜਵਾਨ ਐਥਲੀਟ ਇਨ੍ਹਾਂ ਖੇਡਾਂ ਦੀ ਰੌਣਕ ਵਧਾਉਣਗੇ।