National
ਕਰੋਨਾ ਦਾ ਬਹਾਨਾ ਲਗਾ ਕੇ ‘ਭਾਰਤ ਜੋੜੋ ਯਾਤਰਾ’ ਰੋਕਣਾ ਚਾਹੁੰਦੀ ਹੈ ਕੇਂਦਰ ਸਰਕਾਰ: ਰਾਹੁਲ ਗਾਂਧੀ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ‘ਭਾਰਤ ਜੋੜੋ ਯਾਤਰਾ’ ਨੂੰ ਰੋਕਣ ਦੇ ਬਹਾਨੇ ਲੱਭ ਰਹੀ ਹੈ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਰਾਹੁਲ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਜੇਕਰ ਕੋਵਿਡ ਦੀ ਰੋਕਥਾਮ ਸਬੰਧੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਸਕਦੀ ਹੈ ਤਾਂ ਉਹ ਇਹ ਯਾਤਰਾ ਮੁਲਤਵੀ ਕਰਨ ਬਾਰੇ ਸੋਚਣ।
ਦੱਸਿਆ ਜਾ ਰਿਹਾ ਹੈ ਕਿ ਲੰਘੀ 7 ਸਤੰਬਰ ਨੂੰ ਸ਼ੁਰੂ ਹੋਈ ਇਹ ਯਾਤਰਾ ਹੁਣ ਤੱਕ ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼, ਕਰਨਾਟਕਾ, ਤਿਲੰਗਾਨਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚੋ ਲੰਘ ਚੁੱਕੀ ਹੈ।
ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਪੈਂਦੇ ਘਸੇਰਾ ਪਿੰਡ ਵਿੱਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ‘‘ਇਹ ਯਾਤਰਾ ਕਸ਼ਮੀਰ ਜਾ ਕੇ ਖ਼ਤਮ ਹੋਣੀ ਹੈ। ਹੁਣ ਉਹ ਇਕ ਨਵੀਂ ਤਰਕੀਬ ਲੈ ਕੇ ਆਏ ਹਨ। ਉਨ੍ਹਾਂ ਨੇ ਮੈਨੂੰ ਇਕ ਪੱਤਰ ਲਿਖਿਆ ਹੈ ਕਿ ਕੋਵਿਡ ਫੈਲ ਰਿਹਾ ਹੈ ਇਸ ਵਾਸਤੇ ਯਾਤਰਾ ਰੋਕੀ ਜਾਵੇ।
ਰਾਜਸਥਾਨ ’ਚੋਂ ਲੰਘਣ ਮਗਰੋਂ ਬੁੱਧਵਾਰ ਨੂੰ ਇਹ ਯਾਤਰਾ ਹਰਿਆਣਾ ਵਿਚ ਦਾਖਲ ਹੋਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ‘‘ਉਹ ਯਾਤਰਾ ਰੋਕਣ ਲਈ ਨਵੇਂ-ਨਵੇਂ ਬਹਾਨੇ ਲੈ ਕੇ ਆ ਰਹੇ ਹਨ। ਮਾਸਕ ਪਹਿਨੋ, ਯਾਤਰਾ ਰੋਕ ਦਿਓ, ਕੋਵਿਡ ਫੈਲ ਰਿਹਾ ਹੈ, ਇਹ ਸਭ ਬਹਾਨੇ ਹਨ।’’ ਕੇਂਦਰ ਤੇ ਸੂਬੇ ਵਿੱਚ ਸੱਤਾ ’ਤੇ ਕਾਬਜ਼ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਭਾਜਪਾ ਸਚਾਈ ਤੋਂ ਡਰਦੀ ਹੈ।