Corona Virus
ਸ਼ਹਿਰ ਵਿੱਚ 55,600 ਐਲ.ਪੀ.ਜੀ. ਗੈਸ ਸਿਲੰਡਰਾਂ ਦੀ ਸਪਲਾਈ ਨੂੰ ਬਣਾਇਆ ਯਕੀਨੀ
ਐਸ ਏ ਐਸ ਨਗਰ, 28 ਮਾਰਚ:( ਬਲਜੀਤ ਮਰਵਾਹਾ ) : ਮੋਹਾਲੀ ਸ਼ਹਿਰ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੌਰਾਨ 31 ਗੈਸ ਏਜੰਸੀਆਂ ਰਾਹੀਂ 55,600 ਐਲ.ਪੀ.ਜੀ. ਗੈਸ ਸਿਲੰਡਰ ਸਪਲਾਈ ਕੀਤੇ ਗਏ ਹਨ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ। ਦਹਿਸ਼ਤ ਭਰੇ ਮਾਹੌਲ ਦੇ ਤਹਿਤ ਗੈਸ ਸਿਲੰਡਰਾਂ ਦੀ ਭਾਰੀ ਮੰਗ ਦੇ ਚਲਦਿਆਂ ਡੀ.ਸੀ. ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਵਿੱਚ ਲੋੜੀਂਦਾ ਸਟਾਕ ਉਪਲਬਧ ਹੋਣ ਕਰਕੇ ਐਲ.ਪੀ.ਜੀ. ਦੀ ਕੋਈ ਘਾਟ ਨਹੀਂ ਹੈ। ਉਹਨਾਂ ਜਨਤਾ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਗੈਸ ਏਜੰਸੀਆਂ ਨੂੰ ਐਲ.ਪੀ.ਜੀ. ਕੁਨੈਕਸ਼ਨ ਧਾਰਕ / ਖਪਤਕਾਰਾਂ ਤੋਂ ਦੋ ਹਫ਼ਤਿਆਂ ਤੋਂ ਪਹਿਲਾਂ ਕਿਸੇ ਗੈਸ ਸਿਲੰਡਰ ਨੂੰ ਮੁੜ ਭਰਨ ਲਈ ਦੂਜੀ ਬੁਕਿੰਗ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਜਮ੍ਹਾਖੋਰੀ ਨੂੰ ਰੋਕਣ ਲਈ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਡੀਆਂ ਆਟਾ ਮਿੱਲਾਂ / ਆਟਾ ਚੱਕੀ ਨੂੰ 774 ਮੀਟ੍ਰਿਕ ਟਨ ਕਣਕ ਦੀ ਸਪਲਾਈ ਕਰਨ ਦਾ ਜਾਰੀ ਆਰਡਰ ਐਫ.ਸੀ.ਆਈ. ਨੂੰ ਦਿੱਤਾ ਗਿਆ ਹੈ। ਐਫ.ਸੀ.ਆਈ. ਤੋਂ ਇਹੀ ਆਰਡਰ ਪ੍ਰਾਪਤ ਕਰਨ ਤੋਂ ਬਾਅਦ, ਆਟਾ ਚੱਕੀਆਂ ਸਟਾਕ ਭਰਨ ਲਈ ਕਰਿਆਨਾ ਸਟੋਰਾਂ ਨੂੰ ਸਪਲਾਈ ਕਰਨਗੀਆਂ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ੂਗਰਫੈਡ ਨਾਲ ਖੰਡ ਦਾ ਲੋੜੀਂਦਾ ਭੰਡਾਰ ਯਕੀਨੀ ਬਣਾਉਣ ਲਈ ਤਾਲਮੇਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਮੰਗ ਨੂੰ ਪੂਰਾ ਕਰਨ ਲਈ ਜ਼ਿਲ੍ਹੇ ਵਿੱਚ ਚਾਵਲ ਦਾ ਲੋੜੀਂਦਾ ਸਟਾਕ ਉਪਲਬਧ ਹੈ।