Connect with us

India

ਕਾਂਗਰਸ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਨੂੰ ਕਰ ਰਹੀ ਹੈ ਗੁੰਮਰਾਹ – ਅਕਾਲੀ ਦਲ

Published

on

ਚੰਡੀਗੜ, 27 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਸੰਘਵਾਦ ਦੇ ਮਾਮਲੇ ‘ਤੇ ਅਕਾਲੀ ਦਲ ‘ਤੇ ਉਂਗਲ ਚੁੱਕਣ ਤੋਂ ਪਹਿਲਾਂ ਉਹ ਪੰਜਾਬੀਆਂ ਨੂੰ ਦੱਸਣ ਕਿ ਕੀ ਉਹਨਾਂ ਨੇ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਇਹ ਕਿਹਾ ਸੀ ਕਿ ਉਹ ਪਾਰਟੀ ਦੀ ਨੀਤੀ ਬਦਲਣ ਅਤੇ ਸੰਘਵਾਦ ਦੇ ਹੱਕ ਵਿਚ ਹੋ ਜਾਣ।
ਮੁੱਖ ਮੰਤਰੀ ਨੂੰ ਸੰਘਵਾਦ ਦੇ ਮਾਮਲੇ ‘ਤੇ ਮਗਰਮੱਛ ਦੇ ਹੰਝੂ ਨਾ ਵਹਾਉਣ ਦੀ ਸਲਾਹ ਦਿੰਦਿਆਂ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਜਿਹਨਾਂ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਤੇ ਐਮਰਜੰਸੀ ਦੌਰਾਨ ਲੋਕਾਂ ਦੀ ਆਵਾਜ਼ ਦਬਾਈ ਅਤੇ ਆਨੰਦਪੁਰ ਸਾਹਿਬ ਮਤਾ ਲਿਆਉਣ ‘ਤੇ ਸਿੱਖਾਂ ਨੂੰ ਅਤਿਵਾਦੀ ਕਿਹਾ, ਉਹ ਅੱਜ ਇਸ ਮਾਮਲੇ ‘ਤੇ ਅਕਾਲੀ ਦਲ ਨੂੰ ਘੇਰਨ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸੰਘਵਾਦ ਦੇ ਮੂਲ ਸਿਧਾਂਤਾਂ ਪ੍ਰਤੀ ਵਚਨਬੱਧ ਰਿਹਾ ਹੈ ਤੇ ਅਸੀਂ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਦੀ ਰਾਖੀ ਕਰਦੇ ਰਹਾਂਗੇ ਅਤੇ ਇਸ ਵਿਸ਼ੇ ‘ਤੇ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕਿਸੇ ਉਪਦੇਸ਼ ਦੀ ਜ਼ਰੂਰਤ ਨਹੀਂ ਹੈ।
ਖੇਤੀਬਾੜੀ ਬਾਰੇ ਕੇਂਦਰੀ ਆਰਡੀਨੈਂਸਾਂ ਦੀ ਗੱਲ ਕਰਦਿਆਂ ਬਲਵਿੰਦਰ ਸਿੰਘ ਭੂੰਦੜ ਤੇ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਜਾਣਦੀ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਖਤਮ ਨਹੀਂ ਕੀਤਾ ਜਾ ਰਿਹਾ ਪਰ ਉਹ ਜਾਣ ਬੁਝ ਕੇ ਮਾਮਲੇ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ ਤਾਂ ਜੋ ਸ਼ਰਾਬ, ਬੀਜ ਤੇ ਰਾਸ਼ਨ ਘੁਟਾਲੇ ਅਤੇ ਲੋਕਾਂ ਨਾਲ ਕੀਤੇ ਢੇਰਾਂ ਵਾਅਦੇ ਪੂਰੇ ਨਾ ਹੋਣ ਤੋਂ ਲੋਕਾਂ ਦਾ ਧਿਆਨ ਪਾਸੇ ਕੀਤਾ ਜਾ ਸਕੇ । ਉਹਨਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਅਤੇ ਕੇਂਦਰ ਸਰਕਾਰ ਸਰਕਾਰ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਨ ਜਾਰੀ ਰਹੇਗਾ ਪਰ ਕਾਂਗਰਸ ਪਾਰਟੀ ਇਸ ਮਾਮਲੇ ‘ਤੇ ਝੂਠਾ ਪ੍ਰਚਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਥੇ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਹੈ, ਅਸੀਂ ਸਪਸ਼ਟ ਹਾਂ ਕਿ ਕਣਕ ਅਤੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਨ ਬਾਰੇ ਭਵਿੱਖ ਵਿਚ ਵੀ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀ ਭਲਾਈ ਬਾਰੇ ਗੱਲ ਕਰਨ ਤੋਂ ਪਹਿਲਾਂ ਆਪ ਕਈ ਸਵਾਲਾਂ ਦੇ ਜਵਾਬ ਦੇਣ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਾਲ ਹੀ ਵਿਚ ਹੋਈ ਕੈਬਨਿਟ ਮੀਟਿੰਗ ਵਿਚ ਕਿਸਾਨਾਂ ਦੀ ਮੁਫਤ ਬਿਜਲੀ ਦੀ ਸਹੂਲਤ ਖਤਮ ਕਰਨ ਦਾ ਫੈਸਲਾ ਕੀਤਾ ਸੀ ਪਰ ਜਦੋਂ ਅਕਾਲੀ ਦਲ ਨੇ ਇਸ ਮਾਮਲੇ ‘ਤੇ ਲੋਕ ਲਹਿਰ ਕਰਨ ਦੀ ਧਮਕੀ ਦਿੱਤੀ ਤਾਂ ਫਿਰ ਸਰਕਾਰ ਫੈਸਲੇ ਤੋਂ ਭੱਜ ਗਈ। ਉਹਨਾਂ ਕਿਹਾ ਕਿ ਇਹੀ ਨਹੀਂ ਬਲਕਿ ਸੂਬੇ ਦੇ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਜੋ ਕਿ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਹਨ, ਨੇ ਵੀ ਕੈਬਨਿਟ ਵਿਚ 10 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਦੀ ਮੁਫਤ ਬਿਜਲੀ ਦੀ ਸਹੂਲਤ ਖਤਮ ਕਰਨ ਬਾਰੇ ਪੇਸ਼ਕਾਰੀ ਦਿੱਤੀ ਸੀ। ਇਸ ਤੋਂ ਪਹਿਲਾਂ ਸਰਕਾਰ ਨੇ ਸੂਬੇ ਦੇ 32 ਬਲਾਕਾਂ ਵਿਚ ਕਿਸਾਨਾਂ ਦੇ ਟਿਊਬਵੈਲਾਂ ਵੱਲੋਂ ਬਿਜਲੀ ਦੀ ਖਪਤ ਦਾ ਪਤਾ ਲਾਉਣ ਲਈ ਮੀਟਰ ਲਗਾਏ ਸਨ।
ਸ੍ਰੀ ਭੂੰਦੜ ਤੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਕਿਸੇ ਵੀ ਕੀਮਤ ‘ਤੇ ਕਿਸਾਨ ਵਿਰੋਧੀ ਫੈਸਲੇ ਨਹੀਂ ਲੈਣ ਦੇਵੇਗਾ। ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਕਿਸਾਨਾਂ ਵੱਲੋਂ ਝੋਨੇ ਦੀ ਲੁਆਈ ਵਾਸਤੇ ਮਹਿੰਗੀ ਲੇਬਰ ‘ਤੇ ਕੀਤੇ ਖਰਚ ਬਦਲੇ ਵਿੱਤੀ ਪੈਕੇਜ ਦੇਣ ਦੀ ਚਿੰਤਾ ਕਰਨ ਅਤੇ ਨਾਲ ਹੀ ਦੁਆਬਾ ਖੇਤਰ ਵਿਚ ਕਿਸਾਨਾਂ ਨੂੰ ਮੰਦੇ ਭਾਅ ਮੱਕੀ ਦੀ ਵਿਕਰੀ ਕਰਨ ਤੋਂ ਰੋਕਣ ਵਾਸਤੇ ਮਾਰਕਫੈਡ ਨੂੰ ਇਸਦੀ ਖਰੀਦ ਕਰਨ ਦੀ ਹਦਾਇਤ ਦੇਣ। ਉਹਨਾਂ ਕਿਹਾ ਕਿ ਕਿਸਾਨ ਇਹਨਾਂ ਮਾਮਲਿਆਂ ‘ਤੇ ਸਰਕਾਰ ਤੋਂ ਠੋਸ ਕਾਰਵਾਈ ਚਾਹੁੰਦੇ ਹਨ ਅਤੇ ਸਰਕਾਰ ਆਪਣੀਆਂ ਗਲਤੀਆਂ ਤੋਂ ਧਿਆਨ ਪਾਸੇ ਕਰਨ ਵਾਸਤੇ ਝੂਠਾ ਪ੍ਰਚਾਰ ਕਰ ਕੇ ਕਿਸਾਨਾਂ ਨੂੰ ਡਰਾਉਣ ਦੇ ਯਤਨ ਨਾ ਕਰੇ।

Continue Reading
Click to comment

Leave a Reply

Your email address will not be published. Required fields are marked *