Punjab
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 1 ਤੇ 2 ਜੂਨ ਨੂੰ ਲਗਾਇਆ ਜਾਵੇਗਾ ਕੋਵਿਡ ਟੀਕਾਕਰਨ ਕੈਂਪ

ਪਟਿਆਲਾ: ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 1 ਅਤੇ 2 ਜੂਨ (ਬੁੱਧਵਾਰ ਅਤੇ ਵੀਰਵਾਰ) ਨੂੰ ਦੋ ਦਿਨਾਂ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕੈਂਪ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮਿੰਨੀ ਸਕੱਤਰੇਤ ਬਲਾਕ-ਡੀ ਵਿਖੇ ਲਗਾਇਆ ਜਾ ਰਿਹਾ ਹੈ। ਕੈਂਪ ਵਿੱਚ ਪਹਿਲੀ, ਦੂਜੀ ਅਤੇ ਬੁਸਟਰ ਡੋਜ਼ ਦੇ ਟੀਕੇ ਲਗਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ 15 ਸਾਲਾਂ ਤੋਂ ਵੱਧ ਉਮਰ ਦੇ ਵਿਅਕਤੀ ਇਸ ਕੈਂਪ ‘ਚ ਟੀਕਾਕਰਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਡੋਜ਼ ਲੱਗਣ ਉਪਰੰਤ 84 ਦਿਨਾਂ ਬਾਅਦ ਦੂਜੀ ਡੋਜ਼ ਲਗਵਾਈ ਜਾ ਸਕਦੀ ਹੈ ਅਤੇ ਦੂਜੀ ਡੋਜ਼ ਲੱਗਣ ਉਪਰੰਤ 9 ਮਹੀਨੇ ਬਾਅਦ ਬੁਸਟਰ ਡੋਜ਼ ਲਗਵਾਈ ਜਾ ਸਕਦੀ ਹੈ। ਇਸ ਕੈਂਪ ਵਿੱਚ ਕੋਵੀਸ਼ੀਲਡ ਅਤੇ ਕੋਵੈਕਸਿਨ ਦੋਵੇਂ ਤਰ੍ਹਾਂ ਦੀਆਂ ਵੈਕਸੀਨੇਸ਼ਨ ਲਗਾਈਆ ਜਾਣਗੀਆਂ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਟੀਕਾਕਰਨ ਕੈਂਪ ਵਿੱਚ ਭਾਗ ਲੈਣ ਲਈ ਸਮੇਂ ਅਧਾਰ ਕਾਰਡ, ਪੈਨ ਕਾਰਡ, ਆਈ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਕਾਰਡ, ਰਾਸ਼ਨ ਕਾਰਡ, ਪਾਸਪੋਰਟ ਦੀ ਅਸਲ ਜਾਂ ਫ਼ੋਟੋ ਕਾਪੀ ਵਿੱਚੋਂ ਕੋਈ ਇੱਕ ਦਸਤਾਵੇਜ਼ ਨਾਲ ਲੈ ਕੇ ਆਉਣਾ ਲਾਜ਼ਮੀ ਹੈ।
ਉਨ੍ਹਾਂ ਦੱਸਿਆ ਕਿ 1 ਤੇ 2 ਜੂਨ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਡੀ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਸਵੇਰੇ 9:30 ਵਜੇ ਤੋਂ ਦੁਪਹਿਰ 2 ਵਜੇ ਤੱਕ ਟੀਕਾਕਰਨ ਕੈਂਪ ਲਗਾਇਆ ਜਾਵੇਗਾ।