Connect with us

Punjab

ਖੇਤੀਬਾੜੀ ਵਿਭਾਗ ਨੇ ਤੇਲ ਬੀਜ ਫ਼ਸਲਾਂ ਹੇਠ ਰਕਬਾ ਵਧਾਉਣ ਲਈ ਬਲਾਕ ਪੱਧਰੀ ਕਿਸਾਨ ਗੋਸ਼ਟੀ ਕਰਵਾਈ

Published

on

ਪਟਿਆਲਾ: ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਦੀ ਅਗਵਾਈ ਹੇਠ ਅੱਜ ਬਲਾਕ ਪਟਿਆਲਾ ਦੇ ਪਿੰਡ ਫ਼ਤਿਹਪੁਰ ਵਿਖੇ ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ ਅਭਿਆਨ ਤਹਿਤ (ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ) ਸੂਰਜਮੁਖੀ ਦੀ ਕਾਸ਼ਤ ਸਬੰਧੀ ਕਿਸਾਨ ਗੋਸ਼ਟੀ ਕਰਵਾਈ ਗਈ।

ਗੋਸ਼ਟੀ ‘ਚ ਡਾਇਰੈਕਟੋਰੇਟ ਆਫ਼ ਵੀਟ ਡਿਵੈਲਪਮੈਂਟ ਭਾਰਤ ਸਰਕਾਰ ਦੇ ਨੁਮਾਇੰਦੇ ਡਾ. ਅਸ਼ੀਸ਼ ਕੁਮਾਰ ਪਾਲ ਨੇ ਨਮੂਪ ਸਕੀਮ ਅਧੀਨ ਤੇਲ ਬੀਜ ਫ਼ਸਲਾਂ ਅਧੀਨ ਰਕਬਾ ਵਧਾਉਣ ਸਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ. ਅਵਨਿੰਦਰ ਸਿੰਘ ਮਾਨ ਨੇ ਕਿਸਾਨਾਂ ਨੂੰ ਸੂਰਜਮੁਖੀ, ਸਰ੍ਹੋਂ ਅਤੇ ਹੋਰ ਤੇਲ ਬੀਜ ਫ਼ਸਲਾਂ ਰਕਬਾ ਵਧਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ।

ਖੇਤੀਬਾੜੀ ਵਿਭਾਗ ਦੇ ਏ.ਡੀ.ਓ. ਡਾ. ਗੁਰਮੇਲ ਸਿੰਘ ਨੇ ਸੂਰਜਮੁਖੀ ਦੀ ਕਾਸ਼ਤ ਸਬੰਧੀ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਿਵੇਂ ਕੀਤੀ ਜਾਵੇ ਸਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ। ਡਾ. ਜੁਪਿੰਦਰ ਸਿੰਘ ਗਿੱਲ ਨੇ ਸੂਰਜਮੁਖੀ ਦੀ ਫ਼ਸਲ ਉਪਰ ਕੀੜੇਮਾਰ ਦਵਾਈਆਂ ਦੀ ਵਰਤੋਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਡਾ. ਪਰਮਜੀਤ ਕੌਰ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੀ ਮਹੱਤਤਾ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਡਾ. ਰਵਿੰਦਰਪਾਲ ਸਿੰਘ ਚੱਠਾ ਏ.ਈ.ਓ. ਦੌਣ ਕਲਾਂ ਨੇ ਵਿਭਾਗ ਵਿਚ ਚੱਲ ਰਹੀਆਂ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਡਾ. ਜਸਪਿੰਦਰ ਕੌਰ ਨੇ ਭਾਰਤ ਸਰਕਾਰ ਦੇ ਆਏ ਨੁਮਾਇੰਦੇ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਖਾਦਾਂ ਦੀ ਵਰਤੋਂ ਘੱਟ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ/ਕਰਮਚਾਰੀ ਅਤੇ ਲਗਭਗ 100 ਕਿਸਾਨ ਹਾਜ਼ਰ ਸੀ।