Punjab
ਖੇਤੀਬਾੜੀ ਵਿਭਾਗ ਨੇ ਨੋਡਲ ਅਫ਼ਸਰਾਂ ਨੂੰ ਤਰ ਵੱਤਰ ਸਿੱਧੀ ਬਿਜਾਈ ਦੀ ਟਰੇਨਿੰਗ ਦਿੱਤੀ
ਪਟਿਆਲਾ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ 116 ਨੋਡਲ ਅਫ਼ਸਰਾਂ ਨੂੰ ਵੱਖ-ਵੱਖ ਸਥਾਨਾਂ ‘ਤੇ ਜਾ ਕੇ ਤਰ ਵੱਤਰ ਸਿੱਧੀ ਬਜਾਈ ਕਰਨ ਦੀ ਟਰੇਨਿੰਗ ਪ੍ਰਦਾਨ ਕੀਤੀ। ਟਰੇਨਿੰਗ ਰਾਹੀਂ ਨੋਡਲ ਅਫ਼ਸਰਾਂ ਨੂੰ ਮਾਹਰਾਂ ਵੱਲੋਂ ਜਾਣੂ ਕਰਵਾਇਆ ਗਿਆ ਕਿ 20 ਮਈ ਤੋਂ ਜ਼ਿਲੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਆਗਾਜ਼ ਕੀਤਾ ਜਾ ਰਿਹਾ ਹੈ ਇਸ ਵਿਧੀ ਅਨੁਸਾਰ ਪ੍ਰਤੀ ਏਕੜ 8 ਕਿੱਲੋਂ ਝੋਨੇ ਦਾ ਬੀਜ ਲੱਕੀ ਡਰਿੱਲ ਰਾਹੀਂ ਬੀਜਿਆ ਜਾਂਦਾ ਹੈ। ਇਸ ਬੀਜ ਨੂੰ 8-10 ਘੰਟੇ ਪਾਣੀ ਵਿੱਚ ਡੋਬ ਕੇ ਰੱਖਿਆ ਜਾਂਦਾ ਹੈ ਅਤੇ ਬਾਅਦ ਵਿੱਚ ਸਪਰਿਟ ਨਾਮੀਂ ਨੀਲੀ ਦਵਾਈ ਨਾਲ ਸੋਧਣ ਉਪਰੰਤ ਤਰ ਵੱਤਰ ਖੇਤ ਵਿੱਚ ਸਿੱਧਾ ਡਰਿੱਲ ਕੀਤਾ ਜਾਂਦਾ ਹੈ।
ਮਾਹਰਾਂ ਨੇ ਦੱਸਿਆ ਕਿ ਬਿਜਾਈ ਵਾਲੇ ਖੇਤ ਵਿੱਚ ਸ਼ਾਮ ਵੇਲੇ 1 ਲੀਟਰ ਸਟੋਪ ਐਕਸਟਰਾ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਹੈ। ਫਿਰ ਅਗਲੇ 21 ਦਿਨ ਖੇਤ ਨੂੰ ਇਸੇ ਤਰਾਂ ਬਿਨਾਂ ਪਾਣੀ ਦੀ ਵਰਤੋਂ ਕੀਤੇ ਛੱਡ ਦਿੱਤਾ ਜਾਂਦਾ ਹੈ 21 ਦਿਨਾਂ ਬਾਅਦ ਪਹਿਲਾ ਹਲਕਾ ਪਾਣੀ ਖੇਤ ਨੂੰ ਲਗਾਇਆ ਜਾਂਦਾ ਹੈ ਅਤੇ ਇਸ ਉਪਰੰਤ ਹਰ 5 ਤੋਂ 7 ਦਿਨਾਂ ਬਾਅਦ ਹਲਕਾ ਪਾਣੀ ਲਗਾਉਣ ਦੀ ਲੋੜ ਹੁੰਦੀ ਹੈ। ਫ਼ਸਲ ਦੇ ਪੱਕਣ ਤੋਂ 10 ਦਿਨ ਪਹਿਲਾਂ ਪਾਣੀ ਲਗਾਉਣਾ ਬੰਦ ਕਰ ਦਿੱਤਾ ਜਾਂਦਾ ਹੈ। ਖਾਦਾਂ, ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੀ ਰੋਕਥਾਮ ਰਵਾਇਤੀ ਝੋਨੇ ਵਾਂਗ ਹੀ ਕੀਤੀ ਜਾਂਦੀ ਹੈ। ਟਰੇਨਿੰਗ ਏ.ਡੀ.ਓ ਨਾਭਾ ਰਸ਼ਪਿੰਦਰ ਸਿੰਘ ਅਤੇ ਏ.ਡੀ.ਓ ਪਟਿਆਲਾ ਮੈਡਮ ਗੁਰਵੀਨ ਗਰਚਾ ਵੱਲੋਂ ਦਿੱਤੀ ਗਈ। ਇਸ ਟਰੇਨਿੰਗ ਦੀ ਪ੍ਰਧਾਨਗੀ ਮੁੱਖ ਖੇਤੀਬਾੜੀ ਅਫ਼ਸਰ ਜਸਵੰਤ ਰਾਏ ਨੇ ਕੀਤੀ।