punjab
ਬੱਡੀ ਪ੍ਰੋਗਰਾਮ ਨੂੰ ਘਰ ਘਰ ਤੱਕ ਪਹੁੰਚਣ ਲਈ ਤਕਨੀਕੀ ਸਿੱਖਿਆ ਵਿਭਾਗ ਹੋਇਆ ਸਰਗਰਮ
ਪੰਜਾਬ ਸਰਕਾਰ ਦੇ ਨਸ਼ਿਆਂ ਵਿਰੁੱਧ ਚਲਾਏ ਜਾ ਰਹੇ ਫਲੈਗਸ਼ਿਪ ਪ੍ਰੋਗਰਾਮ ’ਚ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਸ੍ਰੀ ਕੁਮਾਰ ਸੌਰਭ ਦੇ ਨਿਰਦੇਸ਼ਾਂ ਤਹਿਤ ਵੱਡੇ ਪੱਧਰ ਉੱਪਰ ਸਰਗਰਮੀਆਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਜੋ ਇਸ ਮੁਹਿੰਮ ਤਹਿਤ ਹਰ ਘਰ ਦਸਤਕ ਦੇ ਕੇ ਜਾਗਰੂਕਤਾ ਫੈਲਾਈ ਜਾ ਸਕੇ। ਇਸ ਤਹਿਤ ਜ਼ਿਲ੍ਹਾ ਪਟਿਆਲਾ ਦੀਆਂ ਤਕਨੀਕੀ ਸੰਸਥਾਵਾਂ ਦੇ ਨੋਡਲ ਅਫ਼ਸਰ ਪ੍ਰਿੰਸੀਪਲ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਰਵਿੰਦਰ ਸਿੰਘ ਹੁੰਦਲ ਵੱਲੋਂ ਜ਼ਿਲ੍ਹੇ ਦੀਆਂ ਸਮੂਹ 42 ਤਕਨੀਕੀ ਸੰਸਥਾਵਾਂ ਦੇ ਮੁਖੀਆਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ ਅਤੇ ਜ਼ਿਲ੍ਹੇ ਦੇ ਲਗਭਗ 25 ਹਜ਼ਾਰ ਬੱਡੀਜ ਅਤੇ 518 ਸੀਨੀਅਰ ਬੱਡੀਜ ਦੀ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਅਤੇ ਨਵੇਂ ਉਪਰਾਲੇ ਸਾਂਝੇ ਕੀਤੇ ਗਏ ਤਾਂ ਜੋ ਇਸ ਪ੍ਰੋਗਰਾਮ ਦੀ ਸਫਲਤਾ ਲਈ ਘਰ ਘਰ ਪਹੁੰਚ ਕੀਤੀ ਜਾ ਸਕੇ। ਤਕਨੀਕੀ ਸਿੱਖਿਆ ਵਿਭਾਗ ਦੇ ਸਹਾਇਕ ਕੋਆਰਡੀਨੇਟਰ ਬੱਡੀ ਪ੍ਰੋਗਰਾਮ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਤਹਿਤ ਨੌਜਵਾਨ ਜੋ ਕਿ ਕਿਸੇ ਵੀ ਕੌਮ ਦਾ ਧੁਰਾ ਹੁੰਦੇ ਹਨ, ਉਨ੍ਹਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰ ਉਨ੍ਹਾਂ ਦੇ ਭਵਿੱਖ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਖੇਡਾਂ, ਵਿੱਦਿਅਕ ਅਤੇ ਆਪਣੇ ਸਭਿਆਚਾਰ ਨਾਲ ਲਾਮਬੰਦ ਕਰ ਨਸ਼ਾ ਰਹਿਤ ਨਰੋਏ ਪੰਜਾਬ ਦੀ ਸਿਰਜਣਾ ਲਈ ਯਤਨ ਕਰਨ ਲਈ ਪ੍ਰੇਰਣਾ ਹੈ।
ਇਸ ਮੰਤਵ ਦੀ ਪੂਰਤੀ ਲਈ ਕਾਲਜ ਬੱਡੀ ਪ੍ਰੋਜੈਕਟ ਦੇ ਨੋਡਲ ਅਫਸਰ ਨਰਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਅਤੇ ਸਮੁੱਚੇ ਸਟਾਫ਼ (423) ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਫਾਰਮੇਸੀ ਵਿਭਾਗ ਦੀ ਲੈਕਚਰਾਰ ਅਮਨਦੀਪ ਅਤੇ ਅਰਚਨਾ ਬੈਂਸ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਅਤੇ ਇਨ੍ਹਾਂ ਤੋਂ ਬਚਨ ਤਹਿਤ ਜਾਣੂ ਕਰਵਾਇਆ ਗਿਆ। ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਸਰਕਾਰੀ ਆਈ ਟੀ ਆਈ ਦੇ ਪ੍ਰਿੰਸੀਪਲ ਡਾ ਵਰਿੰਦਰ ਬਾਂਸਲ. ਪ੍ਰੋ ਨਰਿੰਦਰ ਸਿੰਘ ਢੀਂਡਸਾ ਅਤੇ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੂੰ ਜ਼ਿਲ੍ਹਾ ਪੱਧਰ ਉੱਪਰ ਗਤੀਵਿਧੀਆਂ ਉਲੀਕਣ ਅਤੇ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ।