Punjab
ਡਿਪਟੀ ਕਮਿਸ਼ਨਰ ਨੇ ਕੀਤਾ ਖੂਨਦਾਨੀਆਂ ਦਾ ਸਨਮਾਨ

ਪਟਿਆਲਾ: ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਖ਼ੂਨਦਾਨ ਤੋਂ ਉੱਤਮ ਕੋਈ ਦਾਨ ਨਹੀਂ, ਜਿਸ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮਾਜ ਸੇਵੀ ਸੰਸਥਾ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਵਲੰਟੀਅਰਜ਼ ਵੱਲੋਂ ਖ਼ੂਨਦਾਨ ਦੇ ਖੇਤਰ ‘ਚ ਕੀਤੇ ਕੰਮ ਲਈ ਵਲੰਟੀਅਰਜ਼ ਨੂੰ ਸਨਮਾਨਤ ਕਰਦਿਆ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖ਼ੂਨ ਦੀ ਇੱਕ-ਇੱਕ ਬੂੰਦ ਕੀਮਤੀ ਹੈ, ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨ ਦਾਨ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਸਗੋਂ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਸਵੈ-ਇੱਛਾ ਨਾਲ ਖ਼ੂਨ ਦਾਨ ਕਰਨ ਲਈ ਅੱਗੇ ਆਉਣ ਲਈ ਕਿਹਾ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਸੰਸਥਾ ਦੇ ਸੰਯੁਕਤ ਸਕੱਤਰ ਜਸਪ੍ਰੀਤ ਸਿੰਘ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 1995 ਤੋਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਤੇ ਇਸ ਦੇ ਨਾਲ ਲਗਦੇ ਖੇਤਰਾਂ ‘ਚ 28 ਪ੍ਰੋਜੈਕਟਾਂ ਰਾਹੀਂ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ ਤੇ ਇਸ ਸੰਸਥਾ ਦੇ 2800 ਵਲੰਟੀਅਰਜ਼ ਕਿਸੇ ਵੀ ਐਮਰਜੈਂਸੀ ਸਮੇਂ ਖ਼ੂਨਦਾਨ ਕਰਨ ਲਈ ਤਿਆਰ ਰਹਿੰਦੇ ਹਨ।
ਸਨਮਾਨ ਸਮਾਰੋਹ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ, ਸੰਸਥਾ ਦੇ ਪ੍ਰਧਾਨ ਰਾਕੇਸ਼ ਵਰਮੀ, ਸਕੱਤਰ ਹਰਪ੍ਰੀਤ ਸੰਧੂ, ਸੰਯੁਕਤ ਸਕੱਤਰ ਜਸਪ੍ਰੀਤ ਸਿੰਘ, ਰਮਜ਼ਾਨ ਮੁਹੰਮਦ, ਮਨਜੀਤ ਕੌਰ, ਹਰਜੀਤ ਕੌਰ, ਕੈਪਟਨ ਤਾਜ ਮੁਹੰਮਦ, ਅਮਰਜੀਤ ਸਿੰਘ, ਚਰਨਜੀਤ ਸਿੰਘ ਸਮੇਤ ਹੋਰ ਵਲੰਟੀਅਰਜ਼ ਮੌਜੂਦ ਸਨ।