Connect with us

Punjab

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਮੂੰਗੀ ਦੇ ਖਰੀਦ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

Published

on

ਪਟਿਆਲਾ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ‘ਚ ਹੋਣ ਵਾਲੀ ਮੂੰਗੀ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ‘ਚ ਮੂੰਗੀ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਏ.ਡੀ.ਸੀ.(ਜਰਨਲ) ਗੁਰਪ੍ਰੀਤ ਸਿੰਘ ਥਿੰਦ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸਰਬੇਸ਼ਵਰ ਸਿੰਘ ਮੋਹੀ, ਜ਼ਿਲ੍ਹਾ ਪ੍ਰਬੰਧਕ ਮਾਰਕਫੈੱਡ ਸੰਤਸ਼ਰਨ ਸਿੰਘ ਸੇਖੋ, ਜ਼ਿਲ੍ਹਾ ਮੰਡੀ ਅਫ਼ਸਰ ਅਜੈਪਾਲ ਸਿੰਘ ਅਤੇ ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ ਵੀ ਮੌਜੂਦ ਰਹੇ।

ਜ਼ਿਲ੍ਹਾ ਪ੍ਰਬੰਧਕ ਮਾਰਕਫੈੱਡ ਸੰਤਸ਼ਰਨ ਸਿੰਘ ਸੇਖੋ ਨੇ ਮੀਟਿੰਗ ਦੌਰਾਨ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਮੂੰਗੀ ਦੀ ਬਿਜਾਈ ਦੇ ਅੰਕੜਿਆਂ ਨੂੰ ਮੁੱਖ ਰੱਖਦੇ ਹੋਏ ਨਾਭਾ ਅਤੇ ਰਾਜਪੁਰਾ ਮੰਡੀਆਂ ਨੂੰ ਮੂੰਗੀ ਦੀ ਖਰੀਦ ਲਈ ਪੰਜਾਬ ਮੰਡੀ ਬੋਰਡ ਵੱਲੋਂ ਖਰੀਦ ਕੇਂਦਰ ਐਲਾਨਿਆ ਗਿਆ ਹੈ, ਜਿਸ ਵਿੱਚ ਮੂੰਗੀ ਦੀ ਖਰੀਦ ਮਾਰਕਫੈੱਡ ਵੱਲੋਂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੂੰਗੀ ਦੀ ਖਰੀਦ ਸਬੰਧੀ ਮਾਰਕਫੈੱਡ ਕੋਲ ਰਾਜਪੁਰਾ ਅਤੇ ਨਾਭਾ ਵਿਖੇ ਜਿਨਸ ਦੀ ਭਰਾਈ ਲਈ ਬਾਰਦਾਨਾ ਉਪਲਬਧ ਹੈ। ਇਸ ਸਬੰਧੀ ਮਾਰਕਫੈੱਡ ਵੱਲੋਂ ਸਹਿਕਾਰੀ ਸਭਾਵਾਂ ਨਾਲ ਇਕਰਾਰਨਾਮਾ ਵੀ ਕਰ ਲਿਆ ਗਿਆ ਹੈ। ਜ਼ਿਲ੍ਹਾ ਮੰਡੀ ਅਫ਼ਸਰ ਅਜੈਪਾਲ ਸਿੰਘ  ਨੇ ਦੱਸਿਆ ਕਿ 8 ਜੂਨ ਤੱਕ ਦੋਨਾਂ ਮੰਡੀਆਂ ਵਿੱਚ ਮੂੰਗੀ ਦੀ ਫ਼ਸਲ ਆਉਣ ਦੀ ਸੰਭਾਵਨਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੂੰਗੀ ਦੀ ਐਮ.ਐਸ.ਪੀ. ਸਰਕਾਰ ਵੱਲੋਂ 7275 ਰੁਪਏ ਪ੍ਰਤੀ ਕੁਇੰਟਲ ਘੋਸ਼ਿਤ ਕੀਤੀ ਗਈ ਹੈ ਅਤੇ ਮਾਰਕਫੈੱਡ ਵੱਲੋਂ ਮੂੰਗੀ ਦੀ ਖਰੀਦ ਸਰਕਾਰ ਵੱਲੋਂ ਨਿਰਧਾਰਤ ਰੇਟਾਂ ‘ਤੇ ਹੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਮਾਰਕੀਟ ਕਮੇਟੀ ਨੂੰ ਹਦਾਇਤ ਕੀਤੀ ਗਈ ਕਿ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਲਈ ਵਿਸ਼ੇਸ਼ ਤੌਰ ‘ਤੇ ਪੀਣ ਵਾਲੇ ਪਾਣੀ, ਲਾਈਟਾਂ ਅਤੇ ਆਰਜ਼ੀ ਬਾਥਰੂਮਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ ਅਤੇ ਮੂੰਗੀ ਦੀ ਫ਼ਸਲ ਉਕਤ ਮੰਡੀਆਂ ਵਿੱਚ ਬਣੇ ਸ਼ੈੱਡਾਂ ਹੇਠ ਹੀ ਉਤਾਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਖਰਾਬ ਮੌਸਮ ਦੌਰਾਨ ਵੀ ਖਰੀਦ ਨਿਰਵਿਘਨ ਕੀਤੀ ਜਾ ਸਕੇ। ਪੰਜਾਬ ਪੱਧਰ ਤੇ ਵਿਸ਼ੇਸ਼ ਜਾਣਕਾਰੀ ਲਈ ਮਨੋਜ ਕੁਮਾਰ ਮਿਸ਼ਰਾ ਡਿਪਟੀ ਮੈਨੇਜਰ ਨੇਫੈਡ ਨੂੰ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਦਾ ਮੋਬਾਇਲ ਨੰਬਰ 098398-29715 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ।