Connect with us

Punjab

ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਕੰਮ ਦੀ ਕੀਤੀ ਸਮੀਖਿਆ

Published

on

ਪਟਿਆਲਾ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਲਏ ਅਹਿਦ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਿਹਤ ਵਿਭਾਗ ਦੇ ਕੰਮ ਦੀ ਸਮੀਖਿਆ ਕਰਕੇ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਭਾਗ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।

ਮੀਟਿੰਗ ਦੌਰਾਨ ਸਾਕਸ਼ੀ ਸਾਹਨੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਚਲਾਈਆਂ ਜਾ ਰਹੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਸਮਾਜ ਦੇ ਹਰੇਕ ਵਰਗ ਦਾ ਪੁੱਜਦਾ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਜੇਕਰ ਇਸ ਕੰਮ ‘ਚ ਕੋਈ ਵੀ ਕਮੀ ਪਾਈ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀ ਦੀ ਹੋਵੇਗੀ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਰੇਕ ਯੋਜਨਾਂ ਜਮੀਨੀ ਪੱਧਰ ‘ਤੇ ਲਾਗੂ ਕਰਨ ਲਈ ਢੁਕਵਾਂ ਪਲਾਨ ਤਿਆਰ ਕਰਨ ਦੀ ਵੀ ਹਦਾਇਤ ਕੀਤੀ।

ਡਿਪਟੀ ਕਮਿਸ਼ਨਰ ਨੇ ਕੰਮ ਦੀ ਸਮੀਖਿਆ ਕਰਦਿਆਂ ਕਿਹਾ ਕਿ ਕੌਮੀ ਸਿਹਤ ਮਿਸ਼ਨ ਰਾਹੀਂ ਮਾਂ ਅਤੇ ਬੱਚੇ ਦੀ ਸਿਹਤ ਲਈ ਚਲਾਈ ਜਾ ਰਹੀ ਯੋਜਨਾ ‘ਚ ਏ.ਐਨ.ਸੀ. ਰਜਿਸਟਰੇਸ਼ਨ ‘ਚ ਪਟਿਆਲਾ ਜ਼ਿਲ੍ਹਾ ਭਾਵੇਂ ਸੂਬੇ ‘ਚ ਮੋਹਰੀ ਹੈ ਪਰ ਏ.ਐਨ.ਸੀ. ਜਾਂਚ ਦੇ ਟੀਚੇ ਨੂੰ ਵੀ 100 ਫ਼ੀਸਦੀ ਕੀਤਾ ਜਾਵੇ ਤਾਂ ਜੋ ਗਰਭਵਤੀ ਔਰਤਾਂ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਣ। ਉਨ੍ਹਾਂ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ, ਜਨਨੀ ਸੁਰੱਖਿਆ ਯੋਜਨਾ, ਪੀ.ਐਮ.ਐਸ.ਐਮ.ਏ ਅਤੇ ਆਰ.ਸੀ.ਐਚ. ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ‘ਤੇ ਜੋਰ ਦਿੰਦਿਆਂ ਕਿਹਾ ਕਿ ਸੁਮਨ ਪ੍ਰੋਗਰਾਮ ਤਹਿਤ ਗਰਭਵਤੀ ਔਰਤਾਂ ਤੇ ਜਣੇਪੇ ਤੋਂ ਬਾਅਦ ਉਨ੍ਹਾਂ ਦੀ ਖੁਰਾਕ ਅਤੇ ਦਵਾਈਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਲਈ ਵਿਭਾਗ ਵੱਲੋਂ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਆਸ਼ਾ ਦੇ ਕੰਮ ਦੀ ਅਹਿਮੀਅਤ ‘ਤੇ ਜ਼ੋਰ ਦਿੰਦਿਆ ਆਸ਼ਾ ਦੀਆ ਸਾਰੀਆਂ ਅਸਾਮੀਆਂ ਪੂਰੀਆਂ ਰੱਖਣ ਦੀ ਹਦਾਇਤ ਕੀਤੀ।

ਸਾਕਸ਼ੀ ਸਾਹਨੀ ਨੇ 5 ਸਾਲ ਤੱਕ ਦੇ ਬੱਚਿਆਂ ਦੇ ਮੁਫ਼ਤ ਟੀਕਾਕਰਨ ਲਈ ਹਰੇਕ ਬੁੱਧਵਾਰ ਮਮਤਾ ਦਿਵਸ ਮਨਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ ਇਸ ਲਈ ਟੀਕਾਕਰਨ ਦੇ ਟੀਚਾ 100 ਫ਼ੀਸਦੀ ਹੋਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕੋਵਿਡ ਤੋਂ ਬਚਾਅ ਲਈ ਟੀਕਾਕਰਨ ‘ਤੇ ਕਰਵਾਉਣ ਲਈ ਲੋਕਾਂ ਨੂੰ ਅੱਗੇ ਆਉਣ ਦਾ ਸੁਨੇਹਾ ਦਿੰਦਿਆ ਕਿਹਾ ਕਿ ਕੋਵਿਡ ਦਾ ਖਤਰਾਂ ਹਾਲੇ ਟਲਿਆ ਨਹੀਂ ਹੈ, ਦੇਸ਼ ਦੇ ਕਈ ਖੇਤਰਾਂ ‘ਚ ਪਿਛਲੇ ਦਿਨੀਂ ਕੇਸਾਂ ‘ਚ ਵਾਧਾ ਹੋਇਆ ਹੈ ਇਸ ਲਈ ਟੀਕਾਕਰਨ ਦੀ ਪਹਿਲੀ, ਦੂਜੀ ਜਾ ਬੂਸਟਰ ਡੋਜ਼ ਜਿਸ ਵੀ ਵਿਅਕਤੀ ਦੀ ਰਹਿੰਦੀ ਹੈ, ਉਹ ਜਲਦੀ ਲਗਵਾਈ ਜਾਵੇ ਤਾਂ ਕਿ ਕੋਵਿਡ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ।

ਇਸ ਮੌਕੇ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨਿਰੰਤਰ ਸਿਹਤ ਸੇਵਾਵਾਂ ‘ਚ ਸੁਧਾਰ ਲਈ ਯਤਨ ਕਰ ਰਿਹਾ ਹੈ। ਉਨ੍ਹਾਂ ਵਿਭਾਗ ਦੀ ਪ੍ਰਗਤੀ ਰਿਪੋਰਟ ਦਿੰਦਿਆਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਯੋਜਨਾਂ ਸਫਲਤਾਪੂਰਵਕ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਲਿੰਗ ਅਨੁਪਾਤ ‘ਚ 1000 ਮੁੰਡਿਆ ਪਿਛੇ 954 ਕੁੜੀਆਂ ਨਾਲ ਸੂਬੇ ‘ਚ ਪਹਿਲੇ ਸਥਾਨ ‘ਤੇ ਅਤੇ ਦੇਸ਼ ‘ਚ ਅੱਠਵੇਂ ਸਥਾਨ ‘ਤੇ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਤਹਿਤ ਮਾਰਚ 2022 ਤੱਕ 106 ਮਰੀਜ਼ਾਂ ਨੂੰ 93 ਲੱਖ 95 ਹਜ਼ਾਰ ਰੁਪਏ ਦਾ ਮੁਫ਼ਤ ਇਲਾਜ ਉਪਲਬਧ ਕਰਵਾਇਆ ਗਿਆ ਹੈ।

ਇਸੇ ਤਰ੍ਹਾਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਆਮ ਲੋਕਾਂ ਤੱਕ ਪੁੱਜਦਾ ਕਰਨ ‘ਚ ਪਟਿਆਲਾ ਜ਼ਿਲ੍ਹਾ ਸੂਬੇ ਭਰ ਵਿਚੋਂ ਮੋਹਰੀ ਹੈ। ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੌਤਮ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਸਮੂਹ ਐਸ.ਡੀ.ਐਮਜ਼ ਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ।