Punjab
ਆਦਮਪੁਰ ਸਿਵਲ ਏਅਰਪੋਰਟ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਪਹਿਲੀ ਫਲਾਈਟ ਹੋਈ ਰਵਾਨਾ
1 ਅਪ੍ਰੈਲ 2024: ਚਾਰ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਜਲੰਧਰ ਦੇ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋ ਗਈਆਂ ਹਨ। ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਪਹਿਲੀ ਫਲਾਈਟ ਨੇ ਐਤਵਾਰ ਦੁਪਹਿਰ ਕਰੀਬ 12:50 ਵਜੇ ਉਡਾਣ ਭਰੀ, ਜੋ ਹਿੰਡਨ ਏਅਰਪੋਰਟ (ਗਾਜ਼ੀਆਬਾਦ) ‘ਤੇ ਉਤਰੇਗੀ। ਉਥੋਂ ਇਹ ਫਲਾਈਟ ਨਾਂਦੇੜ ਸਾਹਿਬ ਲਈ ਰਵਾਨਾ ਹੋਵੇਗੀ। ਪਰਵਾਸੀ ਭਾਰਤੀਆਂ ਦੀ ਹੱਬ ਮੰਨੇ ਜਾਂਦੇ ਦੋਆਬੇ ਦੇ ਲੋਕਾਂ ਅਤੇ ਕਾਰੋਬਾਰੀਆਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ।
ਫਿਲਹਾਲ ਜਲੰਧਰ ਤੋਂ ਦਿੱਲੀ ਜਾਣ ‘ਚ 9 ਘੰਟੇ ਦਾ ਸਮਾਂ ਲੱਗਦਾ ਹੈ, ਜਦਕਿ ਫਲਾਈਟ ਰਾਹੀਂ ਇਹ ਸਮਾਂ ਸਿਰਫ ਇਕ ਘੰਟੇ ‘ਚ ਪੂਰਾ ਹੋ ਜਾਵੇਗਾ। ਪਹਿਲੇ ਦਿਨ ਦਿੱਲੀ ਤੋਂ ਆਦਮਪੁਰ ਪੁੱਜੀ ਫਲਾਈਟ ਵਿੱਚ 64 ਯਾਤਰੀਆਂ ਨੇ ਸਫਰ ਕੀਤਾ, ਜਦੋਂ ਕਿ ਜਲੰਧਰ ਤੋਂ ਇਸ ਫਲਾਈਟ ਦੀਆਂ ਸਾਰੀਆਂ 72 ਸੀਟਾਂ ਬੁੱਕ ਹੋ ਚੁੱਕੀਆਂ ਹਨ। ਇਕਾਨਮੀ ਕਲਾਸ ਦਾ ਕਿਰਾਇਆ ਟੈਕਸ ਸਮੇਤ 2300 ਰੁਪਏ ਦੇ ਕਰੀਬ ਰੱਖਿਆ ਗਿਆ ਹੈ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਦਮਪੁਰ ਸਿਵਲ ਹਵਾਈ ਅੱਡੇ ਦਾ ਉਦਘਾਟਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇੱਥੋਂ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੈਂਗਲੁਰੂ, ਕੋਲਕਾਤਾ ਅਤੇ ਗੋਆ ਲਈ ਉਡਾਣਾਂ ਲਈ ਰੂਟ ਅਲਾਟ ਕੀਤੇ ਗਏ ਹਨ।