Connect with us

National

ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਨੇਪਾਲ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ

Published

on

30 ਦਸੰਬਰ 2023: ਨੇਪਾਲ ਦੀ ਰਾਸ਼ਟਰੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਲਾਮੀਚਨੇ ਨੂੰ ਸ਼ੁੱਕਰਵਾਰ ਨੂੰ ਇਕ ਅਦਾਲਤ ਨੇ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ। ਨੇਪਾਲ ਦੀ ਅਦਾਲਤ ਨੇ ਜਨਵਰੀ ਵਿਚ ਲਾਮੀਚਨੇ ਨੂੰ ਰਿਹਾਅ ਕਰ ਦਿੱਤਾ ਸੀ, ਜਿਸ ਨੂੰ ਪਿਛਲੇ ਸਾਲ ਅਗਸਤ ਵਿਚ ਕਾਠਮੰਡੂ ਵਿਚ ਇੱਕ ਹੋਟਲ ਦੇ ਕਮਰੇ ਵਿਚ ਇੱਕ 17 ਸਾਲਾ ਲੜਕੀ ਵੱਲੋਂ ਬਲਾਤਕਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

23 ਸਾਲਾ ਲਾਮੀਚਾਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਖੇਡਣ ਵਾਲਾ ਨੇਪਾਲ ਦਾ ਪਹਿਲਾ ਕ੍ਰਿਕਟਰ ਹੈ। ਉਸ ਨੇ 2018 ਵਿਚ ਦਿੱਲੀ ਕੈਪੀਟਲਜ਼ ਫਰੈਂਚਾਇਜ਼ੀ ਲਈ ਆਪਣੀ ਸ਼ੁਰੂਆਤ ਕੀਤੀ। ਕਾਠਮੰਡੂ ਪੋਸਟ ਦੀ ਰਿਪੋਰਟ ਅਨੁਸਾਰ, ਜਸਟਿਸ ਸ਼ਿਸ਼ੀਰ ਰਾਜ ਧਾਕਲ ਦੇ ਸਿੰਗਲ ਬੈਂਚ ਨੇ ਸ਼ੁੱਕਰਵਾਰ ਨੂੰ ਇਹ ਹੁਕਮ ਦਿੱਤਾ। ਐਤਵਾਰ ਨੂੰ ਅੰਤਿਮ ਸੁਣਵਾਈ ਸ਼ੁਰੂ ਹੋਈ ਜਿਸ ਤੋਂ ਬਾਅਦ ਫ਼ੈਸਲਾ ਸੁਣਾਇਆ ਗਿਆ।

ਕਾਠਮੰਡੂ ਜ਼ਿਲ੍ਹਾ ਅਦਾਲਤ ਨੇ ਸ਼ੁੱਕਰਵਾਰ ਨੂੰ ਲਾਮੀਚਨੇ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਇਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਾਮੀਚਨੇ ਦੀ ਜੇਲ੍ਹ ਦੀ ਸਜ਼ਾ ਦਾ ਫ਼ੈਸਲਾ ਅਗਲੀ ਸੁਣਵਾਈ ‘ਤੇ ਕੀਤਾ ਜਾਵੇਗਾ। ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹੈ। 12 ਜਨਵਰੀ ਨੂੰ ਪਾਟਨ ਹਾਈ ਕੋਰਟ ਨੇ ਉਸ ਦੀ ਰਿਹਾਈ ਦੇ ਹੁਕਮ ਦਿੱਤੇ ਸਨ। ਲਾਮੀਚਨੇ ਦੀ ਸਮੀਖਿਆ ਪਟੀਸ਼ਨ ‘ਤੇ ਜਸਟਿਸ ਧਰੁਵ ਰਾਜ ਨੰਦਾ ਅਤੇ ਰਮੇਸ਼ ਦਹਿਲ ਦੀ ਸਾਂਝੀ ਬੈਂਚ ਨੇ ਸ਼ਰਤਾਂ ਸਮੇਤ 20 ਲੱਖ ਰੁਪਏ ਦੇ ਜ਼ਮਾਨਤੀ ਬਾਂਡ ‘ਤੇ ਉਸ ਦੀ ਰਿਹਾਈ ਦਾ ਹੁਕਮ ਦਿੱਤਾ ਸੀ।

ਆਪਣੇ ਲੈੱਗ ਸਪਿਨ ਅਤੇ ਖ਼ਤਰਨਾਕ ਗੁਗਲੀ ਦੇ ਕਾਰਨ, ਲਾਮੀਚਨੇ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ, ਪਾਕਿਸਤਾਨ ਦੀ ਪਾਕਿਸਤਾਨ ਸੁਪਰ ਲੀਗ ਅਤੇ ਵੈਸਟ ਇੰਡੀਜ਼ ਦੀ ਕੈਰੇਬੀਅਨ ਪ੍ਰੀਮੀਅਰ ਲੀਗ ਸਮੇਤ ਦੁਨੀਆ ਭਰ ਦੀਆਂ ਪ੍ਰਮੁੱਖ ਟੀ-20 ਲੀਗਾਂ ਵਿੱਚ ਇੱਕ ਬਹੁਤ ਮਸ਼ਹੂਰ ਕ੍ਰਿਕਟਰ ਸੀ। ਲਾਮੀਚਨੇ ਦੇ ਨਾਂ ਵਨਡੇ ਵਿਚ ਦੂਜਾ ਸਭ ਤੋਂ ਤੇਜ਼ 50 ਵਿਕਟਾਂ ਅਤੇ ਟੀ-20 ਅੰਤਰਰਾਸ਼ਟਰੀ ਵਿੱਚ ਤੀਜਾ ਸਭ ਤੋਂ ਤੇਜ਼ 50 ਵਿਕਟਾਂ ਲੈਣ ਦਾ ਰਿਕਾਰਡ ਹੈ।