International
ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਅਮਰੀਕਾ ਨੇ ਟੀਕਾ ਸਰਟੀਫਿਕੇਟ ਦੀ ਸ਼ਰਤ ਕੀਤੀ ਖ਼ਤਮ

ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਅਮਰੀਕੀ ਦੂਤਾਵਾਸ ਵਿਚ ਵਣਜ ਮਾਮਲਿਆਂ ਦੇ ਅਧਿਕਾਰੀ ਡਾਨ ਹੇਫਲਿਨ ਨੇ ਕਿਹਾ ਕਿ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਕੋਰੋਨਾ ਟੀਕਾਕਰਨ ਦੇ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੋਵੇਗੀ ਸਗੋਂ ਉਹਨਾਂ ਨੂੰ ਆਪਣੀ ਯਾਤਰਾ ਦੇ ਸਮੇਂ ਤੋਂ 72 ਘੰਟੇ ਪਹਿਲਾਂ ਕਰਾਈ ਗਈ ਕੋਵਿਡ-19 ਦੀ ਜਾਂਚ ਦੀ ਨੈਗੇਟਿਵ ਰਿਪੋਰਟ ਦੇਣ ਦੀ ਲੋੜ ਹੋਵੇਗੀ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਉੱਚ ਸਿੱਖਿਆ ਲਈ ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇ ਇੰਟਰਵਿਊ ਦਾ ਸਮਾਂ ਹਾਸਲ ਕਰਨ ਵਿਚ ਪਰੇਸ਼ਾਨੀ ਹੋਣ ਨਾਲ ਉਹਨਾਂ ਦੀ ਚਿੰਤਾ ਵੱਧ ਰਹੀ ਹੈ।
ਦੂਤਾਵਾਸਨੇ ਕਿਹਾ ਕਿ ਉਹ ਸੋਮਵਾਰ ਤੋਂ ਭਾਰਤੀ ਵਿਦਿਆਰਥੀਆਂ ਨੂੰ ਇੰਟਰਟਿਊ ਦਾ ਸਲਾਟ ਦੇਣਾ ਸ਼ੁਰੂ ਕਰੇਗਾ। ਹੇਫਲਿਨ ਨੇ ਕਿਹਾ,”ਇਸ ਕਾਰਨ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਹੋਣ ਵਾਲੇ ਤਣਾਅ ਅਤੇ ਚਿੰਤਾ ਦੇ ਬਾਰੇ ਸਾਨੂੰ ਪਤਾ ਹੈ ਤੇ ਅਸੀਂ ਜੁਲਾਈ ਅਤੇ ਅਗਸਤ ਵਿਚ ਵੱਧ ਤੋਂ ਵੱਧ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਨੂੰ ਵਿਵਸਥਿਤ ਕਰਨ ਲਈ ਸਰਗਰਮ ਤੌਰ ‘ਤੇ ਕੰਮ ਕਰ ਰਹੇ ਹਾਂ। ਵਿਦਿਆਰਥੀਆਂ ਦੀ ਅਮਰੀਕਾ ਦੀ ਵੈਧ ਯਾਤਰਾ ਨੂੰ ਆਸਾਨ ਬਣਾਉਣਾ ਭਾਰਤ ਵਿਚ ਅਮਰੀਕੀ ਮਿਸ਼ਨ ਦੀ ਸਰਬ ਉੱਚ ਤਰਜੀਹ ਹੈ।” ਅਧਿਕਾਰੀ ਤੋਂ ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਵਿਚਾਲੇ ਵੱਧਦੀ ਅਨਿਸ਼ਚਿਤਤਾ ਦੇ ਬਾਰੇ ਵਿਚ ਪੁੱਛਿਆ ਗਿਆ ਸੀ ਕਿਉਂਕਿ ਅਮਰੀਕਾ ਨੇ ਮਈ ਵਿਚ ਨਵੀਆਂ ਯਾਤਰਾ ਪਾਬੰਦੀਆਂ ਲਗਾਈਆਂ ਸਨ। ਅਮਰੀਕਾ ਵਿਚ ਇਕ ਅਗਸਤ ਜਾਂ ਇਸ ਮਗਰੋਂ ਵਿੱਦਿਅਕ ਪ੍ਰੋਗਰਾਮ ਸ਼ੁਰੂ ਹੋ ਸਕਦੇ ਹਨ ਤੇ ਇਸ ਲਈ ਅਮਰੀਕਾ ਜਾਣ ਦੇ ਚਾਹਵਾਨ ਵਿਦਿਆਰਥੀ ਵਿਦਿਅਕ ਪ੍ਰੋਗਰਾਮ ਸ਼ੁਰੂ ਹੋਣ ਤੋਂ 30 ਦਿਨ ਪਹਿਲਾਂ ਤੱਕ ਉੱਥੇ ਜਾ ਸਕਦੇ ਹਨ।
ਇਸ ਮਾਮਲੇ ਵਿਚ ਰਾਸ਼ਟਰੀ ਹਿੱਤ ਅਪਵਾਦ ਦੀ ਲੋੜ ਨਹੀਂ ਹੈ। ਹੇਫਲਿਨ ਨੇ ਕਿਹਾ ਕਿ ਵਿਦਿਆਰਥੀ ਆਪਣੀ ਸੰਬੰਧਤ ਯੂਨੀਵਰਸਿਟੀ ਨਾਲ ਸੰਪਰਕ ਵਿਚ ਰਹੇ ਤਾਂ ਜੋ ਅਮਰੀਕਾ ਜਾਣ ਦਾ ਸਮਾਂ ਤੈਅ ਹੋ ਸਕੇ। ‘ਰਾਸ਼ਟਰੀ ਹਿੱਤ ਅਪਵਾਦ’ ਦੇ ਤਹਿਤ ਅਮਰੀਕਾ ਵਿਚ ਉਹਨਾਂ ਲੋਕਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਹੁੰਦੀ ਹੈ ਜਿਹਨਾਂ ਦਾ ਦੇਸ਼ ਵਿਚ ਦਾਖਲ ਹੋਣਾ ਰਾਸ਼ਟਰੀ ਹਿੱਤ ਮੰਨਿਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਦੂਤਾਵਾਸ ਦਾ ਇਰਾਦਾ 1 ਜੁਲਾਈ ਤੋਂ ਦੋ ਮਹੀਨਿਆਂ ਲਈ ਵਿਦਿਆਰਥੀ ਵੀਜ਼ਾਂ ਬਿਨੈਕਾਰਾਂ ਦੀ ਇੰਟਰਵਿਊ ਸ਼ੁਰੂ ਕਰਨ ਦਾ ਹੈ। ਸਾਡੀ ਯੋਜਨਾ ਇੰਟਰਵਿਊ ਲਈ ਉਨੇ ਬਿਨੈਕਾਰਾਂ ਨੂੰ ਸਮਾਂ ਦੇਣ ਦੀ ਹੈ ਜਿੰਨੀ ਕਿ ਅਸੀਂ ਮਹਾਮਾਰੀ ਦਾ ਸਥਾਨਕ ਸਥਿਤੀ ਦੇ ਆਧਾਰ ‘ਤੇ ਸੁਰੱਖਿਅਤ ਤੌਰ ‘ਤੇ ਵਿਵਸਥਿਤ ਕਰ ਸਕਦੇ ਹਾਂ।” ਹੇਫਲਿਨ ਨੇ ਕਿਹਾ,”ਵਿਦਿਆਰਥੀ ਵੀਜ਼ਾ ਬਿਨੈਕਾਰਾਂ ਨੂੰ ਆਪਣੇ ਵੀਜ਼ਾ ਇੰਟਰਵਿਊ ਲਈ ਜਲਦੀ ਸਮਾਂ ਲੈਣ ਦੀ ਲੋੜ ਨਹੀਂ ਹੈ।
14 ਜੂਨ ਨੂੰ ਅਸੀਂ ਵਿਦਿਆਰਥੀਆਂ ਨੂੰ ਜੁਲਾਈ ਅਤੇ ਅਗਸਤ ਵਿਚ ਇੰਟਰਵਿਊ ਲਈ ਸਮਾਂ ਦੇਣਾ ਸ਼ੁਰੂ ਕਰ ਦੇਵਾਂਗੇ। ਟੀਕਾਕਰਨ ਨਾਲ ਸਬੰਧਤ ਸਵਾਲਾਂ ਦੇ ਬਾਰੇ ਵਿਚ ਪੁੱਛਣ ‘ਤੇ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਵਿਚ ਦਾਖਲ ਹੋਣ ਲਈ ਟੀਕਾਕਰਨ ਦਾ ਸਰਟੀਫਿਕੇਟ ਜ਼ਰੂਰੀ ਨਹੀਂ ਹੈ। ਹੇਫਲਿਨ ਤੋਂ ਪੁੱਛਿਆ ਗਿਆ ਵਿਦਿਆਰਥੀਆਂ ਨਾਲ ਉਹਨਾਂ ਦੇ ਮਾਤਾ-ਪਿਤਾ ਜਾਣ ਚਾਹੁਣ ਤਾਂ ਕੀ ਉਹਨਾਂ ਨੂੰ ਵੀਜ਼ਾ ਮਿਲੇਗਾ। ਇਸ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਕਿ ਅਜਿਹੇ ਮਾਮਲੇ ਵਿਚ ਮਾਤਾ-ਪਿਤਾ ਨੂੰ ਸੈਲਾਨੀ ਮੰਨਿਆ ਜਾਵੇਗਾ ਅਤੇ ਰਾਸ਼ਟਰਪਤੀ ਦੇ ਆਦੇਸ਼ ਮੁਤਾਬਕ ਸੈਲਾਨੀਆਂ ਦੀ ਯਾਤਰਾ ਹਾਲੇ ਪਾਬੰਦੀਸ਼ੁਦਾ ਹੈ।