Punjab
ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਖਿਲਾਫ਼ ਹਜ਼ੂਰੀ ਰਾਗੀਆਂ ਨੇ ਖੋਲ੍ਹਿਆ ਮੋਰਚਾ
ਸਾਨੂੰ ਕੀਰਤਨ ਵਿੱਚੋਂ ਟੋਕਿਆ ਤੇ ਰੋਕਿਆ ਜਾਂਦਾ -ਹਜ਼ੂਰੀ ਰਾਗੀ

ਸਾਨੂੰ ਕੀਰਤਨ ਵਿੱਚੋਂ ਟੋਕਿਆ ਤੇ ਰੋਕਿਆ ਜਾਂਦਾ -ਹਜ਼ੂਰੀ ਰਾਗੀ
ਕਿਹਾ ਕੀਰਤਨ ਛੱਡ ਚਲਾਓ ਰਿਕਸ਼ਾ
ਹਜ਼ੂਰੀ ਰਾਗੀਆਂ ਨੇ ਆਪਣੀ ਦਾਸਤਾਨ ਦੱਸਦੇ ਭਰੀਆਂ ਅੱਖਾਂ
ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੇ ਮੁੱਖ ਗ੍ਰੰਥੀ ਖ਼ਿਲਾਫ਼ ਕੱਢੀ ਭੜਾਸ
ਮੁੱਖ ਗ੍ਰੰਥੀ ਵੱਲੋਂ ਦਰਬਾਰ ਸਾਹਿਬ ‘ਚ ਨਹੀਂ ਕਰਨ ਦਿੱਤਾ ਜਾ ਰਿਹਾ ਕੀਰਤਨ
ਅੰਮ੍ਰਿਤਸਰ,2 ਸਤੰਬਰ :(ਗੁਰਪ੍ਰੀਤ ਸਿੰਘ),ਸ਼੍ਰੀ ਦਰਬਾਰ ਸਾਹਿਬ ਜੋ ਪੂਰੇ ਪੰਜਾਬ ਭਰ ਅਤੇ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਹੈ ਜਿਸ ਨਾਲ ਪੰਜਾਬੀਆਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਪਰ ਦਰਬਾਰ ਸਾਹਿਬ ਵਿੱਚ ਚੱਲ ਰਹੀ ਰਾਜਨੀਤੀ ਇਸ ਦਾ ਵੱਖਰਾ ਪ੍ਰਭਾਵ ਪਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਜਗਤਾਰ ਸਿੰਘ ਦੇ ਵਿਚਾਲੇ ਕਾਫ਼ੀ ਵਾਦ-ਵਿਵਾਦ ਚੱਲਦਾ ਆ ਰਿਹਾ ਜੋ ਹੁਣ ਮੀਡੀਆ ਵਿੱਚ ਆ ਗਿਆ ਅਤੇ ਪਹਿਲਾਂ ਵੀ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਵੱਲੋਂ ਪ੍ਰੈੱਸ ਵਾਰਤਾ ਕਰਕੇ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਜਗਤਾਰ ਸਿੰਘ ਤੇ ਕਈ ਸ਼ਬਦੀ ਹਮਲੇ ਕੀਤੇ ਸਨ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਜ਼ੂਰੀ ਰਾਗੀ ਭਾਈ ਓਂਕਾਰ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਜਗਦੇਵ ਸਿੰਘ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਉਨ੍ਹਾਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਕੀਰਤਨ ਕਰਨ ਸਮੇਂ ਵੀ ਕਾਫ਼ੀ ਵਾਰ ਟੋਕਿਆ ਜਾ ਰਿਹਾ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੀ। ਪਰ ਅਕਾਲ ਤਖ਼ਤ ਸਾਹਿਬ ਤੋਂ ਵੀ ਉਨ੍ਹਾਂ ਨੂੰ ਕੋਈ ਨਿਆਂ ਨਾ ਮਿਲਣ ਦੇ ਬਾਅਦ,ਉਨ੍ਹਾਂ ਨੇ ਹੁਣ ਸੰਗਤ ਦੀ ਕਚਹਿਰੀ ਵਿੱਚ ਆਪਣੀ ਗੱਲ ਰੱਖੀ ਤਾਂ ਉਨ੍ਹਾਂ ਕਿਹਾ ਕਿ ਹੁਣ ਦੂਸਰੇ ਤਖ਼ਤ ਦੇ ਜੱਥੇਦਾਰ ਵੀ ਉਨ੍ਹਾਂ ਨੂੰ ਗੱਲਾਂ ਕਰਨ ਲੱਗੇ ਅਤੇ ਉਨ੍ਹਾਂ ਨੂੰ ਕੀਰਤਨ ਛੱਡ ਕੇ ਰਿਕਸ਼ਾ ਚਲਾਉਣ ਦੀ ਵੀ ਗੱਲ ਕਹਿਣ ਲੱਗੇ।
ਦੂਜੇ ਪਾਸੇ ਨੌਜਵਾਨ ਹਜ਼ੂਰੀ ਰਾਗੀਆਂ ਨੇ ਕਿਹਾ ਕਿ ਪਿਛਲੇ ਦੋ ਤਿੰਨ ਸਾਲ ਤੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਨਹੀਂ ਕਰਨ ਦਿੱਤਾ ਜਾ ਰਿਹਾ। ਉਹ ਜਦੋਂ ਵੀ ਕੀਰਤਨ ਕਰਨ ਜਾਂਦੇ ਹਨ ਤਾਂ ਮੁੱਖ ਗ੍ਰੰਥੀ ਜਗਤਾਰ ਸਿੰਘ ਵੱਲੋਂ ਉਨ੍ਹਾਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ ਅਤੇ ਉਨ੍ਹਾਂ ਨੂੰ ਪਰਿਕਰਮਾਂ ਵਿੱਚ ਹੀ ਬੇਇੱਜ਼ਤ ਕਰਕੇ ਵਾਪਸ ਮੋੜ ਦਿੱਤਾ ਜਾਂਦਾ। ਉਨ੍ਹਾਂ ਮੀਡੀਆ ਦੇ ਜ਼ਰੀਏ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੋਂ ਮੰਗ ਕੀਤੀ ਹੈ ਕਿ ਉਹ ਸਮੂਹ ਰਾਗੀ ਸਿੰਘਾਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਨੂੰ ਬਿਠਾ ਕੇ ਪਰਿਵਾਰ ਦਾ ਮਾਮਲਾ ਪਰਿਵਾਰ ‘ਚ ਹੀ ਸੁਲਝਾ ਦੇਣ।
Continue Reading