National
ਪ੍ਰਧਾਨ ਮੰਤਰੀ ਦੀ ਕਿਤਾਬ ‘ਇਗਜ਼ੈਮ ਵਾਰੀਅਰਜ਼’ਦਾ ਹਿੰਦੀ/ਪੰਜਾਬੀ ਸੰਸਕਰਣ ਹੋਇਆ ਲਾਂਚ
ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਅਤੇ ਚੰਡੀਗੜ ਦੇ ਲਗਭਗ 500 ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਪੰਜਾਬ ਰਾਜ ਭਵਨ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਦੋਰਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ‘‘ਇਗਜ਼ੈਮ ਵਾਰੀਅਰਜ਼’’ ਕਿਤਾਬ ਦੇ ਨਵੇਂ ਸੰਸਕਰਣ ਨੂੰ ਲਾਂਚ ਕੀਤਾ।
ਸ੍ਰੀ ਪੁਰੋਹਿਤ ਨੇ ਵਿਦਿਆਰਥੀਆਂ ਨਾਲ ਲੰਮੀ ਗੱਲਬਾਤ ਕੀਤੀ ਅਤੇ ਆਪਣੇ ਹਰ ਕੰਮ ਵਿੱਚ ਵਧੀਆ ਤੋਂ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ। ਉਹਨਾਂ ਨੇ ਬੱਚਿਆਂ ਦੇ ਪ੍ਰਸ਼ਨ ਵੀ ਸੁਣੇ ਅਤੇ ਪ੍ਰੀਖਿਆ ਦੇ ਤਣਾਅ ਨਾਲ ਨਜਿੱਠਣ, ਇਮਤਿਹਾਨਾਂ ਪ੍ਰਤੀ ਸਾਕਾਰਾਤਮਕ ਪਹੁੰਚ ਅਪਣਾਉਣ ਅਤੇ ਜਿੰਦਗੀ ਦੀ ਹਰ ਚੁਣੌਤੀ ਦਾ ਡੱਟ ਕੇ ਸਾਹਮਣਾ ਕਰਨ ਲਈ ਸੁਝਾਅ ਦਿੱਤੇ।
ਭਾਰਤੀ ਇਤਿਹਾਸ ਅਤੇ ਆਪਣੇ ਜੀਵਨ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ, ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਮਾਨਸਿਕ ਸਿਹਤ, ਸਾਦਾ ਜੀਵਨ ਉੱਚੀ ਸੋਚ, ਪੜਾਈ ਵਿੱਚ ਨਿਰੰਤਰਤਾ, ਸ਼ੁਕਰਾਨਾ ਅਤੇ ਮੈਡੀਟੇਸ਼ਨ ਬਾਰੇ ਸੁਝਾਅ ਦਿੱਤੇ।
ਬਾਅਦ ਵਿੱਚ, ਹੋਣਹਾਰ ਵਿਦਿਆਰਥੀਆਂ ਨੂੰ ‘ਇਗਜ਼ੈਮ ਵਾਰੀਅਰਜ਼’ਦਾ ਹਿੰਦੀ/ਪੰਜਾਬੀ ਸੰਸਕਰਣ ਵੰਡਿਆ ਗਿਆ ਅਤੇ ਰਾਜਪਾਲ ਨੇ ਮੌਜੂਦ ਸਾਰੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਆਪਣਾ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਗੈਰ-ਪ੍ਰਚਾਰਕ, ਵਿਹਾਰਕ ਅਤੇ ਸੋਚ ਨੂੰ ਸੇਧ ਦੇਣ ਵਾਲੀ ‘ਇਗਜ਼ੈਮ ਵਾਰੀਅਰਜ਼’ ਭਾਰਤ ਅਤੇ ਦੁਨੀਆ ਭਰ ਦੇ ਨੌਜਵਾਨਾਂ ਲਈ ਇੱਕ ਸੁਖਾਲਾ ਤੇ ਸੁਚੱਜਾ ਮਾਰਗਦਰਸ਼ਕ ਹੈ। ਇਹ ਕਿਤਾਬ ਸੁਰੂ ਵਿੱਚ 2018 ਵਿੱਚ ਲਿਖੀ ਗਈ ਸੀ, ਜੋ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਵਿੱਚੋਂ ਇੱਕ ਰਹੀ ਹੈ।
ਇਸ ਸਾਲ ਕਿਤਾਬ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਸੋਧੇ ਸੰਸਕਰਣ ਦਾ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਫੀਡਬੈਕ ਨਾਲ 11 ਸਥਾਨਕ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।
ਇਸ ਮੌਕੇ ਯੂ.ਟੀ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਅਤੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਵੀ.ਕੇ. ਜੰਜੂਆ ਸਮੇਤ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਪਤਵੰਤੇ ਹਾਜ਼ਰ ਸਨ।