Punjab
ਇਨੋਵਾ ਕਾਰ ਸਵਾਰ ਘਰ ਬਾਹਰ ਖੜ੍ਹੀ ਕਰੇਟਾ ਗੱਡੀ ਦਾ ਆਹ ਕਰ ਗਏ ਹਾਲ, ਦੇਖ ਪਰਿਵਾਰ ਦੇ ਉੱਡੇ ਹੋਸ਼
ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਚੋਰੀਆਂ ਦਾ ਗੜ੍ਹ ਬਣ ਚੁੱਕਿਆ ਹੈ। ਇੱਕ ਪਾਸੇ ਪੁਲਿਸ ਪ੍ਰਸਾਸਨ ਸੁਰੱਖਿਆ ਦੇ ਦਾਅਵੇ ਕਰ ਰਿਹਾ ਅਤੇ ਦੂਜੇ ਪਾਸੇ ਚੋਰ ਪੁਲਿਸ ਦੀ ਨੱਕ ਹੇਠ ਚੋਰੀਆਂ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਹਨ। ਤਾਜ਼ਾ ਘਟਨਾ ਫਿਰੋਜ਼ਪੁਰ ਦੇ ਬਿੱਲਾ ਹਲਵਾਈ ਚੌਂਕ ਦੇ ਨਜ਼ਦੀਕ ਵਾਪਰੀ ਹੈ, ਜਿਥੇ ਇਨੋਵਾ ਕਾਰ ‘ਤੇ ਆਏ ਚੋਰ ਨਵੀਂ ਕਰੇਟਾ ਕਾਰ ਦੇ ਤਿੰਨ ਟਾਇਰ ਖੋਲਕੇ ਫਰਾਰ ਹੋ ਗਏ ਹਨ।
ਪੀੜਤ ਕਾਰ ਮਾਲਕ ਨੌਜਵਾਨ ਨੀਲ ਮਣੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਨੌਕਰੀ ਕਰਦਾ ਹੈ ਅਤੇ ਹੁਣ ਉਹ ਫਿਰੋਜ਼ਪੁਰ ਆਪਣੇ ਘਰ ਆਇਆ ਹੋਇਆ ਸੀ। ਉਸਨੇ ਆਪਣੀ ਕਰੇਟਾ ਕਾਰ ਬਾਹਰ ਗਲੀ ‘ਚ ਖੜ੍ਹੀ ਕੀਤੀ ਹੋਈ ਸੀ ਪਰ ਤੜਕੇ ਤਿੰਨ ਵਜੇ ਦੇ ਕਰੀਬ ਇੱਕ ਇਨੋਵਾ ਕਾਰ ‘ਤੇ ਆਏ ਚੋਰ ਉਸਦੀ ਗੱਡੀ ਦੇ ਤਿੰਨੋਂ ਟਾਇਰ ਖੋਲ ਕੇ ਚੋਰੀ ਕਰ ਫਰਾਰ ਹੋ ਗਏ।
ਇਸ ਸਬੰਧੀ ਪੀੜਤ ਕਾਰ ਮਾਲਕ ਪੁਲਿਸ ਨੂੰ ਜਾਣੂ ਕਰਵਾ ਚੁੱਕਿਆਂ ਹੈ ਅਤੇ ਸੀ.ਸੀ.ਟੀ.ਵੀ ਵੀ ਦੇ ਚੁੱਕਿਆ ਹੈ ਪਰ ਕਈ ਘੰਟੇ ਬੀਤ ਜਾਣ ਤੇ ਵੀ ਕੋਈ ਕਾਰਵਾਈ ਕਰਨ ਦੀ ਗੱਲ ਤਾਂ ਦੂਰ ਪੁਲਿਸ ਮੌਕਾ ਤੱਕ ਦੇਖਣ ਲਈ ਨਹੀਂ ਪਹੁੰਚੀ ਅਖੀਰ ਉਸਨੂੰ ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਬਣਦੀ ਕਾਰਵਾਈ ਕੀਤੀ ਜਾਵੇ।
ਪੀੜਤ ਨੌਜਵਾਨ ਨੇ ਦੱਸਿਆ ਕਿ ਫਿਰੋਜ਼ਪੁਰ ਅੰਦਰ ਹਾਲਾਤ ਇਹਨੇ ਮਾੜੇ ਹੋ ਚੁੱਕੇ ਹਨ ਕਿ ਜੋ ਨੌਜਵਾਨ ਬਾਹਰ ਰਹਿੰਦੇ ਹਨ। ਉਨ੍ਹਾਂ ਨੂੰ ਇਹ ਦੱਸਣ ਵਿੱਚ ਸ਼ਰਮ ਮਹਿਸੂਸ ਹੋਣ ਲੱਗ ਗਈ ਹੈ। ਕਿ ਉਹ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਮੌਕੇ ਤੇ ਮੌਜੂਦ ਔਰਤਾਂ ਨੇ ਵੀ ਰੱਜ ਕੇ ਭੜਾਸ ਕੱਢੀ। ਚੋਰ ਸਰ੍ਹੇਆਮ ਘਰਾਂ ਅੰਦਰ ਦਾਖਲ ਹੋ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਪਰ ਪੁਲਿਸ ਸਭ ਕੁੱਝ ਜਾਣਦੇ ਹੋਏ ਵੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ।