Punjab
ਬਠਿੰਡਾ ਕੇਂਦਰੀ ਜੇਲ੍ਹ ਤੋਂ ਵੀਡੀਓ ਵਾਇਰਲ ਕਰਨ ਦੇ ਮਾਮਲੇ ‘ਚ ਜੇਲ੍ਹ ਵਾਰਡਨ ਨੂੰ ਕੀਤਾ ਗਿਆ ਗ੍ਰਿਫਤਾਰ
ਕੁਝ ਸਮਾਂ ਪਹਿਲਾਂ ਬਠਿੰਡਾ ਕੇਂਦਰੀ ਜੇਲ੍ਹ ਵਿੱਚੋਂ ਵੀਡੀਓ ਵਾਇਰਲ ਕਰਨ ਵਾਲੇ ਕੈਦੀਆਂ ਤੋਂ ਪੁੱਛ-ਪੜਤਾਲ ਕਰਦਿਆਂ ਪੁਲੀਸ ਨੇ ਇੱਕ ਜੇਲ੍ਹ ਵਾਰਡਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ’ਤੇ ਪੈਸੇ ਲੈ ਕੇ ਜੇਲ੍ਹ ਵਿੱਚ ਮੋਬਾਈਲ ਫੋਨ ਭੇਜਣ ਦਾ ਦੋਸ਼ ਹੈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਕਤ ਕੈਦੀਆਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਭੇਜਿਆ ਗਿਆ ਸੀ, ਜਿੱਥੋਂ ਬਠਿੰਡਾ ਪੁਲਿਸ ਉਨ੍ਹਾਂ ਨੂੰ 16 ਅਪ੍ਰੈਲ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਬਠਿੰਡਾ ਲੈ ਕੇ ਆਈ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਪਰੋਕਤ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਵੀਡੀਓ ਬਣਾਉਣ ਵਾਲੀ ਘਟਨਾ ਸਬੰਧੀ ਪੂਰੀ ਤਫ਼ਤੀਸ਼ ਕੀਤੀ ਜਾ ਸਕੇ। ਹੁਣ ਪਤਾ ਲੱਗਾ ਹੈ ਕਿ ਉਕਤ ਮਾਮਲੇ ‘ਚ ਪੁਲਸ ਨੇ ਇਕ ਜੇਲ ਵਾਰਡਨ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ‘ਤੇ ਫੋਨ ਸਪਲਾਈ ਕਰਨ ਦੇ ਬਦਲੇ 20 ਹਜ਼ਾਰ ਰੁਪਏ ਲੈਣ ਦਾ ਦੋਸ਼ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਠਿੰਡਾ ਦੀ ਹਾਈ ਸਕਿਓਰਿਟੀ ਸੈਂਟਰਲ ਜੇਲ ‘ਚੋਂ ਦਰਜਨ ਤੋਂ ਵੱਧ ਕੈਦੀਆਂ ਦੀ ਵੀਡੀਓ ਵਾਇਰਲ ਹੋਣ ‘ਤੇ ਜੇਲ ‘ਚ ਵਿਕਣ ਵਾਲੇ ਨਸ਼ੀਲੇ ਪਦਾਰਥਾਂ ਅਤੇ ਮੋਬਾਇਲ ਫੋਨਾਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਸੀ, ਜਿਸ ‘ਚ ਉਨ੍ਹਾਂ ਨੇ ਕਈ ਅਧਿਕਾਰੀਆਂ ‘ਤੇ ਦੋਸ਼ ਵੀ ਲਾਏ ਸਨ। ਇਸ ਸਬੰਧੀ ਜੇਲ੍ਹ ਪ੍ਰਬੰਧਕਾਂ ਦੀ ਸ਼ਿਕਾਇਤ ’ਤੇ ਦਰਜਨ ਦੇ ਕਰੀਬ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ। ਇਸ ਸਬੰਧੀ ਐੱਸ.ਐੱਸ.ਪੀ. ਗੁਲਨੀਤ ਸਿੰਘ ਖੁਰਾੜਾ ਨੇ ਦੱਸਿਆ ਕਿ ਉਕਤ ਜੇਲ ਵਾਰਡਨ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।