Sports
“ਜੂਨੀਅਰ ਸਿੱਖ ਖੇਡਾਂ” ਖ਼ਾਲਸਾ ਏਡ ਐਡੀਲੇਡ ਵੱਲੋਂ ਕਰਵਾਈਆਂ ਗਈਆਂ
ਪਿਛਲੇ ਦਿਨੀਂ ਐਡੀਲੇਡ ਵਿਖੇ ਨਿੱਕੇ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੇ ਉਪਰਾਲੇ ਵੱਜੋ ਖ਼ਾਲਸਾ ਏਡ ਐਡੀਲੇਡ ਵੱਲੋਂ “ਜੂਨੀਅਰ ਸਿੱਖ ਖੇਡਾਂ” ਬੜੇ ਖ਼ੂਬਸੂਰਤ ਢੰਗ ਨਾਲ ਕਰਵਾਈਆਂ ਗਈਆਂ। ਇਹਨਾਂ ਖੇਡਾਂ ਲਈ ਨਵੇਂ ਸਟੂਡੈਂਟ ਮੁੰਡਿਆਂ ਅਤੇ ਸਾਰੇ ਪੰਜਾਬੀ ਭਾਈਚਾਰੇ ਦਾ ਭਰਪੂਰ ਸਹਿਯੋਗ ਰਿਹਾ। ਖ਼ਾਲਸਾ ਏਡ ਵੱਲੋਂ ਪਹਿਲੀ ਵਾਰ ਇੰਨਫਿਲਡ ਦੇ ਨਵੇਂ ਟਰੈਕਾਂ ‘ਤੇ ਬੜੇ ਸੁਚੱਜੇ ਢੰਗ ਨਾਲ ਕਰਵਾਈਆਂ ਗਈਆਂ ਪਹਿਲੀਆਂ ਜੂਨੀਅਰ ਐਥਲੈਟਿਕਸ ਵਿੱਚ ਨਵੇਂ ਖਿਡਾਰੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
ਖੇਡਾਂ ਦੀ ਸ਼ੁਰੂਵਾਤ ਸ਼ਬਦ ਕੀਰਤਨ ਅਤੇ ਖ਼ਾਲਸਾ ਏਡ ਦੇ ਪ੍ਰਮੁੱਖ ਰਵੀ ਸਿੰਘ ਦੇ ਪ੍ਰਸ਼ੰਸ਼ਾਮਈ ਸੁਨੇਹੇ ਨਾਲ ਕੀਤੀ ਗਈ। ਇਹਨਾਂ ਖੇਡਾਂ ਵਿੱਚ ਤਿੰਨ ਤੋਂ ਤੇਰਾਂ ਸਾਲ ਦੇ 300 ਤੋਂ ਵੱਧ ਬੱਚਿਆਂ ਨੇ ਵੱਖ-ਵੱਖ ਖੇਡ ਵੰਨਗੀਆਂ ਵਿੱਚ ਭਾਗ ਲਿਆ। ਇਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਹਰ ਖਿਡਾਰੀ ਦੀ ਹੌਂਸਲਾ ਅਫਾਜਾਈ ਲਈ ਸਨਮਾਨ ਪੱਤਰ ਅਤੇ 100 ਮੀਟਰ, 200 ਮੀਟਰ, ਡਿਸਕਸ, ਸ਼ੌਟਪੁੱਟ, ਲੌਂਗਯੰਪ ਵਿੱਚ ਜਿੱਤੇ ਖਿਡਾਰੀਆਂ ਨੂੰ ਮੈਡਲਾਂ ਨਾਲ ਨਿਵਾਜਿਆ ਗਿਆ। ਸਾਰੀਆਂ ਖੇਡਾਂ ਇੰਨਫਿਲਡ ਅਥਲੈਟਿਕ ਕੱਲਬ ਦੇ ਪ੍ਰਬੰਧਕ ਕਿੰਮ ਮਿਲਰ ਅਤੇ ਉਹਨਾਂ ਦੀ ਟੀਮ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ।ਇਸ ਮੌਕੇ ਖ਼ਾਲਸਾ ਏਡ ਐਡੀਲੇਡ ਵੱਲੋਂ ਅਜਿੰਦਰ ਸਿੰਘ ਬਾਵਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਊਥ ਆਸਟ੍ਰੇਲੀਆ ਅਥਲੈਟਿਕ ਦੇ ਪੱਧਰ ਦੀਆਂ ਖੇਡਾਂ ਕਰਵਾਉਣਾ ਬਹੁਤ ਚੁਣੌਤੀ ਭਰਿਆ ਕੰਮ ਸੀ ਪਰ ਸਭ ਦੇ ਸਹਿਯੋਗ ਨਾਲ ਐਨੇ ਘੱਟ ਸਮੇਂ ਵਿੱਚ ਐਨੇ ਖ਼ੂਬਸੂਰਤ ਢੰਗ ਨਾਲ ਖੇਡਾਂ ਦਾ ਹੋਣਾ ਇਸ ਉਪਰਾਲੇ ਦੇ ਸਫਲ ਹੋਣ ਦੀ ਨਿਸ਼ਾਨੀ ਹੈ। ਇਸ ਲਈ ਸਾਰਾ ਪੰਜਾਬੀ ਭਾਈਚਾਰਾ ਵਧਾਈ ਦਾ ਹੱਕਦਾਰ ਹੈ।ਖੇਡਾਂ ਉਪਰੰਤ ਖ਼ਾਲਸਾ ਏਡ ਵੱਲੋਂ ਜਿੱਤੇ ਖਿਡਾਰੀਆਂ ਨੂੰ ਮੈਡਲ ਅਤੇ ਸਾਨਮਾਨ ਪੱਤਰ ਤਕਸੀਮ ਕਰਦਿਆਂ ਐਡੀਲੇਡ ਸੰਸਥਾ ਦੇ ਟੀਮ ਲੀਡਰ ਗੁਰਿੰਦਰਜੀਤ ਸਿੰਘ ਲਾਲੀ ਨੇ ਬੋਲਦਿਆਂ ਕਿਹਾ ਕਿ ਸਾਡੀ ਇਸ ਪਹਿਲੀ ਕੋਸ਼ਿਸ਼ ਵਿੱਚ ਕਈ ਕਮੀਆਂ ਹੋ ਸਕਦੀਆਂ ਹਨ ਪਰ ਇਮਾਨਦਾਰੀ ਅਤੇ ਸਿਰਫ ਬੱਚਿਆਂ ਲਈ ਹੋਈਆਂ ਖੇਡਾਂ ਦੇ ਉਪਰਾਲੇ ਵੱਜੋ ਅੱਗੇ ਲਈ ਸੇਵਾ ਭਾਵਨਾ ਅਤੇ ਗੁਰੂ ਵੱਲੋਂ ਬਖਸ਼ੇ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਚੱਲਦਿਆਂ ਬਹੁਤ ਸਾਰੀਆਂ ਕਮੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ।