Connect with us

Punjab

ਰੋਮਾਂਸ,ਇਮੋਸ਼ਨ ਤੇ ਸ਼ਰਾਰਤਾਂ ਭਰਪੂਰ ਸਟੋਰੀ ਵਾਲੀ ਹੈ ਫ਼ਿਲਮ ‘ਸ਼ੱਕਰਪਾਰੇ’

Published

on

ਮੌਜੂਦਾ ਦੌਰ ਦੇ ਸਿਨਮੇ ਵਿੱਚ ਨਿੱਤ ਦਿਨ ਬਦਲਾਓ ਨਜ਼ਰ ਆ ਰਿਹਾ ਹੈ। ਨਵੇਂ ਵਿਸ਼ਿਆਂ ਦੇ ਨਾਲ-ਨਾਲ ਨਵੇਂ ਖੂਬਸੁਰਤ ਕਲਾਵਾਨ ਚਿਹਰੇ ਪੰਜਾਬੀ ਪਰਦੇ ਦਾ ਸਿੰਗਾਰ ਬਣਨ ਜਾ ਰਹੇ ਹਨ। ਅਜਿਹੀ ਹੀ ਨਵੇਂ ਵਿਸ਼ੇ ਦੀ ਫਿਲਮ ਹੈ ‘ਸ਼ੱਕਰਪਾਰੇ’ ਜੋ ਬਹੁਤ ਜਲਦ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੀ ਹੈ। ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਜਾਰੀ ਕੀਤਾ ਗਿਆ ਹੈ ਜਿਸ ਨੂੰ ਵੇਖਦਿਆਂ ਕਹਿ ਸਕਦੇ ਹਾਂ ਕਿ ਹਿਹ ਫ਼ਿਲਮ ਮਨੋਰੰਜਨ ਭਰਪੂਰ ਮਸਾਲਾ ਹੈ। ਫ਼ਿਲਮ ਦੇ ਹਰੇਕ ਕਲਾਕਾਰ ਨੇ ਆਪਣੀ ਬਾਕਮਾਲ ਅਦਾਕਾਰੀ ਦੀ ਪੇਸ਼ਕਾਰੀ ਕੀਤੀ ਹੈ।  ਫ਼ਿਲਮ ਦੇ ਟਾਇਟਲ ਦੀ ਗੱਲ ਕਰੀਏ ਤਾਂ ‘ਸ਼ੱਕਰਪਾਰੇ’ ਪੰਜਾਬ ਦੀ ਰਵਾਇਤੀ ਮਿਠਾਈ ਦਾ ਨਾਂ ਹੈ, ਜਿਸਦੀ ਮਹਿਕ ਅਤੇ ਮਿਠਾਸ ਬਿਨਾਂ ਕੋਈ ਵੀ ਵਿਆਹ ਅਧੂਰਾ ਹੁੰਦਾ ਹੈ। ਪੰਜਾਬੀ ਸਿਨਮੇ ਵਿੱਚ ‘ਸ਼ੱਕਰਪਾਰੇ’ ਦੀ ਸਮੂਲੀਅਤ ਦਰਸ਼ਕਾਂ ਨੂੰ ਇੱਕ ਨਵੇਂ ਮਨੋਰੰਜਨ ਭਰੇ ਸੁਆਦ ਨਾਲ ਜੋੜੇਗੀ।

ਗੋਲਡਨ ਕੀ ਐਂਟਰਟੈਨਮੈਂਟ ਦੇ ਬੈਨਰ ਹੇਠ ਨਿਰਮਾਤਾ ਵਿਸ਼ਨੂ ਕੇ ਪੋਡਰ ਅਤੇ ਪੁਨੀਤ ਚਾਵਲਾ ਦੀ ਇਸ ਫਿਲਮ ਦਾ ਹੀਰੋ ਇਕਲਵਿਆ ਪਦਮ ਹੈ ਜੋ ਇਸ ਫਿਲਮ ਰਾਹੀਂ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕਰ ਰਹੇ ਹਨ। ਨਿਰਦੇਸ਼ਕ ਵਰੁਣ ਐਸ ਖੰਨਾ ਦਾ ਕਹਿਣਾ ਹੈ ਕਿ ਇਸ ਨਿਵੇਕਲੀ ਫ਼ਿਲਮ ਦੀ ਕਹਾਣੀ ਮੌਜੂਦਾ ਸਿਨਮੇ ਤੋਂ ਬਹੁਤ ਹੱਟਵੀਂ ਅਤੇ ਦਿਲਚਸਪ ਹੋਵੇਗੀ। ਪਿਆਰ-ਮੁਹੱਬਤ ਅਤੇ ਕਾਮੇਡੀ ਨਾਲ ਭਰਪੂਰ ਫ਼ਿਲਮ ‘ਸ਼ੱਕਰਪਾਰੇ’ ਵਿੱਚ ਇਕਲਵਿਆ ਪਦਮ ਤੇ ਲਵ ਗਿੱਲ ਦੀ ਖੂਬਸੁਰਤ ਜੋੜੀ ਨੇ ਮੁੱਖ ਭੂਮਿਕਾ ਨਿਭਾਈ ਹੈ ਜਦਕਿ ਸਰਦਾਰ ਸੋਹੀ, ਸਵਿੰਦਰ ਮਾਹਲ,ਨਿਰਮਲ ਰਿਸ਼ੀ, ਸੀਮਾ ਕੌਸ਼ਲ,ਹਨੀ ਮੱਟੂ, ਦਿਲਾਵਰ ਸਿੱਧੂ, ਰਮਨਦੀਪ ਜੱਗਾ,ਅਰਸ਼ ਹੁੰਦਲ, ਗੋਨੀ ਸੱਗੂ ਅਤੇ ਮੋਨਿਕਾ ਆਦਿ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਇੱਕ ਪਿਆਰੇ ਜਿਹੇ ਕਤੂਰੇ ਦਾ ਵੀ ਅਹਿਮ ਕਿਰਦਾਰ ਹੈ। ਵੇਖਦੇ ਹਾਂ ਕਿ ਇਹ ਕਤੂਰਾ ਫ਼ਿਲਮ ਵਿਚਲੇ ਦੋ ਪ੍ਰੇਮੀਆਂ ਨੂੰ ਮਿਲਾਉਂਦਾ ਹੈ ਜਾਂ ਫਿਰ ਪਿਆਰ ਵਿੱਚ ਰੋੜਾ ਬਣਦਾ ਹੈ। ਫ਼ਿਲਮ ਦੀ ਹੀਰੋਇਨ ਦੀ ਗੱਲ ਕਰੀਏ ਤਾ ਅਦਾਕਾਰਾ ਲਵ ਗਿੱਲ ਇੱਕ ਜਾਣੀ ਪਛਾਣੀ ਅਦਾਕਾਰਾ ਹੈ।

ਜਿਸਨੇ ਇਸ ਤੋਂ ਪਹਿਲਾਂ ਛੋਟੇ ਪਰਦੇ ਦੇ ਅਨੇਕਾਂ ਲੜੀਵਾਰਾਂ ਤੋਂ ਇਲਾਵਾ ਪੰਜਾਬੀ ਫ਼ਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦਾ ਹੀਰੋ ਇਕਲਵਿਆ ਪਦਮ ਵੀ ਕਮਾਲ ਦਾ ਅਦਾਕਾਰ ਹੈ। ਉਸਨੇ ਇਸ ਫਿਲਮ ਰਾਹੀਂ ਵੱਡੇ ਪਰਦੇ ਵੱਲ ਕਦਮ ਵਧਾਇਆ ਹੈ ਉਮੀਦ ਹੈ ਕਿ ਦੋਵਾਂ ਦੀ ਜੋੜੀ ਪੰਜਾਬੀ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ।ਫ਼ਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਨੇ ਲਿਖੀ ਹੈ। ਡਾਇਲਾਗ ਜੱਸੀ ਢਿੱਲੋਂ ਅਤੇ ਸਰਬਜੀਤ ਸੰਧੂ ਨੇ ਲਿਖੇ ਹਨ। ਇਸ ਫ਼ਿਲਮ ਦੀ ਸੂਟਿੰਗ ਚੰਡੀਗੜ੍ਹ, ਮੋਹਾਲੀ ਅਤੇ ਮਨਾਲੀ ਦੀਆਂ ਸ਼ਾਨਦਾਰ ਲੁਕੇਸ਼ਨਾਂ ’ਤੇ ਕੀਤੀ ਗਈ ਹੈ ਤੇ ਬਹੁਤ ਜਲਦ ਇਹ ਫ਼ਿਲਮ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਪਿਆਰ ਮੁਹੱਬਤ ਦੀ ਨੋਕ ਝੋਕ ਅਤੇ ਕਾਮੇਡੀ ਭਰਪੂਰ ਇਹ ਫ਼ਿਲਮ 5 ਅਗਸਤ ਨੂੰ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਹੋਵੇਗੀ।