News
ਵਿਵਾਦਾਂ ਵਿੱਚ ਘਿਰੀ ਕੈਪਟਨ ਸਰਕਾਰ ‘ਤੇ ਵਿਰੋਧੀਆਂ ਦੇ ਤੰਜ
ਪੰਜਾਬ ਸਰਕਾਰ ਵਿੱਚ ਕੁੱਝ ਵੀ ਠੀਕ ਨਹੀਂ ਹੈ। ਕਦੇ ਪੰਜਾਬ ਵਿੱਚ ਅਫਸਰਸ਼ਾਹੀ ਭਾਰੂ ਹੋਣ ਦੇ ਇਲਜ਼ਾਮ ਲੱਗਦੇ ਹਨ ਤੇ ਕਦੇ ਮੰਤਰੀਆਂ, ਵਿਧਾਇਕਾਂ ਦੀ ਪੁੱਛ ਪੜਤਾਲ ਨਾ ਹੋਣ ਦੇ ਇਲਜ਼ਾਮ। ਇਨ੍ਹਾਂ ਮਸਲਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਸਰਕਾਰ ‘ਤੇ ਨਿਸ਼ਾਨੇ ਸਾਧ ਰਹੀਆਂ ਹਨ।
ਤਾਜ਼ਾ ਮਾਮਲਾ ਜੱਟ ਵਰਸਿਜ ਦਲਿਤ ਦਾ ਸਾਹਮਣੇ ਆਇਆ ਹੈ। ਜਿਸ ਵਿਚ ਦਲਿਤ ਵਿਧਾਇਕਾਂ ਨੇ ਜੱਟ ਮੰਤਰੀਆਂ ‘ਤੇ ਉਨ੍ਹਾਂ ਨੂੰ ਧਮਕਾਉਣ ਦੇ ਇਲਜ਼ਾਮ ਲਾਏ ਹਨ। ਇਸ ਮੁੱਦੇ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਸਰਕਾਰ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਦੇ ਅਖੌਤੀ ਧਰਮ-ਨਿਰਪੱਖ ਦੇ ਅਸਲੀ ਚਿਹਰੇ ਦਾ ਪਰਦਾਫਾਸ਼ ਹੋ ਗਿਆ ਹੈ। ਅਮਨ ਅਰੋੜਾ ਨੇ ਕਿਹਾ ਕਾਂਗਰਸ ਦੇ ਮੰਤਰੀ ਧਰਮ ਅਤੇ ਜਾਤ ਦੇ ਨਾਂ ਉੱਤੇ ਜੱਟ ਵਰਸਿਜ ਦਲਿਤ ਵਿੱਚ ਵੰਡੇ ਹੋਏ ਹਨ। ਉਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਤੰਜ ਕਸਦੇ ਹੋਏ ਕਿਹਾ ਤੁਹਾਡੀ ਅਗਵਾਈ ਹੇਠ ਪੰਜਾਬ ਦਾ ਪਹਿਲਾਂ ਹੀ ਮਾਫੀਆ ਦੁਆਰਾ ਬਹੁਤ ਨੁਕਸਾਨ ਹੋ ਚੁਕਿਆ ਹੈ, ਕਿਰਪਾ ਕਰਕੇ ਸਾਡੇ ਗੁਰੂਆਂ ਦੀ ਜ਼ਮੀਨ ਨੂੰ ਫਿਰਕੂ ਲੀਹਾਂ ‘ਤੇ ਨਾ ਵੰਡਣ ਦਿਓ।
ਦਸ ਦੇਈਏ ਕਿ ਪਿਛਲੀ ਕੈਬਨਿਟ ਮੀਟਿੰਗ ਵਿਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਹੋਈ ਤੂੰ ਤੂੰ ਮੈਂ ਮੈਂ ਕਰਕੇ ਬਾਈਕਾਟ ਕਰ ਦਿੱਤਾ ਗਿਆ ਸੀ,ਉਸ ਵਿਵਾਦ ਦਾ ਹਾਲੇ ਨਿਪਟਾਰਾ ਵੀ ਨਹੀਂ ਹੋਇਆ ਕਿ ਉਸੇ ਮਾਮਲੇ ਨੂੰ ਲੈ ਕੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਪਹੁੰਚ ਕੇ ਧਮਕੀ ਦੇਣ ਦਾ ਨਵਾਂ ਵਿਵਾਦ ਸੁਰਖੀਆਂ ਵਿੱਚ ਆ ਗਿਆ ਹੈ। ਇੱਥੇ ਹੀ ਬੱਸ ਨਹੀਂ ਦਲਿਤ ਵਿਧਾਇਕ ਜੋਗਿੰਦਰ ਪਾਲ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵੀ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਾਉਂਦਿਆਂ ਮੀਡੀਆ ਵਿੱਚ ਮਾਮਲਾ ਉਜਾਗਰ ਕੀਤਾ ਹੈ।