National
ਰਾਸ਼ਟਰਪਤੀ ਨੇ CEC ਬਿੱਲ ਨੂੰ ਦਿੱਤੀ ਮਨਜ਼ੂਰੀ

30 ਦਸੰਬਰ 2023 : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਅਤੇ ਹੋਰ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਲਈ ਬਿਲ ਨੂੰ ਮਨਜ਼ੂਰੀ ਦੇ ਦਿਤੀ ਹੈ। ਸ਼ੁਕਰਵਾਰ ਨੂੰ ਜਾਰੀ ਇਕ ਸਰਕਾਰੀ ਨੋਟੀਫਿਕੇਸ਼ਨ ’ਚ ਇਹ ਜਾਣਕਾਰੀ ਦਿਤੀ ਗਈ। ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰ (ਨਿਯੁਕਤੀ, ਸੇਵਾ ਦੀਆਂ ਸ਼ਰਤਾਂ ਅਤੇ ਅਹੁਦੇ ਦੀ ਮਿਆਦ) ਬਿੱਲ, 2023 ਵਿਚ ਮੁੱਖ ਚੋਣ ਕਮਿਸ਼ਨਰ ਜਾਂ ਚੋਣ ਕਮਿਸ਼ਨ ਦੀ ਨਿਯੁਕਤੀ ਲਈ ਚੋਣ ਕਮੇਟੀ ’ਤੇ ਵਿਚਾਰ ਕਰਨ ਦੀ ਪ੍ਰਕਿਰਿਆ ਲਈ ਕਾਨੂੰਨ ਮੰਤਰੀ ਦੀ ਅਗਵਾਈ ਵਿਚ ਇਕ ‘ਸਰਚ ਕਮੇਟੀ’ ਦੇ ਗਠਨ ਦਾ ਪ੍ਰਬੰਧ ਹੈ।ਰਾਸ਼ਟਰਪਤੀ ਨੇ ‘ਪ੍ਰੈਸ ਐਂਡ ਪੀਰੀਓਡਿਕਲ ਮੈਗਜ਼ੀਨ ਰਜਿਸਟ੍ਰੇਸ਼ਨ ਬਿਲ, 2023’ ਨੂੰ ਵੀ ਅਪਣੀ ਸਹਿਮਤੀ ਦੇ ਦਿਤੀ ਜੋ ਬ੍ਰਿਟਿਸ਼ ਕਾਲ ਦੌਰਾਨ ਹੋਂਦ ’ਚ ਆਏ 1867 ਦੇ ਐਕਟ ਦੀ ਥਾਂ ਲਵੇਗਾ। ਰਾਸ਼ਟਰਪਤੀ ਮੁਰਮੂ ਨੇ ‘ਕੇਂਦਰੀ ਵਸਤੂ ਅਤੇ ਸੇਵਾਵਾਂ ਟੈਕਸ (ਦੂਜੀ ਸੋਧ) ਬਿਲ 2023’ ਅਤੇ ‘ਆਰਜ਼ੀ ਟੈਕਸ ਕੁਲੈਕਸ਼ਨ ਬਿਲ 2023’ ਨੂੰ ਵੀ ਮਨਜ਼ੂਰੀ ਦੇ ਦਿਤੀ। ਇਹ ਬਿਲ ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਪਾਸ ਕੀਤੇ ਗਏ ਸਨ।