Punjab
ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਚੁੱਕਿਆ ਅਹਿਮ ਕਦਮ, ਪਟਵਾਰੀ ਜਾਂ ਤਹਿਸੀਲਦਾਰ ਕੋਲ ਜਾਣ ਵਾਲੇ ਦੇਣ ਜ਼ਰਾ ਧਿਆਨ

ਪੰਜਾਬ ਸਰਕਾਰ ਲੋਕਾਂ ਨੂੰ ਹਰ ਕਦਮ ‘ਤੇ ਸਹੂਲਤ ਦੇਣ ਲਈ ਵਚਨਬੱਧ ਹੈ। ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਅਹਿਮ ਕਦਮ ਚੁੱਕੇ ਹਨ। ਸਰਕਾਰ ਨੇ 2 ਵਟਸਐਪ ਨੰਬਰ ਜਾਰੀ ਕੀਤੇ ਹਨ। ਇੱਕ ਨੰਬਰ ਭਾਰਤ ਲਈ 81849-00002 ਅਤੇ ਪਰਵਾਸੀ ਭਾਰਤੀਆਂ ਲਈ 94641-00168 ਜਾਰੀ ਕੀਤਾ ਗਿਆ ਹੈ। ਪਟਵਾਰੀ ਜਾਂ ਤਹਿਸੀਲਦਾਰ ਤੋਂ ਪ੍ਰੇਸ਼ਾਨ ਲੋਕ ਇਨ੍ਹਾਂ ਨੰਬਰਾਂ ‘ਤੇ ਆਪਣੀ ਸ਼ਿਕਾਇਤ ਭੇਜ ਸਕਦੇ ਹਨ।
ਜੇਕਰ ਕੋਈ ਪਟਵਾਰੀ ਜਾਂ ਤਹਿਸੀਲਦਾਰ ਜ਼ਮੀਨ ਦੀ ਰਜਿਸਟਰੀ ਸਬੰਧੀ ਕਿਸੇ ਵੀ ਤਰ੍ਹਾਂ ਨਾਲ ਛੇੜਛਾੜ ਕਰਦਾ ਹੈ ਜਾਂ ਟਾਲ-ਮਟੋਲ ਕਰਦਾ ਹੈ, ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਜ਼ਮੀਨ ਦੇ ਮਾਮਲੇ ਵਿੱਚ ਕਿਸੇ ਕਿਸਮ ਦੀ ਸੁਣਵਾਈ ਨਹੀਂ ਕਰਦਾ ਤਾਂ ਲੋਕ ਵਟਸਐਪ ਨੰਬਰ ‘ਤੇ ਲਿਖਤੀ ਰੂਪ ਵਿੱਚ ਆਪਣੀ ਸ਼ਿਕਾਇਤ ਦੇ ਸਕਦੇ ਹਨ। ਲਿਖਤੀ ਰੂਪ ਵਿੱਚ ਪ੍ਰਾਪਤ ਹੋਈ ਸ਼ਿਕਾਇਤ ਦਾ ਨਿਪਟਾਰਾ 21 ਦਿਨਾਂ ਵਿੱਚ ਕੀਤਾ ਜਾਵੇਗਾ।
ਪੰਜਾਬ ਸਰਕਾਰ ਜਲਦੀ ਹੀ ਤਹਿਸੀਲਾਂ ਅਤੇ ਪਟਵਾਰਖਾਨਿਆਂ ਵਿੱਚ ਰਜਿਸਟਰੀ ਦੀ ਭਾਸ਼ਾ ਸਰਲ ਕਰਨ ਜਾ ਰਹੀ ਹੈ। ਪਹਿਲਾਂ ਉਰਦੂ ਅਤੇ ਫਾਰਸੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਸੀ, ਹੁਣ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਪੰਜਾਬੀ ਭਾਸ਼ਾ ਵਿੱਚ ਕੀਤਾ ਜਾਵੇਗਾ ਤਾਂ ਜੋ ਲੋਕ ਆਪਣੀ ਰਜਿਸਟਰੀ ਚੰਗੀ ਤਰ੍ਹਾਂ ਪੜ੍ਹ ਸਕਣ। ਕਈ ਵਾਰ ਇੱਕ ਅੱਖਰ ਦੀ ਗਲਤੀ ਨਾਲ ਰਜਿਸਟਰੀ ਦੀ ਪੂਰੀ ਤਸਵੀਰ ਹੀ ਬਦਲ ਜਾਂਦੀ ਹੈ, ਜਿਸ ਕਾਰਨ ਸਰਕਾਰ ਨੇ ਰਜਿਸਟਰੀ ਪੰਜਾਬੀ ਭਾਸ਼ਾ ਵਿੱਚ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਲੋਕ ਇਸਨੂੰ ਪੜ੍ਹ ਸਕਣ।