Uncategorized
ਬਲਦੇਵ ਸਿੰਘ ਦੇ ਸੰਪਰਕ ‘ਚ ਰਹੇ ਤਿੰਨ ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
ਜਲੰਧਰ, 8 ਅਪ੍ਰੈਲ : ਕੋਰੋਨਾ ਵਾਇਰਸ ਤੋਂ ਪੀੜਤ 6 ਵਿਅਕੀਤਆਂ ਵਿਚੋਂ ਤਿੰਨ ਵਿਅਕਤੀਆਂ ਦੀ ਇਲਾਜ਼ ਤੋਂ ਬਾਅਦ ਰਿਪੋਰਟ ਨੈਗੇਟਿਵ ਪਾਈ ਗਈ ਜਿਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਤਿੰਨ ਵਿਅਕਤੀ ਜਿਨ੍ਹਾਂ ਵਿੱਚ ਹਰਦੀਪ ਸਿੰਘ, ਬਲਜਿੰਦਰ ਕੌਰ ਅਤੇ ਹਰਜਿੰਦਰ ਸਿੰਘ ਪਿੰਡ ਵਿਰਕ ਦੇ ਵਸਨੀਕ ਸਨ ਅਤੇ ਇਹ ਤਿੰਨੋ ਬਲਦੇਵ ਸਿੰਘ ਜਿਸ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਸੀ ਨਾਲ ਬਹੁਤ ਨੇੜੇਲੇ ਸੰਪਰਕ ਵਿੱਚ ਸਨ। ਇਹਨਾਂ ਸਾਰੇ ਮਰੀਜ਼ਾਂ ਨੂੰ 20 ਮਾਰਚ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ‘ਤੇ ਦਾਖਲ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ 24 ਮਾਰਚ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਤਬਦੀਲ ਕੀਤਾ ਗਿਆ ਜਿਥੇ ਉਹਨਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ। ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਦੀ ਅਗਵਾਈ ਵਾਲੀ ਮੈਡੀਕਲ ਟੀਮ ਵਲੋਂ ਸਿਵਲ ਹਸਪਤਾਲ ਵਿਖੇ 14 ਦਿਨਾਂ ਤੱਕ ਇਹਨਾਂ ਦਾ ਇਲਾਜ ਕੀਤਾ ਗਿਆ।
ਸਿਵਲ ਹਸਪਤਾਲ ਵਿੱਚੋਂ ਇਹਨਾਂ ਵਿਅਕਤੀਆਂ ਦੇ ਇਲਾਜ ਉਪਰੰਤ ਦੁਬਾਰਾ ਸੈਂਪਲ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਅੰਮਿਤਸਰ ਵਿਖੇ 6 ਅਪ੍ਰੈਲ ਨੂੰ ਭੇਜੇ ਗਏ ਸਨ ਜਿਨਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਇਸੇ ਤਰ੍ਹਾਂ 7 ਅਪ੍ਰੈਲ ਨੂੰ ਇਕ ਵਿਅਕਤੀ ਦਾ ਸੈਂਪਲ ਦੁਬਾਰਾ ਜਾਂਚ ਲਈ ਭੇਜਿਆ ਗਿਆ ਸੀ ਅਤੇ ਰਿਪੋਰਟ ਨੈਗੇਟਿਵ ਆਉਣ ‘ਤੇ ਇਹਨਾਂ ਤਿੰਨਾਂ ਨੂੰ ਸਿਵਲ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ।
ਇਹਨਾਂ ਮਰੀਜ਼ਾਂ ਵਲੋਂ ਸਿਵਲ ਹਸਪਤਾਲ ਵਿਖੇ ਦਿੱਤੀ ਗਈ ਇਲਾਜ ਦੀ ਸਹੂਲਤ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਸਾਰੇ ਮੈਡੀਕਲ ਅਤੇ ਪੈਰਾ ਮੈਡੀਕਲ ਅਮਲੇ ਦਾ ਧੰਨਵਾਦ ਕੀਤਾ ਜਿਨਾ ਵਲੋਂ ਉਨਾਂ ਦੀ ਬਹੁਤ ਵਧੀਆ ਢੰਗ ਨਾਲ ਦੇਖਭਾਲ ਕੀਤੀ ਗਈ। ਇਸ ਮੌਕੇ ਇਹਨਾਂ ਮਰੀਜ਼ਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਵੀ ਇਸ ਔਖੀ ਘੜੀ ਵਿੱਚ ਪੁਖ਼ਤਾ ਪ੍ਰਬੰਧ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।