Punjab
ਖੇਡ ਵਿਭਾਗ ਵੱਲੋਂ ਖੇਡ ਟਰਾਇਲਾਂ ਦੀ ਸਮਾਂ ਸਾਰਣੀ ਜਾਰੀ

ਪਟਿਆਲਾ: ਖੇਡ ਵਿਭਾਗ ਵੱਲੋਂ ਸੈਸ਼ਨ 2022-23 ਦੌਰਾਨ ਕਾਲਜਾਂ ਦੇ ਸਪੋਰਟਸ ਵਿੰਗਾਂ ਵਿੱਚ ਹੋਣਹਾਰ ਖਿਡਾਰੀ ਅਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ 22 ਤੇ 23 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜਦਾਨ ਨੇ ਦੱਸਿਆ ਕਿ 22 ਜੁਲਾਈ ਨੂੰ ਲੜਕੇ ਅਤੇ 23 ਜੁਲਾਈ ਨੂੰ ਲੜਕੀਆਂ ਦੇ ਪੋਲੋ ਗਰਾਊਂਡ ਪਟਿਆਲਾ ਕੰਪਲੈਕਸ ਵਿਖੇ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਸਾਈਕਲਿੰਗ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਜਿਮਨਾਸਟਿਕ (ਆਰਟਿਸਟਿਕ ਅਤੇ ਰਿਧਮਿਕ), ਕਬੱਡੀ, ਖੋ ਖੋ, ਟੇਬਲ ਟੈਨਿਸ, ਲਾਅਨ ਟੈਨਿਸ, ਤੈਰਾਕੀ, ਵਾਲੀਬਾਲ, ਵੇਟ ਲਿਫ਼ਟਿੰਗ ਅਤੇ ਕੁਸ਼ਤੀ ਗੇਮਾਂ ਦੇ ਟਰਾਇਲ ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦੇ ਕਾਲਜ ਲਈ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਟਰਾਇਲਾਂ ਲਈ ਖਿਡਾਰੀ ਦੀ ਉਮਰ 1 ਜਨਵਰੀ 2022 ਨੂੰ 25 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਚੁਣੇ ਗਏ ਰੈਜੀਂਡੈਸ਼ਲ ਖਿਡਾਰੀਆ ਨੂੰ 200 ਰੁਪਏ ਅਤੇ ਡੇ ਸਕਾਲਰ ਖਿਡਾਰੀਆਂ ਨੂੰ 100 ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ, ਖੇਡ ਸਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਯੋਗ ਖਿਡਾਰੀ ਨਿਸ਼ਚਿਤ ਮਿਤੀਆਂ ਨੂੰ ਨਿਸ਼ਚਿਤ ਸਥਾਨ ਉੱਤੇ ਸਵੇਰੇ 8:00 ਵਜੇ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਨੂੰ ਰਿਪੋਰਟ ਕਰਨਗੇ।
ਉਨ੍ਹਾਂ ਦੱਸਿਆ ਕਿ ਦਾਖਲ ਫਾਰਮ ਟਰਾਇਲ ਸਥਾਨ ਉੱਤੇ ਲਏ ਜਾ ਸਕਦੇ ਹਨ। ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆ ਕਾਪੀਆਂ ਸਮੇਤ ਦੋ ਤਾਜ਼ਾ ਪਾਸਪੋਰਟ ਸਾਈਜ਼ ਫ਼ੋਟੋਆਂ ਲੈ ਕੇ ਆਉਣਗੇ।