Connect with us

Punjab

ਪੰਜਾਬ ਵਿਚ 47.2 ਡਿਗਰੀ ਪਹੁੰਚਿਆ ਤਾਪਮਾਨ

Published

on

ਪੰਜਾਬ ਵਾਸੀਆਂ ਨੂੰ ਇਸ ਹਫ਼ਤੇ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੰਗਲਵਾਰ ਤੋਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ 7 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਆਮ ਨਾਲੋਂ 7.2 ਡਿਗਰੀ ਵਧਿਆ ਤਾਪਮਾਨ

ਪੰਜਾਬ ਵਿੱਚ ਤਾਪਮਾਨ ਆਮ ਨਾਲੋਂ 7.2 ਡਿਗਰੀ ਵੱਧ ਹੈ। ਸਮਰਾਲਾ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 47.2 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ, ਜੂਨ ਵਿੱਚ 1 ਜੂਨ ਤੋਂ 16 ਆਮ ਨਾਲੋਂ 87% ਘੱਟ ਮੀਂਹ ਦਰਜ ਕੀਤੀ ਗਈ ਹੈ। ਜੂਨ ਵਿੱਚ ਹੁਣ ਤੱਕ 2.3 ਮਿਲੀਮੀਟਰ ਮੀਂਹ ਪਿਆ।

16 ਜ਼ਿਲ੍ਹਿਆਂ ‘ਚ ਰੈਡ ਅਲਰਟ ਜਾਰੀ

ਜਿਨ੍ਹਾਂ 16 ਜ਼ਿਲ੍ਹਿਆਂ ‘ਚ ਹੀਟ ਵੇਵ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ ‘ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਮੋਹਾਲੀ ਅਤੇ ਮਲੇਰਕੋਟਲਾ ਸ਼ਾਮਲ ਹਨ। ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ ਅਤੇ ਫ਼ਤਿਹਗੜ੍ਹ ਸਾਹਿਬ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਵਿੱਚ ਤੇਜ਼ ਗਰਮੀ ਦੀ ਚੇਤਾਵਨੀ ਦਿੱਤੀ ਹੈ। 15 ਜ਼ਿਲ੍ਹਿਆਂ ਵਿੱਚ ਤਾਪਮਾਨ 45 ਡਿਗਰੀ ਤੋਂ ਉਪਰ ਰਿਹਾ।

ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ

ਸਿਹਤ ਵਿਭਾਗ ਨੇ ਗਰਮੀ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੇ ਮੁਤਾਬਕ ਗਰਮੀ ਤੋਂ ਬਚਣ ਲਈ ਖੂਬ ਪਾਣੀ ਪੀਣਾ ਚਾਹੀਦਾ ਹੈ। ਜੋ ਲੋਕ ਦਿਲ, ਗੁਰਦੇ ਜਾਂ ਜਿਗਰ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਅਤੇ ਘੱਟ ਪਾਣੀ ਪੀਂਦੇ ਹਨ, ਉਨ੍ਹਾਂ ਲੋਕਾਂ ਨੂੰ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਆਪਣੇ ਤਰਲ ਪਦਾਰਥਾਂ ਦਾ ਸੇਵਨ ਵਧਾਉਣਾ ਚਾਹੀਦਾ ਹੈ।

ਗਰਮੀ ਤੋਂ ਬਚਣ ਲਈ ਕੁੱਝ ਉਪਾਅ

1. ਘਰ ਵਿੱਚ ਬਣੇ ਤਰਲ ਪਦਾਰਥ ਜਿਵੇਂ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਆਦਿ ਦਾ ਸੇਵਨ ਕੀਤਾ ਜਾ ਸਕਦਾ ਹੈ।
2. ਬਾਹਰ ਜਾਣ ਵੇਲੇ ਹਮੇਸ਼ਾ ਹਲਕੇ ਰੰਗ ਦੇ ਕੱਪੜੇ ਪਹਿਨੋ।
3. ਘਰ ਤੋਂ ਬਾਹਰ ਨਿਕਲਦੇ ਸਮੇਂ ਆਪਣੇ ਸਿਰ ਅਤੇ ਹੱਥਾਂ ਨੂੰ ਸਿਲ੍ਹੇ ਕੱਪੜੇ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖੋ।
4. ਬਾਹਰ ਜਾਣ ਵੇਲੇ ਟੋਪੀ ਤੇ ਛਤਰੀਆਂ ਦੀ ਵਰਤੋਂ ਕਰੋ।
5. ਅੱਖਾਂ ਦੀ ਸੁਰੱਖਿਆ ਲਈ ਚਸ਼ਮੇ ਦੀ ਵਰਤੋਂ ਕਰੋ।
6. ਚਮੜੀ ਦੀ ਸੁਰੱਖਿਆ ਲਈ ਸਨਸਕ੍ਰੀਨ ਦੀ ਵਰਤੋਂ ਕਰੋ।