India
ਖਤਰਾ ਕੋਰੋਨਾ ਤੋਂ ਨਹੀਂ, ਲੀਡਰਸ਼ਿਪ ਦੀ ਘਾਟ ਤੋਂ ਹੈ- WHO

- ਬਚ ਕੇ ਰਹੋ, ਕੋਈ ਗ਼ਲਤੀ ਨਾ ਕਰੋ- WHO
- ਵਿਸ਼ਵ ਭਰ ’ਚ ਸਵਾ ਕਰੋੜ ਤੋਂ ਵੱਧ ਲੋਕ ਕੋਰੋਨਾ ਪੀੜਤ
11 ਜੁਲਾਈ : ਕੋਰੋਨਾਵਾਇਰਸ ਕਾਰਨ ਦੁਨੀਆਂ ਭਰ ’ਚ ਸਵਾ ਕਰੋੜ ਤੋਂ ਵੱਧ ਲੋਕ ਪੀੜਤ ਹੋ ਚੁੱਕੇ ਨੇ ਅਤੇ ਸਾਢੇ 5 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਵਧ ਰਹੇ ਕਹਿਰ ’ਤੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਮੌਜੂਦਾ ਸਮੇਂ ’ਚੋ ਕੋਰੋਨਾ ਤੋਂ ਓਨਾ ਖਤਰਾ ਨਹੀਂ ਜਿੰਨਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਲੀਡਰਸ਼ਿਪ ਦੀ ਕਮੀ ਤੋਂ ਹੈ।
WHO ਦੇ ਡਾਇਰੈਕਟਰ ਟੇਡ੍ਰੋਸ ਨੇ ਕਿਹਾ, ਬਚ ਕੇ ਰਹੋ, ਕੋਈ ਗ਼ਲਤੀ ਨਾ ਕਰੋ… ਹੁਣ ਜੋ ਖਤਰਾ ਸਾਡੇ ਸਾਹਮਣੇ ਹੈ ਉਹ ਵਾਇਰਸ ਤੋਂ ਨਹੀਂ ਹੈ। ਇਹ ਅੰਤਰਰਾਸ਼ਟਰੀ ਪੱਧਰ ’ਤੇ ਲੀਡਰਸ਼ਿਪ ਅਤੇ ਸਾਡੀ ਏਕਤਾ ’ਚ ਕਮੀ ਹੈ। ਅਸੀਂ ਵੰਡੇ ਹੋਏ ਹਾਂ ਅਤੇ ਇਹੀ ਵਜ੍ਹਾ ਹੈ ਕਿ ਏਨੀਆਂ ਜਾਨਾਂ ਗਵਾਉਣ ਤੋਂ ਬਾਅਦ ਵੀ ਅਸੀਂ ਇਸ ਮਹਾਂਮਾਰੀ ਨੂੰ ਹਰਾ ਨਹੀਂ ਸਕ ਰਹੇ ਹਾਂ।
WHO ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦਾ ਗਰਭਵਤੀ ਔਰਤਾਂ ’ਤੇ ਕੀ ਅਸਰ ਪੈਂਦਾ ਹੈ। ਇਸ ਨੂੰ ਲੈ ਕੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਹਾਲ ਹੀ ’ਚ ਕੁੱਝ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਗਰਭਵਤੀ ਔਰਤਾਂ ਨੂੰ ਕੋਰੋਨਾਵਾਇਰਸ ਹੋਣ ਦਾ ਖਤਰਾ ਵਧੇਰੇ ਰਹਿੰਦਾ ਹੈ।
ਸਿੰਘਾਪੁਰ ’ਚ ਕੋਰੋਨਾਵਾਇਰਸ ਦੇ ਚਲਦਿਆਂ ਆਮ ਚੋਣਾਂ ਲਈ ਵੋਟਿੰਗ ਹੋਈ। ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਲੀ ਸੇਨ ਲੁੰਗ ਦੇ ਚੋਣ ਕਰਵਾਉਣ ਦੇ ਫ਼ੈਸਲੇ ’ਤੇ ਸਵਾਲ ਉਠਾਇਆ ਸੀ।
ਆਸਟ੍ਰੇਲੀਆ ਨੇ ਮੁੜ ਸਖਤੀ ਕਰਦਿਆਂ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ ਘਟਾ ਦਿੱਤੀ ਹੈ। ਦੂਸਰੇ ਦੇਸ਼ਾਂ ਤੋਂ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਲਈ 14 ਦਿਨ ਦਾ ਕੁਆਰੰਟਾਇਨ ਜ਼ਰੂਰੀ ਹੈ। ਰਾਜਧਾਨੀ ਮੈਲਬਰਨ ’ਚ ਸੰਕ੍ਰਮਣ ਵਧਣ ਕਾਰਨ 6 ਹਫਤਿਆਂ ਲਈ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਅਮਰੀਕਾ ਦੇ ਇੱਕ ਵਿਗਿਆਨੀ ਨੇ ਕਿਹਾ ਹੈ ਕਿ ਅਮਰੀਕਾ ਇੱਕ ਬਹੁਤ ਗੰਭੀਰ ਸਮੱਸਿਆ ’ਚ ਖੜਾ ਹੈ। ਪਰ ਅਮਰੀਕਾ ਜਲਦ ਹੀ ਸਕੂਲ ਖੋਲ੍ਹਣ ਜਾ ਰਿਹਾ ਹੈ। ਗਵਰਨਰ ਹੈਨਰੀ ਮੈਕਮਾਸਟਰ ਨੇ ਕਿਹਾ ਕਿ ਬੱਚਿਆਂ ਦੇ ਘਰ ’ਚ ਰਹਿਣ ਕਾਰਨ ਲੋਕ ਕੰਮਾਂ ’ਤੇ ਨਹੀਂ ਜਾ ਰਹੇ। ਇਸ ਲਈ ਜਲਦ ਹੀ ਸਕੂਲ ਖੋਲ੍ਹੇ ਜਾਣਗੇ।
ਬ੍ਰਿਟੇਨ ’ਚ ਇੱਕ ਵਾਰ ਫਿਰ ਤੋਂ ਸੰਕ੍ਰਮਣ ਦਾ ਖਤਰਾ ਸਾਹਮਣੇ ਆ ਰਿਹਾ ਹੈ। ਬ੍ਰਿਟੇਨ ’ਚ ਮਾਸਕ ਨੂੰ ਲੈ ਕੇ ਨਿਯਮ ਹੋਰ ਸਖਤ ਕੀਤੇ ਜਾਣਗੇ।
ਮੈਕਸੀਕੋ ਸਰਕਾਰ ਨੇ ਰਾਜਧਾਨੀ ਨਿਊ ਮੈਕਸੀਕੋ ਸਿਟੀ ਦੇ ਸਾਰੇ ਰੈਸਤਰਾਂ ਦੇ ਅੰਦਰ ਲੋਕਾਂ ਦੇ ਬੈਠਣ ’ਤੇ ਪਾਬੰਦੀ ਲਗਾ ਦਿੱਤੀ ਹੈ।
ਓਧਰ ਚੀਨ ਦਾ ਕਹਿਣਾ ਹੈ ਕਿ ਕਜਾਕਿਸਤਾਨ ’ਚ ਕੋਵਿਡ-19 ਤੋਂ ਜ਼ਿਆਦਾ ਖਤਰਨਾਕ ਵਾਇਰਸ ਮੌਜੂਦ ਹੈ। ਕਜਾਕਿਸਤਾਨ ’ਚ ਚੀਨ ਦੇ ਰਾਜਦੂਤ ਨੇ ਦੱਸਿਆ ਕਿ ਇਥੇ ਇੱਕ ਨਵੀਂ ਤਰ੍ਹਾਂ ਦਾ ਘਾਤਕ ਨਿਮੋਨੀਆ ਸਾਹਮਣੇ ਆਇਆ ਹੈ। ਇਸ ਨਾਲ ਜੂਨ ਮਹੀਨੇ ’ਚ ਹੀ ਇਥੇ 600 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਕਜਾਕਿਸਤਾਨ ’ਚ ਹੁਣ ਤੱਕ ਨਿਮੋਨੀਆ ਨਾਲ 1772 ਲੋਕਾਂ ਦੀ ਜਾਨ ਜਾ ਚੁੱਕੀ ਹੈ। ਓਧਰ ਕਜਾਕਿਸਤਾਨ ਨੇ ਇਸ ਨੂੰ ਅਫਵਾਹ ਦੱਸਦਿਆਂ ਕਿਹਾ ਕਿ ਇਹ ਕੇਵਲ ਆਮ ਨਿਮੋਨੀਆ ਹੈ।