Punjab
ਟਿੱਪਰ ਡਰਾਈਵਰ ਨੇ ਨੀਂਦ ਦੇ ਝੋਕੇ ‘ਚ ਚੜ੍ਹਾਇਆ ਪੁਲਿਸ ਚੈੱਕ ਪੋਸਟ ‘ਤੇ…

ਗੁਰਦਾਸਪੁਰ 11ਅਕਤੂਬਰ 2023: ਮਾਲ ਅਨਲੋਡ ਕਰਕੇ ਵਾਪਸ ਆਪਣੇ ਸ਼ਹਿਰ ਨੂੰ ਪਰਤ ਰਹੇ ਟਿੱਪਰ ਦੇ ਡਰਾਈਵਰ ਨੂੰ ਸ਼ਿਖਰ ਦੁਪਹਿਰੇ ਨੀਂਦ ਆ ਗਈ ਤੇ ਨੀਂਦ ਦੇ ਝੌਂਕੇ ਵਿੱਚ ਮਿੰਟਾਂ ਸਕਿੰਟਾਂ ਵਿੱਚ ਟਿੱਪਰ ਚੌਕੀ ਵਿੱਚ ਬਣੀ ਪੁਲਿਸ ਚੈੱਕ ਪੋਸਟ ਤੇ ਚੜ ਗਿਆ ਤੇ ਪੁਲਿਸ ਚੈਕਪੋਸਟ ਨੂੰ ਤਬਾਹ ਕਰ ਦਿੱਤਾ। ਘਟਨਾ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਚੌਂਕ ਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਮਲੇਰਕੋਟਲਾ ਦਾ ਰਹਿਣ ਵਾਲਾ ਡਰਾਈਵਰ ਹਰਪਾਲ ਸਿੰਘ ਮਲੇਰ ਕੋਟਲਾ ਤੋਂ ਅਜਨਾਲੇ ਲਈ ਟਿੱਪਰ ਤੇ ਕਰੈਸ਼ਰ ਲੈ ਕੇ ਗਿਆ ਸੀ। ਅਜਨਾਲਾ ਵਿੱਚ ਗੱਡੀ ਅਨਲੋਡ ਕਰਕੇ ਉਹ ਵਾਪਸ ਮਲੋਰਕੋਟਲੇ ਪਰਤ ਰਿਹਾ ਸੀ ਕਿ ਰਸਤੇ ਵਿੱਚ ਦੁਪਹਿਰ 2 ਵਜੇ ਦੇ ਕਰੀਬ ਜਦੋਂ ਗੁਰਦਾਸਪੁਰ ਬੱਬਰੀ ਬਾਈਪਾਸ ਚੌਂਕ ਦੇ ਨਾਕੇ ਤੂੰ ਥੋੜਾ ਪਿੱਛੇ ਹੀ ਸੀ ਕਿ ਅਚਾਨਕ ਉਸਨੂੰ ਨੀਂਦ ਦੀ ਝਪਕੀ ਆ ਗਈ। ਜਦੋਂ ਤੱਕ ਉਹ ਸੰਭਲਦਾ ਟਿੱਪਰ ਚੌਕ ਵਿੱਚ ਬਣੀ ਛੋਟੀ ਚੈਕ ਪੋਸਟ ਤੇ ਚੜ ਚੁੱਕਿਆ ਸੀ। ਟਿੱਪਰ ਦੀ ਚਪੇਟ ਵਿੱਚ ਆਉਣ ਨਾਲ ਬੱਬਰੀ ਬਾਈਪਾਸ ਚੌਂਕ ਵਿੱਚ ਬਣਾਈ ਗਈ ਛੋਟੀ ਚੌਂਕ ਪੋਸਟ ਲਗਭਗ ਪੂਰੀ ਤਰਾਂ ਨਾਲ ਤਬਾਹ ਹੋ ਗਈ ਪਰ ਗਨੀਮਤ ਇਹ ਰਹੀ ਕਿ ਉਸ ਵੇਲੇ ਉਸ ਦੇ ਅੰਦਰ ਕੋਈ ਪੁਲਿਸ ਮੁਲਾਜ਼ਮ ਨਹੀਂ ਸੀ ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਬੱਬਰੀ ਨਾਕੇ ਤੇ ਮੌਜੂਦ ਏਐਸਆਈ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਦੁਪਹਿਰ 2 ਵਜੇ ਦੇ ਕਰੀਬ ਉਹ ਬੱਬਰੀ ਚੌਕੀ ਨਾਕੇ ਤੇ ਮੌਜੂਦ ਸਨ ਕਿ ਇੱਕ ਟਿੱਪਰ ਬੇਕਾਬੂ ਹੋ ਕੇ ਚੌਂਕ ਵਿੱਚ ਬਣੀ ਛੋਟੀ ਪੁਲਿਸ ਚੌਕ ਪੋਸਟ ਨਾਲ ਆ ਟਕਰਾਇਆ। ਟਿੱਪਰ ਦੀ ਚਪੇਟ ਵਿੱਚ ਕੋਈ ਵਿਅਕਤੀ ਤਾਂ ਨਹੀਂ ਆਇਆ ਪਰ ਚੌਂਕੀ ਤਬਾਹ ਹੋ ਗਈ ਹੈ। ਟਿੱਪਰ ਦੇ ਡਰਾਈਵਰ ਨੇ ਦੱਸਿਆ ਹੈ ਕਿ ਅਚਾਨਕ ਉਸ ਨੂੰ ਨੀਂਦ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੈ। ਫਿਲਹਾਲ ਉਸਨੂੰ ਅਤੇ ਟਿੱਪਰ ਨੂੰ ਕਾਬੂ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।