Corona Virus
ਵਿਜੀਲੈਂਸ ਵੱਲੋਂ ਸੈਨੇਟਾਈਜ਼ਰ ਤੇ ਮਾਸਕ ਮਹਿੰਗੇ ਰੇਟਾਂ ‘ਤੇ ਵੇਚਣ ਵਾਲੇ ਤਿੰਨ ਦੁਕਾਨਦਾਰ ਗ੍ਰਿਫਤਾਰ
ਚੰਡੀਗੜ 21 ਮਈ : ਰਾਜ ਵਿਜੀਲੈਂਸ ਬਿਓਰੋ ਨੇ ਕਾਲੇ ਬਾਜਾਰੀਕਰਨ ਲਈ ਜਰੂਰੀ ਵਸਤਾਂ ਦੇ ਭੰਡਾਰ ਨੂੰ ਰੋਕਣ ਲਈ ਅੱਜ ਦਵਾਈਆਂ ਵੇਚਣ ਵਾਲੇ ਤਿੰਨ ਦੁਕਾਨਦਾਰਾਂ ਨੂੰ ਲੋਕਾਂ ਨੂੰ ਵਾਧੂ ਰੇਟਾਂ ਉਤੇ ਸੈਨੇਟਾਈਜ਼ਰ ਅਤੇ ਮਾਸਕ ਵੇਚਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਡਾਇਰੈਕਟਰ-ਕਮ-ਏ.ਡੀ.ਜੀ.ਪੀ.ਵਿਜੀਲੈਂਸ ਬਿਓਰੋ ਪੰਜਾਬ, ਬੀ.ਕੇ. ਉੱਪਲ ਨੇ ਕਿਹਾ ਕਿ ਬਿਓਰੋ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਇਕ ਵਿਸ਼ੇਸ਼ ਮੁਹਿੰਮ ਪਹਿਲਾਂ ਹੀ ਸੁਰੂ ਕੀਤੀ ਹੋਈ ਹੈ ਤਾਂ ਜੋ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਰੇਟਾਂ ‘ਤੇ ਆਮ ਲੋਕਾਂ ਨੂੰ ਜਰੂਰੀ ਵਸਤਾਂ ਸਮੇਤ ਸੈਨੇਟਾਈਜ਼ਰ ਅਤੇ ਮਾਸਕ ਦੀ ਸਹੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ”ਇਹ ਮੁਹਿੰਮ ਬਿਨਾਂ ਰੁਕਾਵਟ ਜਾਰੀ ਰਹੇਗੀ ਅਤੇ ਬਲੈਕ ਮਾਰਕੀਟਿੰਗ ਅਤੇ ਫਾਲਤੂ ਭੰਡਾਰ ਕਰਨ ਵਿਚ ਲੱਗੇ ਅਜਿਹੇ ਸਾਰੇ ਦੋਸ਼ੀਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ।
ਵਿਜੀਲੈਂਸ ਬਿਓਰੋ ਦੇ ਮੁਖੀ ਨੇ ਦੱਸਿਆ ਕਿ ਸਰਹੱਦੀ ਇਲਾਕੇ ਵਿਚ ਲੋਕਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ‘ਤੇ ਵਿਜੀਲੈਂਸ ਰੇਂਜ ਅੰਮ੍ਰਿਤਸਰ ਨੇ ਇਸ ਮੁਹਿੰਮ ਦੌਰਾਨ ਡੋਗਰਾ ਮੈਡੀਕੋਜ਼, ਗੁਮਟਾਲਾ ਰੋਡ, ਅੰਮ੍ਰਿਤਸਰ ਦੇ ਮਾਲਕ ਸੁਨੀਲ ਡੋਗਰਾ ਅਤੇ ਨਵੀਨ ਮੈਡੀਕੋਜ਼ ਦੇ ਮਾਲਕ ਦਿਨੇਸ਼ ਕੁਮਾਰ (ਲਾਇਸੈਂਸ ਧਾਰਕ) ਪਵਨ ਕੁਮਾਰ (ਪ੍ਰੋਪਾਈਟਰ) ਰਤਨ ਸਿੰਘ ਚੌਕ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਆਮ ਲੋਕਾਂ ਤੋਂ ਸੈਨੀਟਾਈਜ਼ਰ ਦੀਆਂ ਵੱਧ ਕੀਮਤਾਂ ਵਸੂਲ ਰਹੇ ਸੀ।
ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਦੁਕਾਨਦਾਰਾਂ ਸੁਨੀਲ ਡੋਗਰਾ, ਦਿਨੇਸ਼ ਕੁਮਾਰ ਅਤੇ ਪਵਨ ਕੁਮਾਰ ਵਿਰੁੱਧ ਥਾਣਾ ਵਿਜੀਲੈਂਸ ਬਿਓਰੋ, ਅੰਮ੍ਰਿਤਸਰ ਵਿਖੇ ਦੋ ਮੁਕੱਦਮੇ ਅਧੀਨ ਧਾਰਾ 420/188 ਆਈ ਪੀ ਸੀ ਅਤੇ ਜਰੂਰੀ ਵਸਤਾਂ ਕਾਨੂੰਨ 1955 ਦੀ ਧਾਰਾ 7 ਦਰਜ ਕੀਤੇ ਗਏ ਹਨ ਤੇ ਇਸ ਸਬੰਧੀ ਅਗਲੇਰੀ ਪੜਤਾਲ ਜਾਰੀ ਹੈ।