punjab
ਟਰਾਂਸਪੋਰਟ ਸੈਕਟਰ ਨੂੰ ਲੀਹ `ਤੇ ਲੈ ਕੇ ਆਉਣ ਲਈ ਟੈਕਸ ਨਾ ਭਰਨ ਵਾਲੇ ਨਿੱਜੀ ਬੱਸ ਆਪਰੇਟਰਾਂ `ਤੇ ਕਸਿਆ ਸ਼ਿਕੰਜਾ : ਰਾਜਾ ਵੜਿੰਗ

ਤਿੰਨ ਜ਼ਿਲ੍ਹਿਆਂ `ਚ 13 ਹੋਰ ਅਣਅਧਿਕਾਰਤ ਪ੍ਰਾਈਵੇਟ ਬੱਸਾਂ ਕੀਤੀਆਂ ਜ਼ਬਤ
ਚੰਡੀਗੜ੍ਹ, ਅਕਤੂਬਰ : ਟਰਾਂਸਪੋਰਟ ਵਿਭਾਗ ਵੱਲੋਂ ਅੱਜ ਫਰੀਦਕੋਟ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ 13 ਹੋਰ ਅਣਅਧਿਕਾਰਤ ਪ੍ਰਾਈਵੇਟ ਬੱਸਾਂ ਜ਼ਬਤ ਕੀਤੀਆਂ ਗਈਆਂ ਹਨ।ਟਰਾਂਸਪੋਰਟ ਮੰਤਰੀ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿਯਮਾਂ ਦੀ ਉਲੰਘਣਾ `ਤੇ ਨਿਊ ਦੀਪ ਦੀਆਂ 5 ਬੱਸਾਂ ਅਤੇ ਔਰਬਿਟ, ਟ੍ਰੈਵਲ ਪੁਆਇੰਟ, ਆਰ.ਐਸ. ਯਾਦਵ, ਲਿਬੜਾ, ਨਾਗਪਾਲ, ਡੱਬਵਾਲੀ, ਗੁਰੂ ਨਾਨਕ ਅਤੇ ਨੌਰਦਨ ਦੀ ਇੱਕ -ਇੱਕ ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ।ਇਸ ਦੌਰਾਨ ਟਰਾਂਸਪੋਰਟ ਮੰਤਰੀ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਚੈਕਿੰਗ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਗੈਰਕਨੂੰਨੀ ਢੰਗ ਨਾਲ ਚੱਲਣ ਵਾਲੀ ਹਰ ਇੱਕ ਬੱਸ ਸੜਕਾਂ ਤੋਂ ਉਤਰ ਨਹੀਂ ਜਾਂਦੀ।
ਉਨ੍ਹਾਂ ਕਿਹਾ ਕਿ ਸੂਬੇ ਦੇ ਟਰਾਂਸਪੋਰਟ ਸੈਕਟਰ ਨੂੰ ਲੀਹ `ਤੇ ਲੈ ਕੇ ਆਉਣ ਲਈ ਹੀ ਟੈਕਸ ਚੋਰੀ ਕਰਨ ਵਾਲੇ ਪ੍ਰਾਈਵੇਟ ਬੱਸ ਆਪਰੇਟਰਾਂ `ਤੇ ਨਕੇਲ ਕੱਸਣ ਦੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ।ਮੰਤਰੀ ਨੇ ਟੈਕਸ ਚੋਰੀ ਕਰਨ ਵਾਲੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਸੁਚੇਤ ਕੀਤਾ ਕਿ ਉਹ ਅਪਣਾ ਬਣਦਾ ਟੈਕਸ ਛੇਤੀ ਤੋਂ ਛੇਤੀ ਭਰ ਦੇਣ ਅਤੇ ਵਾਹਨ ਦੇ ਕਾਗ਼ਜ਼ਾਤ ਮੁਕੰਮਲ ਕਰ ਲੈਣ। ਉਨ੍ਹਾਂ ਕਿਹਾ ਕਿ ਕਿਸੇ ਵੀ ਟੈਕਸ ਚੋਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।