Connect with us

International

ਅੱਜ ਹੈ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ, ਜਾਣੋ ਇਸਦੀ ਮਹੱਤਤਾ

Published

on

ਵਿਸ਼ਵ ਭਰ ਵਿੱਚ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਦੁਨੀਆਂ ਭਰ ਵਿੱਚ ਲੋਕਾਂ ਵਿੱਚ ਆਪਣੀ ਭਾਸ਼ਾ ਅਤੇ ਸੱਭਿਆਚਾਰ ਬਾਰੇ ਰੁਝਾਨ ਪੈਦਾ ਕਰਨਾ ਅਤੇ ਜਾਗਰੂਕਤਾ ਫੈਲਾਉਣਾ ਹੈ। ਸਾਲ 1999 ਵਿੱਚ ਯੂਨੈਸਕੋ ਨੇ ਮਾਂ ਬੋਲੀ ਦਿਵਸ ਮਨਾਉਣ ਦਾ ਐਲਾਨ ਕੀਤਾ। ਸਾਲ 2000 ਵਿੱਚ ਪਹਿਲੀ ਵਾਰ ਇਸ ਦਿਨ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਵਜੋਂ ਮਨਾਇਆ ਗਿਆ।

ਮਹੱਤਤਾ ਦੀ ਗੱਲ ਕਰੀਏ ਤਾਂ
ਭਾਸ਼ਾ ਮਨੁੱਖ ਦੇ ਸੰਚਾਰ,ਪ੍ਰਸਾਰ ਅਤੇ ਵਿਕਾਸ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਵੀ ਹੈ ਭਾਵ ਕਿ ਜਿਹੜੀ ਭਾਸ਼ਾ ਕੋਈ ਵੀ ਬੱਚਾ ਜਨਮ ਤੋ ਬਾਅਦ ਆਪਣੀ ਮਾਂ ਦੇ ਦੁੱਧ ਤੋਂ ਗ੍ਰਹਿਣ ਕਰਦਾ ਹੈ,ਅਤੇ ਹੌਲੀ-ਹੌਲੀ ਮਾਂ ਦੇ ਮੁੱਖ ਚੋਂ ਨਿਕਲੇ ਸ਼ਬਦਾਂ ਨੂੰ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦਾ ਹੈ। ਮਾਂ ਬੋਲੀ ਨੂੰ ਇਕ ਬੱਚਾ ਆਪਣੀ ਮਾਂ,ਪਰਿਵਾਰ ਅਤੇ ਚੌਗਿਰਦੇ ਤੋਂ ਆਸਾਨੀ ਨਾਲ ਸਹਿਜੇ ਸਹਿਜੇ ਹੀ ਸਿਖਦਾ ਜਾਂਦਾ ਹੈ। ਇਹ ਇਕੋ ਇਕ ਅਜਿਹਾ ਮਾਧਿਅਮ ਹੈ ਜੋ ਮਨੁੱਖ ਵਿੱਚ ਮਨੁੱਖਤਾ ਲਿਆਉਂਦੀ ਹੈ। ਹਰ ਵਿਅਕਤੀ ਮਾਂ ਬੋਲੀ ਨੂੰ ਬਹੁਤ ਅਸਾਨੀ ਨਾਲ ਅਤੇ ਛੇਤੀ ਸਿੱਖ ਲੈਂਦਾ ਹੈ ਕਿਉਂਕਿ ਮਾਂ ਬੋਲੀ ਦਾ ਵਾਤਾਵਰਨ ਵਿਚ ਵਿਆਪਕ ਪਸਾਰਾ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਦਾ ਕਹਿਣਾ ਹੈ ਕਿ ਇੱਕ ਮਾਂ ਬੋਲੀ ਹੀ ਮਨੁੱਖ ਵਿਚ ਅਜਿਹੇ ਗੁਣ ਪੈਦਾ ਕਰ ਸਕਦੀ ਹੈ ਜਿਸ ਨਾਲ ਉਹ ਸਮਾਜ ਵਿੱਚ ਸਤਿਕਾਰਿਆ ਜਾਂਦਾ ਹੈ।

ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਦਾ ਇਤਿਹਾਸ
1947 ਵਿੱਚ ਭਾਰਤ ਦੀ ਵੰਡ ਸਮੇਂ ਬੰਗਾਲ ਪ੍ਰਾਂਤ ਨੂੰ ਵਸਨੀਕਾਂ ਦੇ ਪ੍ਰਮੁੱਖ ਧਰਮਾਂ ਅਨੁਸਾਰ ਵੰਡਿਆ ਗਿਆ ਸੀ। ਪੱਛਮੀ ਹਿੱਸਾ ਭਾਰਤ ਦਾ ਹਿੱਸਾ ਬਣ ਗਿਆ ਅਤੇ ਪੂਰਬੀ ਹਿੱਸਾ ਪਾਕਿਸਤਾਨ ਦਾ ਇੱਕ ਸੂਬਾ ਬਣ ਗਿਆ ਜਿਸਨੂੰ ਪੂਰਬੀ ਬੰਗਾਲ ਅਤੇ ਬਾਅਦ ਵਿੱਚ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਹੈ। ਹਾਲਾਂਕਿ ਪੂਰਬੀ ਅਤੇ ਪੱਛਮੀ ਪਾਕਿਸਤਾਨ ਵਿੱਚ ਆਰਥਿਕ, ਸੱਭਿਆਚਾਰਕ ਅਤੇ ਭਾਸ਼ਾਈ ਅੰਤਰ ਸਨ।ਇਹ ਤਣਾਅ 1948 ਵਿੱਚ ਸਪੱਸ਼ਟ ਹੋ ਗਿਆ, ਜਦੋਂ ਪਾਕਿਸਤਾਨ ਦੀ ਸਰਕਾਰ ਨੇ ਐਲਾਨ ਕੀਤਾ ਕਿ ਦੇਸ਼ ਦੀ ਸਿਰਫ ਉਰਦੂ ਹੀ ਰਾਸ਼ਟਰੀ ਭਾਸ਼ਾ ਹੈ। ਇਸ ਕਾਰਨ ਪੂਰਬੀ ਪਾਕਿਸਤਾਨ ਵਿੱਚ ਬੰਗਾਲੀ ਬੋਲਣ ਵਾਲੇ ਬਹੁਗਿਣਤੀ ਲੋਕਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ। ਸਰਕਾਰ ਨੇ ਵਿਰੋਧ ਪ੍ਰਦਰਸ਼ਨ ਬੰਦ ਕਰ ਦਿੱਤਾ, ਪਰ 21 ਫਰਵਰੀ 1952 ਨੂੰ ਢਾਕਾ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਹੋਰ ਕਾਰਕੁਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਉਸ ਦਿਨ ਬਾਅਦ ਵਿਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਬਾਰੀ ਕੀਤੀ ਜਿੱਥੇ ਸੈਕੜੇ ਲੋਕ ਸ਼ਹੀਦ ਹੋ ਗਏ।

ਸ਼ਹਾਦਤ ਦਾ ਇਹ ਦਿਨ ਬੰਗਲਾਦੇਸ਼ (ਉਸ ਸਮੇਂ ਦੇ ਪੂਰਬੀ ਪਾਕਿਸਤਾਨ) ਦੇ ਇਤਿਹਾਸ ਵਿੱਚ ਵਿਲੱਖਣ ਦਿਨ ਸਿੱਧ ਹੋਇਆ ਅਤੇ ਇਸ ਨੇ ਬੰਗਲਾਦੇਸ਼ ਰਾਸ਼ਟਰ ਦੀ ਨੀਂਹ ਰੱਖ ਦਿੱਤੀ। ਸਮੇਂ-ਸਮੇਂ ਇਹ ਅੰਦੋਲਨ ਦਬਾ ਦਿੱਤਾ ਜਾਂਦਾ ਰਿਹਾ ਪਰ 1950 ਅਤੇ 1960 ਵਿੱਚ ਕਿਸੇ ਨਾ ਕਿਸੇ ਰੋਸ ਮੁਜ਼ਾਹਰੇ ਦੇ ਰੂਪ ਵਿੱਚ ਉਭਰਦਾ ਇਹ ਸਮੇਂ ਦੀ ਤੋਰ ਨਾਲ ਇੱਕ ਲਹਿਰ ਬਣ ਗਿਆ। ਆਪਣੀ ਭਾਸ਼ਾ ਅਤੇ ਸੱਭਿਆਚਾਰ ਦੇ ਸਨਮਾਨ ਲਈ ਸੁਲਘਦੀ ਇਹ ਚਿੰਗਾਰੀ 1971 ਵਿੱਚ ਆਜ਼ਾਦੀ ਦੀ ਲੜਾਈ ਦੇ ਰੂਪ ਵਿੱਚ ਭਾਂਬੜ ਬਣ ਕੇ ਉੱਠੀ ਅਤੇ ‘ਸੋਨਾਰ ਬੰਗਲਾ’ ਵਜੋਂ ਜਾਣੀ ਜਾਂਦੀ ਇਸ ਧਰਤੀ ਨੂੰ ਪਾਕਿਸਤਾਨ ਤੋਂ ਆਜ਼ਾਦੀ ਹਾਸਲ ਹੋ ਗਈ ਜਿਸਦੀ ਸਰਕਾਰੀ ਭਾਸ਼ਾ ਬੰਗਾਲੀ ਸੀ।

ਦੂਜੇ ਪਾਸੇ ਬੰਗਲਾ ਦੇਸ਼ ਵਲੋਂ ਯੁਨੈਸਕੋ ਨੂੰ ਫੌਰਨ ਇਹ ਸੁਝਾਅ ਭੇਜਿਆ ਗਿਆ ਕਿ ਸਾਡੀ ਮਾਤ ਭਾਸ਼ਾ ਨੂੰ ਇਸ ਦਿਨ ਬਣਦਾ ਸਤਿਕਾਰ ਮਿਲਿਆ ਹੈ, ਇਸ ਲਈ ਇਸ ਦਿਨ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਵੇ। 17 ਨਵੰਬਰ 1999 ਨੂੰ ਜਨਰਲ ਕਾਨਫਰੰਸ ਵਿੱਚ ਯੁਨੈਸਕੋ ਵੱਲੋਂ 21 ਫਰਵਰੀ ਨੂੰ ਮਾਂ ਬੋਲੀ ਦਿਵਸ ਵੱਜੋਂ ਮਨਾਉਣ ਦਾ ਸਮਰਥਨ ਦੇ ਦਿੱਤਾ ਗਿਆ। ਇਸ ਦਿਨ ਸੰਸਾਰ ਪੱਧਰ ‘ਤੇ ਹਰ ਖਿੱਤੇ ਵਿੱਚ ਆਪਣੀ-ਆਪਣੀ ਮਾਂ ਬੋਲੀ ਪ੍ਰਤੀ ਸ਼ਰਧਾ ਤੇ ਸਨਮਾਨ ਵਜੋਂ ਇਹ ਦਿਹਾੜਾ ਮਨਾਇਆ ਜਾਂਦਾ ਹੈ।

ਸਾਡੀ ਮਾਂ-ਬੋਲੀ ਪੰਜਾਬੀ
ਪੰਜਾਬੀ (ਸ਼ਾਹਮੁਖੀ/ਗੁਰਮੁਖੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਗੁਰਮੁਖੀ ਲਿਪੀ ਵਿੱਚ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।

ਅਜੋਕੇ ਸਮੇਂ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਗੱਲ ਕਰੀਏ ਤਾਂ
ਪੰਜਾਬ ਵਿੱਚ ਹੀ ਜਿਵੇਂ ਪੰਜਾਬ ਮਾਂ-ਬੋਲੀ ਦਾ ਵਜੂਦ ਮਿਟਦਾ ਜਾ ਰਿਹਾ ਹੈ। ਪੰਜਾਬ ਦੇ ਸ਼ਹਿਰਾਂ ਵਿੱਚ ਤਾਂ ਨੌਜਵਾਨ ਪੰਜਾਬੀ ਬੋਲਣ ਤੋਂ ਕੰਨੀਂ ਕਤਰਾਉਂਦੇ ਹਨ। ਪੰਜਾਬੀ ਬੋਲਣ ਵਾਲੇ ਨੂੰ ਤਾਂ ਜਿਵੇਂ ਗਵਾਰ ਸਮਝਿਆ ਜਾਂਦਾ ਹੈ, ਇਸ ਲਈ ਨੌਜਵਾਨ ਹਿੰਦੀ-ਅੰਗਰੇਜ਼ੀ ਭਾਸ਼ਾ ਬੋਲਣਾ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਬੇਸ਼ੱਕ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਮਿਲ ਗਿਆ ਪਰ 11 ਨਵੰਬਰ 1966 ਤੋਂ ਲੈ ਕੇ ਹੁਣ ਤੱਕ 36 ਵਰਿਆਂ ਤੱਕ ਵੀ ਪੰਜਾਬੀ ਨੂੰ ਆਪਣੇ ਵਿਹੜੇ ਵਿੱਚ ਵੀ ਉਹ ਸਤਿਕਾਰ ਨਹੀਂ ਮਿਲ ਸਕਿਆ, ਜਿਸ ਦੀ ਇਹ ਹੱਕਦਾਰ ਸੀ। ਅੱਜ ਦੇ ਸਮੇਂ ਵਿੱਚ ਮਾਪੇ ਅਪਣੇ ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਨਿਜੀ ਸਕੂਲਾਂ ਵਿਚ ਪੜ੍ਹਾ ਰਹੇ ਹਨ ਜਾਂ ਪੜ੍ਹਾਉਣਾ ਪਸੰਦ ਕਰਦੇ ਹਨ। ਹੁਣ ਇਥੇ ਖ਼ੁਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਪੰਜਾਬੀ ਦੀ ਤ੍ਰਾਸਦੀ ਇਸ ਤੋਂ ਵਧ ਕੀ ਹੋਵੇਗੀ? ਸਾਨੂੰ ਸਾਰਿਆਂ ਨੂੰ ਪੰਜਾਬੀ ਮਧਿਅਮ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ ਅਤੇ ਵਿਸ਼ਵ ਨਾਲ ਜੁੜਨ ਲਈ ਹੋਰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆ ਹਨ। ਦੂਜੀਆਂ ਭਾਸ਼ਾਵਾਂ ਸਿੱਖਣਾ ਤੇ ਉਨ੍ਹਾਂ ਦੀ ਢੁਕਵੇਂ ਥਾਂ ’ਤੇ ਵਰਤੋਂ ਕਰਨਾ ਵੀ ਚੰਗੀ ਗੱਲ ਹੈ, ਪਰ ਇੱਕ ਗੱਲ ਯਾਦ ਰੱਖਣੀ ਜ਼ਰੂਰੀ ਹੈ, ਜੋ ਬੋਲੀ ਮਾਵਾਂ ਨੇ ਦੱਸੀ ਹੈ, ਉਸ ਵਰਗੀ ਰੀਸ ਕਿਧਰੇ ਵੀ ਨਹੀਂ। ਇਸ ਲਈ ਆਪਣੀ ਮਾਂ-ਬੋਲੀ ਦਾ ਹਮੇਸ਼ਾ ਸਤਿਕਾਰ ਕਰੋ ਤੇ ਉਸ ਨੂੰ ਸੰਭਾਲ ਕੇ ਰੱਖੋ।