Connect with us

Punjab

ਡੇਅਰੀ ਫਾਰਮਰਾਂ ਨੂੰ ਕੁਸ਼ਲ ਮੈਨੇਜਰ ਬਣਾਉਣ ਲਈ ਟ੍ਰੇਨਿੰਗ ਕੋਰਸ 14 ਜੁਲਾਈ ਤੋਂ ਹੋਵੇਗਾ ਸ਼ੁਰੂ : ਡਿਪਟੀ ਡਾਇਰੈਕਟਰ

Published

on

ਪਟਿਆਲਾ: ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਦੀ ਗਤੀਸ਼ੀਲ ਅਗਵਾਈ ‘ਚ ਅਤੇ ਡਿਪਟੀ ਡਾਇਰੈਕਟਰ ਡੇਅਰੀ ਜਸਵਿੰਦਰ ਸਿੰਘ ਦੇ ਯਤਨ ਸਦਕਾ ਜ਼ਿਲ੍ਹੇ ਵਿੱਚ ਡੇਅਰੀ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਅਤੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪੁੱਜਦਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਡੇਅਰੀ ਕਿੱਤੇ ਲਈ ਚਾਰ ਹਫ਼ਤਿਆਂ ਦਾ ਵੱਖਰਾ ਡੇਅਰੀ ਉੱਦਮ ਸਿਖਲਾਈ ਕੋਰਸ ਡੇਅਰੀ ਕਿਸਾਨਾਂ ਲਈ ਸ਼ੁਰੂ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਸਿਖਲਾਈ ਕੋਰਸ ਦੌਰਾਨ ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਧਿਆਨ ਯੋਗ ਗੱਲਾਂ, ਦੁਧਾਰੂ ਪਸੂਆਂ ਦੀਆਂ ਨਸਲਾਂ, ਨਸਲ ਸੁਧਾਰ ਲਈ ਨਸਲਕਸ਼ੀ, ਬਨਾਵਟੀ ਗਰਭਾਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ, ਪਸ਼ੂਆਂ ਦੀ ਆਮ ਬਿਮਾਰੀਆਂ ਬਾਰੇ, ਦੁੱਧ ਦੀ ਫੈਟ/ਐਸ.ਐਨ. ਐਫ ਬਾਰੇ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰ ਗੰਡੋਇਆਂ ਦੀ ਖਾਦ ਤਿਆਰ ਕਰਨ ਬਾਰੇ, ਸੰਤੁਲਿਤ ਪਸੂ ਖ਼ੁਰਾਕ ਤਿਆਰ ਕਰਨ ਅਤੇ ਵਰਤੋਂ, ਸਾਫ਼ ਦੁੱਧ ਪੈਦਾ ਕਰਨ, ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਮਿਤੀ 14 ਜੁਲਾਈ ਤੋਂ ਚਾਰ ਹਫ਼ਤੇ ਦਾ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਉੱਦਮ ਸਿਖਲਾਈ ਕੋਰਸ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ (ਲੁਧਿਆਣਾ) ਅਤੇ ਚਤਾਮਲੀ (ਰੋਪੜ) ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸਦੀ ਜਨਰਲ ਵਰਗ ਲਈ ਫ਼ੀਸ 5 ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਲਈ 4 ਹਜ਼ਾਰ ਰੁਪਏ ਹੈ। ਸਿਖਲਾਈ ਕੋਰਸ ਲਈ ਉਮੀਦਵਾਰਾਂ ਦੀ ਕਾਊਂਸਲਿੰਗ 11 ਜੁਲਾਈ ਨੂੰ ਸਵੇਰੇ 10 ਵਜੇ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ (ਜ਼ਿਲ੍ਹਾ ਲੁਧਿਆਣਾ), ਚਤਾਮਲੀ (ਜ਼ਿਲ੍ਹਾ ਰੋਪੜ) ਵਿਖੇ ਕੀਤੀ ਜਾਣੀ ਹੈ। ਸਿਖਲਾਈ ਲਈ ਘੱਟੋ ਘੱਟ ਯੋਗਤਾ ਦਸਵੀਂ ਪਾਸ ਹੈ ਅਤੇ ਉਮੀਦਵਾਰ ਪੇਂਡੂ ਖੇਤਰ ਨਾਲ ਸਬੰਧ ਰੱਖਦਾ ਹੋਵੇ। ਸਿੱਖਿਆਰਥੀਆਂ ਲਈ ਟ੍ਰੇਨਿੰਗ ਦੀ ਉਮਰ 18 ਤੋਂ 45 ਸਾਲ ਹੈ ਅਤੇ ਲਾਭਪਾਤਰੀ ਕੋਲ 5 ਜਾਂ 5 ਤੋਂ ਵੱਧ ਦੁਧਾਰੂ ਪਸ਼ੂ ਰੱਖੇ ਹੋਣੇ ਚਾਹੀਦੇ ਹਨ। ਲਾਭਪਾਤਰੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਪਟਿਆਲਾ, ਕੁਆਟਰ ਨੰਬਰ 313-321, ਬਲਾਕ-1, ਘਲੋੜੀ ਗੇਟ, ਪਟਿਆਲਾ ਪਾਸੋਂ 100 ਰੁਪਏ ਦਾ ਪ੍ਰਾਸਪੈਕਟ ਪ੍ਰਾਪਤ ਕਰਕੇ ਕਾਊਂਸਲਿੰਗ/ਚੋਣ ਦੀ ਮਿਤੀ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਚਾਹਵਾਨ ਫ਼ੋਨ ਨੰਬਰ 81461-00543, 95920-01358, 98725-22152 ਸੰਪਰਕ ਕਰ ਸਕਦੇ ਹਨ।