Connect with us

Punjab

ਟਰਾਂਸਪੋਰਟ ਵਿਭਾਗ ਦੀ ਕਮਾਈ ਵਿੱਚ ਪਿਛਲੇ ਸਾਲ ਨਾਲੋਂ 608 ਕਰੋੜ ਰੁਪਏ ਦਾ ਵਾਧਾ ਦਰਜ: ਲਾਲਜੀਤ ਸਿੰਘ ਭੁੱਲਰ

Published

on

ਚੰਡੀਗੜ੍ਹ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਆਪਣੇ ਪਹਿਲੇ ਛੇ ਮਹੀਨਿਆਂ ਵਿੱਚ 608.21 ਕਰੋੜ ਰੁਪਏ ਦੇ ਵਾਧੇ ਨਾਲ ਕੁੱਲ 1957.64 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਹੈ।

ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਵਿਭਾਗ ਦੇ ਕੁੱਲ ਤਿੰਨ ਵਿੰਗਾਂ ਐਸ.ਟੀ.ਸੀ, ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼/ਪਨਬੱਸ ਨੇ ਇਸ ਸਾਲ ਅਪ੍ਰੈਲ ਤੋਂ ਸਤੰਬਰ ਤੱਕ 1957.64 ਕਰੋੜ ਰੁਪਏ ਕਮਾਏ ਹਨ, ਜੋ ਪਿਛਲੇ ਵਰ੍ਹੇ ਇਸ ਅਰਸੇ ਦੌਰਾਨ ਹੋਈ ਆਮਦਨ ਨਾਲੋਂ 45.07 ਫ਼ੀਸਦੀ ਵੱਧ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਿਛਲੇ ਵਰ੍ਹੇ ਇਹ ਆਮਦਨ 1349.43 ਕਰੋੜ ਰੁਪਏ ਸੀ।

ਵਿਭਾਗ ਦੀ ਵਿੰਗ ਵਾਰ ਆਮਦਨ ਦੇ ਵੇਰਵੇ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਨੂੰ ਅਪ੍ਰੈਲ ਤੋਂ ਸਤੰਬਰ 2022 ਤੱਕ ਕੁੱਲ 1203.39 ਕਰੋੜ ਰੁਪਏ ਦੀ ਆਮਦਨ ਹੋਈ ਹੈ, ਜੋ ਪਿਛਲੀ ਸਰਕਾਰ ਸਮੇਂ 855.95 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ 347.44 ਕਰੋੜ ਰੁਪਏ ਦਾ ਇਹ ਵਾਧਾ 40.60 ਫ਼ੀਸਦੀ ਬਣਦਾ ਹੈ।

ਉਨ੍ਹਾਂ ਦੱਸਿਆ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ) ਨੇ ਇਸ ਵਰ੍ਹੇ ਪਹਿਲੇ ਛੇ ਮਹੀਨਿਆਂ ਵਿੱਚ 393.62 ਕਰੋੜ ਰੁਪਏ ਜੁਟਾਏ ਹਨ ਜਦਕਿ ਪਿਛਲੇ ਵਰ੍ਹੇ ਇਸ ਅਰਸੇ ਦੌਰਾਨ ਇਹ ਕਮਾਈ 246.13 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਨੇ ਇਨ੍ਹਾਂ ਛੇ ਮਹੀਨਿਆਂ ਵਿੱਚ 147.49 ਕਰੋੜ ਰੁਪਏ ਦੇ ਮੁਨਾਫ਼ੇ ਨਾਲ 60 ਫ਼ੀਸਦੀ ਵਾਧਾ ਦਰਜ ਕੀਤਾ ਹੈ।

ਪੰਜਾਬ ਰੋਡਵੇਜ਼/ਪਨਬੱਸ ਦੀ ਆਮਦਨ ਦਾ ਵੇਰਵਾ ਸਾਂਝਾ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਪ੍ਰੈਲ ਤੋਂ ਸਤੰਬਰ 2022 ਤੱਕ 360.63 ਕਰੋੜ ਰੁਪਏ ਦੀ ਆਮਦਨ ਨਾਲ ਪੰਜਾਬ ਰੋਡਵੇਜ਼/ਪਨਬੱਸ ਨੇ ਪਿਛਲੇ ਸਾਲ ਦੇ 247.35 ਕਰੋੜ ਰੁਪਏ ਦੇ ਮੁਕਾਬਲੇ 113.28 ਕਰੋੜ ਰੁਪਏ ਵੱਧ ਕਮਾਏ ਹਨ ਅਤੇ ਇਹ ਵਾਧਾ 45.79 ਫ਼ੀਸਦੀ ਬਣਦਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਟੈਕਸ ਚੋਰੀ, ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਬਿਨਾਂ ਪਰਮਿਟ ਵਾਲੇ ਬੱਸ ਆਪ੍ਰੇਟਰਾਂ ਨੂੰ ਨੱਥ ਪਾਉਣ ਦੀਆਂ ਕੋਸ਼ਿਸ਼ਾਂ ਸਦਕਾ ਵਿਭਾਗ ਦੀ ਕਮਾਈ ਵਿੱਚ ਇਹ ਵਾਧਾ ਦਰਜ ਕੀਤਾ ਗਿਆ ਹੈ।