Punjab
ਅਰਮੀਨੀਆ ’ਚ ਫਸੇ ਖੰਨਾ ਦੇ ਦੋ ਨੌਜਵਾਨ, ਘਰ ਵਾਪਸੀ ਲਈ ਪੰਜਾਬ ਸਰਕਾਰ ਤੋਂ ਮੰਗੀ ਮਦਦ
27 ਮਾਰਚ 2024: ਖੰਨਾ ਦੇ ਦੋ ਨੌਜਵਾਨ ਇਨ੍ਹੀਂ ਦਿਨੀਂ ਅਰਮੀਨੀਆ ਵਿੱਚ ਫਸੇ ਹੋਏ ਹਨ। ਘਰ ਵਾਪਸੀ ਲਈ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਮਦਦ ਮੰਗੀ ਗਈ ਹੈ। ਦੂਜੇ ਪਾਸੇ ਪਰਿਵਾਰ ਨੇ ਖੰਨਾ ਪੁਲਿਸ ਨੂੰ ਸ਼ਿਕਾਇਤ ਕਰਕੇ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਮੁਹਾਲੀ ਦੇ ਟਰੈਵਲ ਏਜੰਟ ਨੇ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪਿੰਡ ਗੱਗੜਮਾਜਰਾ ਦੇ ਵਸਨੀਕ ਮਨਦੀਪ ਸਿੰਘ ਅਤੇ ਅਜਲੌਦ ਦੇ ਰਹਿਣ ਵਾਲੇ ਜਗਜੀਤ ਸਿੰਘ ਜੱਗੀ ਨੇ ਵੀਡੀਓ ਜਾਰੀ ਕੀਤੀ। ਜਿਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਨੇ ਬੁਲਗਾਰੀਆ ਜਾਣਾ ਸੀ। ਪਰ ਦਸੰਬਰ 2023 ਵਿਚ ਉਹਨਾਂ ਨੂੰ ਟੂਰਿਸਟ ਵੀਜ਼ੇ ‘ਤੇ ਅਰਮੀਨੀਆ ਭੇਜ ਦਿੱਤਾ ਗਿਆ। ਮੁਹਾਲੀ ਦੇ ਟਰੈਵਲ ਏਜੰਟ ਨੇ ਉਹਨਾਂ ਨੂੰ ਕਿਹਾ ਸੀ ਕਿ ਟੂਰਿਸਟ ਵੀਜ਼ੇ ’ਤੇ ਅਰਮੀਨੀਆ ਜਾਣ ਮਗਰੋਂ ਉਥੇ ਵਰਕ ਪਰਮਿਟ ਦਿਵਾਇਆ ਜਾਵੇਗਾ। 3 ਮਹੀਨੇ ਬਾਅਦ ਵੀ ਉਹਨਾਂ ਨੂੰ ਵਰਕ ਪਰਮਿਟ ਨਹੀਂ ਦਿੱਤਾ ਗਿਆ। ਉਹ ਕਮਰੇ ਵਿੱਚ ਬੰਦ ਰਹਿੰਦੇ ਹਨ। ਭੁੱਖੇ-ਪਿਆਸੇ ਵੀ ਦਿਨ ਕੱਟਣੇ ਪੈਂਦੇ ਹਨ। ਵਤਨ ਵਾਪਸੀ ਲਈ ਵਿਦੇਸ਼ੀ ਧਰਤੀ ‘ਤੇ ਭਾਰੀ ਜੁਰਮਾਨਾ ਭਰਨ ਦੀ ਗੱਲ ਕਹੀ ਜਾ ਰਹੀ ਹੈ। ਪਰਿਵਾਰ ਕੋਲ ਪੈਸੇ ਨਹੀਂ ਹਨ। ਪੰਜਾਬ ਸਰਕਾਰ ਉਨ੍ਹਾਂ ਦੀ ਮਦਦ ਕਰੇ ਅਤੇ ਉਨ੍ਹਾਂ ਨੂੰ ਘਰ ਵਾਪਸ ਲਿਆਵੇ। ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਿੱਤੀ।