Connect with us

Punjab

ਮੇਰਾ ਸ਼ਹਿਰ ਮੇਰਾ ਮਾਣ ਮੁਹਿੰਮ ਤਹਿਤ ਵਾਤਾਵਰਣ ਪਾਰਕ ਦੀ ਸੁੰਦਰਤਾ ਲਈ ਵਲੰਟੀਅਰਜ਼ ਨੇ ਸ਼ੁਰੂ ਕੀਤੀ ਸਫ਼ਾਈ ਮੁਹਿੰਮ

Published

on

ਪਟਿਆਲਾ,

ਡਾਇਰੈਕਟਰ ਯੁਵਕ ਸੇਵਾਵਾਂ ਰਾਜੇਸ਼ ਧੀਮਾਨ ਦੇ ਨਿਰਦੇਸ਼ਾਂ ‘ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਡਾ. ਦਿਲਵਰ ਸਿੰਘ ਦੀ ਨਿਗਰਾਨੀ ਹੇਠ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਤਹਿਤ ਵਾਤਾਵਰਣ ਪਾਰਕ ਦੀ ਸੁੰਦਰਤਾ ਬਣਾਈ ਰੱਖਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਵੱਲੋਂ ਵਿਸ਼ੇਸ਼ ਤੌਰ ‘ਤੇ ਇਕ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ ਗਿਆ ਜਿਸ ‘ਚ 50 ਵਲੰਟੀਅਰਜ਼ ਨੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਲੈਕਚਰਾਰ ਰਵਿੰਦਰ ਸਿੰਘ ਅਤੇ ਹਰਿੰਦਰ ਕੌਰ ਦੀ ਦੇਖਰੇਖ ‘ਚ ਪਾਰਕ ਦੀ ਸਾਫ਼ ਸਫ਼ਾਈ ਅਤੇ ਜਾਗਰੂਕਤਾ ਮੁਹਿੰਮ ‘ਚ ਹਿੱਸਾ ਲਿਆ।

ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਆਫ਼ੀਸਰਜ਼ ਅਤੇ ਵਲੰਟੀਅਰਜ਼ ਦਾ ਸਵਾਗਤ ਕਰਨ ਲਈ ਵਾਤਾਵਰਣ ਪਾਰਕ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਅਮਰਜੀਤ ਸਿੰਘ (ਕੈਂਪ ਕੋਆਰਡੀਨੇਟਰ), ਐਮ.ਐਸ. ਬਰਾੜ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਫ਼ਾਈ ਮੁਹਿੰਮ ਦੌਰਾਨ ਜਿਥੇ ਐਨ.ਐਸ.ਐਸ. ਵਲੰਟੀਅਰਜ਼ ਨੇ ਪਾਰਕ ਵਿਚਲੀ ਨਹਿਰ ਦੀ ਸਾਫ਼-ਸਫ਼ਾਈ ਕੀਤੀ ਉੱਥੇ ਪੱਤਿਆਂ ਦੀ ਸੰਭਾਲ ਅਤੇ ਰੋਜ਼ਾਨਾ ਸੈਰ ਕਰਨ ਵਾਲਿਆਂ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਤੋਂ ਵੀ ਜਾਣੂ ਕਰਵਾਇਆ।

ਵਾਤਾਵਰਨ ਪਾਰਕ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਨੇ ਡਾਇਰੈਕਟਰ ਰਾਜੇਸ਼ ਧੀਮਾਨ, ਸਹਾਇਕ ਡਾਇਰੈਕਟਰ ਡਾ.ਦਿਲਵਰ ਸਿੰਘ ਅਤੇ ਪ੍ਰਿੰਸੀਪਲ ਤੋਤਾ ਸਿੰਘ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸਵੱਛਤਾ ਅਤੇ ਉਸ ਦੇ ਮਹੱਤਵ ਬਾਰੇ ਵੀ ਜਾਗਰੂਕ ਕੀਤਾ। ਕੈਂਪ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੀਲਖਾਨਾ ਮਨੋਜ ਥਾਪਰ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਸਰਕਾਰੀ ਆਈ.ਟੀ.ਆਈ. ਲੈਫ਼ਟੀਨੈਂਟ ਜਗਦੀਪ ਸਿੰਘ ਜੋਸ਼ੀ ਨੇ ਵਿਦਿਆਰਥੀਆਂ ਨੂੰ ਐਨ.ਐਸ.ਐਸ. ਦੇ ਪ੍ਰੋਗਰਾਮਾਂ ਅਤੇ ਕੌਮੀ ਸੇਵਾ ਯੋਜਨਾ ਦੇ ਮਹੱਤਵ ਤੋਂ ਜਾਣੂ ਕਰਵਾਇਆ।

ਇਸ ਮੌਕੇ ਸਹਾਇਕ ਡਾਇਰੈਕਟਰ ਡਾ. ਦਿਲਵਰ ਸਿੰਘ ਨੇ ਕਿਹਾ ਕਿ ਕੌਮੀ ਸੇਵਾ ਯੋਜਨਾ ਰਾਹੀਂ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਜਿੱਥੇ ਵਾਤਾਵਰਨ ਸੰਭਾਲ ਦੇ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਹੱਥੀਂ ਕਿਰਤ ਦੇ ਮਹੱਤਵ ਨੂੰ ਵੀ ਵਲੰਟੀਅਰਜ਼ ਦੇ ਵਿੱਚ ਹਰਮਨ ਪਿਆਰਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਤੇ ਹਦਾਇਤਾਂ ਤਹਿਤ ਕੌਮੀ ਸੇਵਾ ਯੋਜਨਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਨੌਜਵਾਨਾਂ ਦੀ ਊਰਜਾ ਨੂੰ ਚੰਗੇ ਕੰਮਾਂ ਵਿੱਚ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਂਪ ਸਮਾਪਤੀ ਉਪਰੰਤ ਅਮਰਜੀਤ ਸਿੰਘ ਚੌਹਾਨ ਸਕੱਤਰ ਵਾਤਾਵਰਣ ਪਾਰਕ ਪਟਿਆਲਾ ਵੱਲੋਂ ਵਲੰਟੀਅਰਜ਼ ਨੂੰ ਪਲਾਸਟਿਕ ਮੁਕਤ ਮੁਹਿੰਮ ਤਹਿਤ ਕੱਪੜੇ ਦੇ ਥੈਲੇ ਵੀ ਵੰਡੇ ਗਏ। ਕੈਂਪ ਦੇ ਵਿੱਚ ਵਿਸ਼ੇਸ਼ ਤੌਰ ‘ਤੇ ਵਾਤਾਵਰਣ ਪਾਰਕ ਸੋਸਾਇਟੀ ਪਟਿਆਲਾ ਵੱਲੋਂ ਸੁਖਦੇਵ ਸਿੰਘ ਵਿਰਕ, ਸੁਖਦੇਵ ਸਿੰਘ ਸੰਧੂ, ਗੱਜਣ ਸਿੰਘ, ਡਾ. ਅਨਿਲ ਗਰਗ, ਆਰ.ਐਸ. ਨਲਿਨਾ, ਰਾਕੇਸ਼ ਬੈਂਸ, ਹਰਪ੍ਰੀਤ ਅਤੇ ਵਾਤਾਵਰਣ ਪਾਰਕ ਦੀ ਸੁਸਾਇਟੀ ਦੇ ਕਈ ਮੈਂਬਰਾਂ ਨੇ ਸ਼ਮੂਲੀਅਤ ਕੀਤੀ।