National
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਾਂਗਰਸ ਨੂੰ ਲੈ ਕਹੀ ਵੱਡੀ ਗੱਲ,ਕਿਹਾ-ਮੈਂ ਖੂਹ ‘ਚ ਛਾਲ ਮਾਰ ਦਵਾਂਗਾ ਪਰ ਕਾਂਗਰਸ ‘ਚ ਸ਼ਾਮਲ ਨਹੀਂ ਹੋਵਾਂਗਾ…

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਾਂਗਰਸ ਨੂੰ ਲੈ ਕੇ ਵੱਡੀ ਗੱਲ ਕਹੀ ਹੈ, ਓਥੇ ਹੀ ਉਹਨਾਂ ਵੱਲੋਂ ਉਸ ਗੱਲ ਦਾ ਖੁਲਾਸਾ ਵੀ ਕੀਤਾ ਗਿਆ ਹੈ ਓਹਨਾ ਦੱਸਿਆ ਕਿ ਇਕ ਵਾਰ ਇਕ ਨੇਤਾ ਨੇ ਉਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਸੀ, ਪਰ ਉਨ੍ਹਾਂ ਨੇ ਇਹ ਕਹਿ ਕੇ ਪੇਸ਼ਕਸ਼ ਠੁਕਰਾ ਦਿੱਤੀ ਕਿ ਉਹ ਪਾਰਟੀ ਵਿਚ ਸ਼ਾਮਲ ਹੋਣ ਦੀ ਬਜਾਏ ਖੂਹ ਵਿਚ ਛਾਲ ਮਾਰਨਾ ਜ਼ਿਆਦਾ ਪਸੰਦ ਕਰਨਗੇ। ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੇ 9 ਸਾਲਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦੇਸ਼ ਵਿੱਚ ਕਾਂਗਰਸ ਦੇ 60 ਸਾਲਾਂ ਦੇ ਸ਼ਾਸਨ ਦੇ ਮੁਕਾਬਲੇ ਦੁੱਗਣਾ ਕੰਮ ਕੀਤਾ ਹੈ।
ਉੱਥੇ ਹੀ ਮਹਾਰਾਸ਼ਟਰ ਦੇ ਭੰਡਾਰਾ ‘ਚ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਗਡਕਰੀ ਨੇ ਭਾਜਪਾ ਲਈ ਕੰਮ ਕਰਨ ਦੇ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ ਅਤੇ ਪਾਰਟੀ ਦੇ ਸਫ਼ਰ ਬਾਰੇ ਚਰਚਾ ਕੀਤੀ।
ਪੁਰਾਣੇ ਮਿੱਤਰ ਦੀ ਸਲਾਹ ਆਈ ਯਾਦ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਕਾਂਗਰਸੀ ਆਗੂ ਸ਼੍ਰੀਕਾਂਤ ਜਿਚਕਰ ਵੱਲੋਂ ਦਿੱਤੀ ਗਈ ਸਲਾਹ ਯਾਦ ਆਈ। ਗਡਕਰੀ ਨੇ ਦੱਸਿਆ ਕਿ ਇਹ ਉਸ ਸਮੇਂ ਦੀ ਗੱਲ ਹੈ, ਜਦੋਂ ਮੈਂ ਵਿਦਿਆਰਥੀ ਆਗੂ ਸੀ। ਫਿਰ ਮੇਰੇ ਇੱਕ ਦੋਸਤ ਨੇ ਕਿਹਾ ਕਿ ਤੁਸੀਂ ਇੱਕ ਚੰਗੇ ਇਨਸਾਨ ਹੋ। ਤੁਹਾਡਾ ਸਿਆਸੀ ਭਵਿੱਖ ਚੰਗਾ ਹੈ। ਤੁਹਾਨੂੰ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਲਈ ਮੈਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਨਾਲੋਂ ਖੂਹ ਵਿੱਚ ਛਾਲ ਮਾਰਾਂਗਾ ਕਿਉਂਕਿ ਮੈਨੂੰ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਪਸੰਦ ਨਹੀਂ ਹੈ।
ਓਥੇ ਹੀ ਗਡਕਰੀ ਨੇ ਅੱਗੇ ਕਿਹਾ ਕਿ ਜਿਚਕਰ ਨੇ ਮੈਨੂੰ ਕਿਹਾ ਸੀ ਕਿ ਤੁਹਾਡੀ ਪਾਰਟੀ ਦਾ ਕੋਈ ਭਵਿੱਖ ਨਹੀਂ ਹੈ। ਇਸ ‘ਤੇ ਮੇਰਾ ਜਵਾਬ ਸੀ ਕਿ ਮੈਨੂੰ ਭਾਜਪਾ ਅਤੇ ਇਸ ਦੀ ਵਿਚਾਰਧਾਰਾ ‘ਤੇ ਪੂਰਾ ਭਰੋਸਾ ਹੈ ਅਤੇ ਮੈਂ ਇਸ ਲਈ ਹੀ ਕੰਮ ਕਰਦਾ ਰਹਾਂਗਾ।