National
UP ‘ਚ ਲਗਾਤਾਰ ਬਾਰਿਸ਼ ਹੋਣ ਕਾਰਨ ਹੜ੍ਹ ਵਰਗੇ ਬਣੇ ਹਾਲਾਤ

UTTARPRADESH : ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਉੱਤਰਾਖੰਡ ਅਤੇ ਨੇਪਾਲ ਤੋਂ ਛੱਡੇ ਗਏ ਪਾਣੀ ਕਾਰਨ ਸੂਬੇ ਦੇ 12 ਜ਼ਿਲ੍ਹਿਆਂ ਦੇ 633 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹਨ ਅਤੇ ਬਿਜਲੀ ਡਿੱਗਣ ਸਮੇਤ ਮੀਂਹ ਨਾਲ ਸਬੰਧਤ ਹਾਦਸਿਆਂ ਵਿੱਚ 19 ਲੋਕਾਂ ਦੀ ਮੌਤ ਹੋ ਗਈ ਹੈ। ਮੀਂਹ ਕਾਰਨ ਪੈਦਾ ਹੋਈ ਇਸ ਸਥਿਤੀ ਤੋਂ ਬਾਅਦ ਲੋਕ ਕਾਫੀ ਪ੍ਰੇਸ਼ਾਨ ਹਨ। ਇਸ ਦੌਰਾਨ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਤੱਕ ਸੂਬੇ ਵਿੱਚ ਭਾਰੀ ਮੀਂਹ ਪਵੇਗਾ।
ਦੱਸ ਦੇਈਏ ਕਿ ਪੀਲੀਭੀਤ, ਲਖੀਮਪੁਰ ਖੇੜੀ, ਸ਼ਰਾਵਸਤੀ, ਬਲਰਾਮਪੁਰ, ਕੁਸ਼ੀਨਗਰ, ਬਸਤੀ, ਸ਼ਾਹਜਹਾਂਪੁਰ, ਬਾਰਾਬੰਕੀ, ਸੀਤਾਪੁਰ, ਗੋਂਡਾ, ਸਿਧਾਰਥਨਗਰ ਅਤੇ ਬਲੀਆ ਵਰਗੇ ਰਾਜ ਦੇ ਕੁੱਲ 12 ਜ਼ਿਲ੍ਹਿਆਂ ਦੇ 633 ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ। ਬੁੱਧਵਾਰ ਨੂੰ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਵਾਰਾਣਸੀ ਵਿੱਚ 60 ਐਮ.ਐਮ., ਕਾਨਪੁਰ ਵਿੱਚ 35.3 ਐਮ.ਐਮ. ਮੀਂਹ ਦਰਜ ਕੀਤਾ ਗਿਆ। ਜ਼ਿਆਦਾਤਰ ਸ਼ਹਿਰਾਂ ਵਿੱਚ ਦਿਨ ਦਾ ਤਾਪਮਾਨ ਵੀ ਆਮ ਨਾਲੋਂ ਵੱਧ ਰਿਹਾ। ਬਰਸਾਤ ਕਾਰਨ ਕਈ ਨਦੀਆਂ ਵਿਚ ਉਛਾਲ ਆ ਗਿਆ ਹੈ। ਮੌਸਮ ਵਿਭਾਗ ਨੇ ਸੰਕੇਤ ਦਿੱਤੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਦੀ ਤੀਬਰਤਾ ਅਤੇ ਖੇਤਰਫਲ ਵਧੇਗਾ।
ਇਨ੍ਹਾਂ ਜ਼ਿਲ੍ਹਿਆਂ ‘ਚ ਪਵੇਗਾ ਮੀਂਹ
ਮੌਸਮ ਵਿਭਾਗ ਨੇ ਦੇਵਰੀਆ, ਗੋਰਖਪੁਰ, ਸੰਤ ਕਬੀਰਨਗਰ, ਕੁਸ਼ੀਨਗਰ, ਮਹਾਰਾਜਗੰਜ, ਸਿਧਾਰਥਨਗਰ, ਬਲਰਾਮਪੁਰ, ਲਖੀਮਪੁਰ ਖੇੜੀ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਗਰਜ ਨਾਲ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਬਸਤੀ, ਗੋਂਡਾ, ਸ਼ਰਾਵਸਤੀ, ਬਹਿਰਾਇਚ, ਸੀਤਾਪੁਰ, ਅਮਰੋਹਾ, ਮੁਰਾਦਾਬਾਦ, ਰਾਮਪੁਰ, ਬਰੇਲੀ, ਪੀਲੀਭੀਤ, ਸ਼ਾਹਜਹਾਂਪੁਰ, ਚਿਤਰਕੂਟ, ਕੌਸ਼ੰਬੀ, ਪ੍ਰਯਾਗਰਾਜ, ਫਤਿਹਪੁਰ, ਸੋਨਭੱਦਰ, ਮਿਰਜ਼ਾਪੁਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਕੀਤਾ ਹੈ ।