Punjab
ਗਰਮੀ ਕਾਰਨ ਸੁੱਕਣ ਲੱਗੀਆਂ ਸਬਜ਼ੀਆਂ ਅਤੇ ਮਿਰਚਾਂ
BANUR : ਲਗਾਤਾਰ ਪੈ ਰਹੀਅੱਗ ਦੇ ਕੋਲਿਆਂ ਵਰਗੀ ਗਰਮੀ, ਵਧ ਰਹੇ ਤਾਪਮਾਨ ਕਾਰਨ ਸਬਜ਼ੀਆਂ ਨੂੰ ਨੁਕਸਾਨ ਹੋ ਰਿਹਾ ਹੈ | ਮੰਡੀਆਂ ਅਤੇ ਦੁਕਾਨਾਂ ਵਿੱਚ ਪਈਆਂ ਸਬਜ਼ੀਆਂ ਸੁੱਕ ਰਹੀਆਂ ਹਨ ਜੋ ਦੁਕਾਨਦਾਰਾਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ |
ਲੂ ਕਾਰਨ ਹਰੀਆਂ ਮਿਰਚਾਂ ਅਤੇ ਸਬਜ਼ੀਆਂ ਸੁੱਕਣ ਲੱਗ ਗਈਆਂ ਹਨ। ਸਬਜ਼ੀਆਂ ਦੀਆਂ ਵੇਲਾਂ ਅਤੇ ਮਿਰਚਾਂ ਦੇ ਬੂਟਿਆਂ ਨੂੰ ਬਚਾਉਣ ਲਈ ਹਰ ਦੂਜੇ ਦਿਨ ਪਾਣੀ ਲਾਉਣਾ ਪੈ ਰਿਹਾ ਹੈ। ਵਧੇ ਤਾਪਮਾਨ ਕਾਰਨ ਮਿਰਚਾਂ ਅਤੇ ਸਬਜ਼ੀਆਂ ਨੂੰ ਫ਼ਲ ਅਤੇ ਫੁੱਲ ਵੀ ਨਹੀਂ ਲੱਗ ਰਹੇ, ਜਿਸ ਕਾਰਨ ਦੁਕਾਨਦਾਰ ਪਰੇਸ਼ਾਨ ਹਨ।
ਬਨੂੜ ਖੇਤਰ ਵਿੱਚ ਇੱਕ ਹਜ਼ਾਰ ਏਕੜ ਤੋਂ ਵੱਧ ਰਕਬੇ ਵਿੱਚ ਹਰੀ ਮਿਰਚ ਅਤੇ ਘੀਆ, ਭਿੰਡੀ, ਬੈਂਗਣ ਤੇ ਹੋਰ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ। ਜੂਨ ਮਹੀਨੇ ਵਿੱਚ ਤਾਪਮਾਨ ਦੇ ਲਗਾਤਾਰ ਵਾਧੇ ਕਾਰਨ ਅਤੇ ਮੀਂਹ ਨਾ ਪੈਣ ਕਾਰਨ ਮਿਰਚਾਂ ਦੇ ਬੂਟੇ ਸੁੱਕਣੇ ਸ਼ੁਰੂ ਹੋ ਗਏ ਹਨ ਅਤੇ ਅਜਿਹਾ ਹੀ ਹਾਲ ਸਬਜ਼ੀਆਂ ਦੀਆਂ ਵੇਲਾਂ ਦਾ ਹੈ। ਮਿਰਚਾਂ ਅਤੇ ਸਬਜ਼ੀਆਂ ਦੇ ਕਾਸ਼ਤਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਹਿੰਗੇ ਭਾਅ ਦੀ ਮਿਰਚ ਦੀ ਪਨੀਰੀ, ਖਾਦ, ਦਵਾਈਆਂ, ਡੀਜ਼ਲ ਅਤੇ ਮਜ਼ਦੂਰੀ ‘ਤੇ ਖ਼ਰਚਾ ਕਰ ਕੇ ਮਿਰਚ ਦੀ ਫ਼ਸਲ ਲਗਾਈ ਸੀ ਅਤੇ ਹੁਣ ਫ਼ਸਲ ਨੂੰ ਫ਼ਲ ਆਉਣ ਦਾ ਸਮਾਂ ਸੀ। ਉਨ੍ਹਾਂ ਕਿਹਾ ਕਿ ਦੋ ਹਫ਼ਤਿਆਂ ਤੋਂ ਪੈ ਰਹੀ ਅਤਿ ਦੀ ਗਰਮੀ ਅਤੇ ਵਗਦੀ ਲੂ ਕਾਰਨ ਮਿਰਚ ਨੂੰ ਕੋਈ ਫ਼ਲ ਨਹੀਂ ਲੱਗ ਰਿਹਾ। ਉਨ੍ਹਾਂ ਕਿਹਾ ਉਲਟਾ ਮਿਰਚਾਂ ਨੂੰ ਬਚਾਉਣ ਲਈ ਮਹਿੰਗੇ ਭਾਅ ਦੀਆਂ ਦਵਾਈਆਂ ਦਾ ਛੜਕਾਅ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮੁੱਚੀਆਂ ਸਬਜ਼ੀਆਂ ਦੀਆਂ ਵੇਲਾਂ ਦਾ ਵੀ ਗਰਮੀ ਕਾਰਨ ਅਜਿਹਾ ਹਾਲ ਹੈ ਅਤੇ ਕਾਸ਼ਤਕਾਰ ਤਾਪਮਾਨ ਘਟਣ ਅਤੇ ਮੀਂਹ ਪੈਣ ਦਾ ਇੰਤਜ਼ਾਰ ਕਰ ਰਹੇ ਹਨ।