National
ਆਖ਼ਰਕਾਰ ਵਿਨੇਸ਼ ਫੋਗਾਟ ਨੂੰ ਮਿਲਿਆ ਗੋਲਡ ਮੈਡਲ! ਖ਼ਾਪ ਪੰਚਾਇਤ ਨੇ ਪੁਗਾਇਆ ਆਪਣਾ ਬੋਲ
ਭਾਵੇਂ ਪੈਰਿਸ ਓਲੰਪਿਕ 2024 ਵਿੱਚ ਵਿਨੇਸ਼ ਫੋਗਾਟ ਨੂੰ ਆਯੋਗ ਕਰਾਰ ਦੇ ਦਿੱਤਾ ਗਿਆ ਸੀ ਪਰ ਫਿਰ ਵੀ ਉਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਪੂਰੀਆ ਦੁਨੀਆਂ ਵਿੱਚ ਧੁੰਮਾਂ ਪਾ ਰੱਖੀਆਂ ਹਨ। ਦੱਸ ਦੇਈਏ ਕਿ ਪੈਰਿਸ ਓਲੰਪਿਕ 2024 ਵਿੱਚ ਮਹਿਲਾ ਕੁਸ਼ਤੀ ਦੇ 50 ਕਿਲੋ ਵਰਗ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਵਿਨੇਸ਼ ਫੋਗਾਟ ਜਿਸ ‘ਤੇ ਸਭ ਨੂੰ ਆਸਾਂ ਸੀ ਕਿ ਉਹ ਐਤਕੀ ਗੋਲਡ ਮੈਡਲ ਜਿੱਤ ਕੇ ਮੁੜੇਗੀ ਪਰ ਇਹ ਆਸਾਂ ਤੇ ਉਦੋਂ ਪਾਣੀ ਫਿਰ ਗਿਆ ਜਦੋਂ ਨਿਯਮਾਂ ਮੁਤਾਬਕ ਵਜ਼ਨ ਦੌਰਾਨ ਉਸ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ ਅਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ) ਨੇ ਉਸ ਨੂੰ ਅਯੋਗ ਕਰਾਰ ਦਿੱਤਾ। ਇਸ ਫੈਸਲੇ ਕਾਰਨ ਉਹ ਨਾ ਸਿਰਫ ਫਾਈਨਲ ਮੁਕਾਬਲੇ ਤੋਂ ਬਾਹਰ ਹੋ ਗਈ, ਸਗੋਂ ਚਾਂਦੀ ਦਾ ਤਗਮਾ ਹਾਸਲ ਕਰਨ ਦਾ ਮੌਕਾ ਵੀ ਗੁਆ ਬੈਠੀ।
ਵਿਨੇਸ਼ ਨੇ ਇਸ ਫੈਸਲੇ ਦੇ ਖਿਲਾਫ ਖੇਡਾਂ ਦੀ ਸਭ ਤੋਂ ਵੱਡੀ ਅਦਾਲਤ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀ.ਏ.ਐੱਸ.) ‘ਚ ਅਪੀਲ ਕੀਤੀ ਪਰ ਮਾਮਲਾ ਸਿਰੇ ਨਹੀਂ ਚੜ੍ਹਿਆ। ਨਤੀਜਾ ਇਹ ਹੋਇਆ ਕਿ ਉਸ ਨੂੰ ਪੈਰਿਸ ਤੋਂ ਖਾਲੀ ਹੱਥ ਪਰਤਣਾ ਪਿਆ। ਹਾਲਾਂਕਿ ਹੁਣ ਖਾਲੀ ਹੱਥ ਪਰਤਣ ਦਾ ਦਰਦ ਚਾਂਦੀ ਨਾਲ ਨਹੀਂ ਸਗੋਂ ਸੋਨੇ ਨਾਲ ਦੂਰ ਹੋ ਗਿਆ ਹੈ।
ਪਰ ਇਸ ਫੈਸਲੇ ਤੋਂ ਵਿਨੇਸ਼ ਨੂੰ ਵੱਡਾ ਝਟਕਾ ਲੱਗਾ ਹੈ। ਉਹ ਚਾਂਦੀ ਦਾ ਤਗਮਾ ਨਾ ਮਿਲਣ ‘ਤੇ ਦੁਖੀ ਸੀ, ਜਿਸ ਦਾ ਉਸ ਨੇ ਜ਼ਿਕਰ ਵੀ ਕੀਤਾ। ਭਾਰਤੀ ਪਹਿਲਵਾਨ ਨੂੰ ਉਦਾਸ ਦੇਖ ਕੇ ਹਰਿਆਣਾ ਦੀ ਖਾਪ ਪੰਚਾਇਤ ਨੇ ਉਸ ਨੂੰ ਸੋਨ ਤਗਮੇ ਨਾਲ ਸਨਮਾਨਿਤ ਕਰਨ ਦਾ ਵਾਅਦਾ ਕੀਤਾ ਸੀ। ਅਜਿਹੇ ‘ਚ ਜਿਵੇਂ ਹੀ ਵਿਨੇਸ਼ ਪੈਰਿਸ ਤੋਂ ਆਪਣੇ ਪਿੰਡ ਬਲਾਲੀ ਪਹੁੰਚੀ ਤਾਂ ਉਸ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਪਤਾ ਲੱਗਿਆ ਹੈ ਕਿ ਖਾਪ ਪੰਚਾਇਤ ਨੇ ਵਿਨੇਸ਼ ਫੋਗਾਟ ਨੂੰ 5 ਤੋਲੇ ਦਾ ਸੋਨ ਤਗਮਾ ਨਾਲ ਸਨਮਾਨਿਤ ਕੀਤਾ ਹੈ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਦੱਸਣਯੋਗ ਹੈ ਕਿ ਵਿਨੇਸ਼ ਫੋਗਾਟ ਇਸ ਵਾਰ ਪੈਰਿਸ ਓਲੰਪਿਕ ‘ਚ 50 ਕਿਲੋਗ੍ਰਾਮ ਵਰਗ ‘ਚ ਕੁਸ਼ਤੀ ਕੀਤੀ। ਉਸ ਨੇ ਵਿਸ਼ਵ ਦੇ ਨੰਬਰ 1 ਪਹਿਲਵਾਨ ਯੂਈ ਸੁਸਾਕੀ ਨੂੰ ਹਰਾਇਆ। ਪਰ ਉਸ ਨੂੰ ਆਪਣਾ ਵਜ਼ਨ ਬਰਕਰਾਰ ਰੱਖਣ ਲਈ ਕਾਫੀ ਮਿਹਨਤ ਕਰਨੀ ਪਈ। ਫਾਈਨਲ ਤੋਂ ਪਹਿਲਾਂ ਅਚਾਨਕ ਉਸ ਦਾ ਭਾਰ ਆਮ ਨਾਲੋਂ ਵੱਧ ਹੋ ਗਿਆ, ਜਿਸ ਨੂੰ ਘਟਾਉਣ ਲਈ ਉਹ ਸਾਰੀ ਰਾਤ ਬਿਨਾਂ ਕੁਝ ਖਾਧੇ-ਪੀਏ ਪਸੀਨਾ ਵਹਾਉਂਦੀ ਰਹੀ। ਇਸ ਦੇ ਬਾਵਜੂਦ ਉਸ ਨੂੰ ਮੁਕਾਬਲੇ ਤੋਂ ਬਾਹਰ ਹੋਣਾ ਪਿਆ। ਇਸੇ ਭਾਵਨਾ ਨੂੰ ਮੁੱਖ ਰੱਖਦਿਆਂ ਖਾਪ ਪੰਚਾਇਤ ਨੇ ਗੋਲਡ ਮੈਡਲ ਦੇਣ ਦਾ ਫੈਸਲਾ ਕੀਤਾ ਸੀ। ਉਹ 17 ਅਗਸਤ ਨੂੰ ਦਿੱਲੀ ਏਅਰਪੋਰਟ ‘ਤੇ ਉਤਰੀ ਸੀ। ਇਸ ਤੋਂ ਬਾਅਦ ਉਹ 13 ਘੰਟੇ ਦਾ ਸਫਰ ਕਰ ਕੇ ਆਪਣੇ ਪਿੰਡ ਪਹੁੰਚੀ। ਵਿਨੇਸ਼ ਲਈ ਉਸ ਦੇ ਪਿੰਡ ਵਿੱਚ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿੱਥੇ ਉਸ ਨੂੰ ਸੋਨ ਤਮਗਾ ਦਿੱਤਾ ਗਿਆ।