Connect with us

National

ਵਿਨੇਸ਼ ਨੇ ਮੈਡਲ ਨਹੀਂ, ਦਿਲ ਜਿੱਤੇ

Published

on

ਮੰਗਲਵਾਰ ਦੀ ਸ਼ਾਮ ਤੋਂ ਲੈਕੇ ਵੀਰਵਾਰ ਦੀ ਸਵੇਰ ਤੱਕ ਭਾਰਤ ਵਿੱਚ ਬਹੁਤ ਕੁਝ ਬਦਲ ਗਿਆ। 6 ਅਗਸਤ ਦੀ ਰਾਤ ਨੂੰ ਇੱਕ ਪਾਸੇ ਭਾਰਤੀ ਹਾਕੀ ਤਾਂ ਦੂਜੇ ਪਾਸੇ ਵਿਨੇਸ਼ ਫੋਗਾਟ ਦਾ ਵੀ 50 ਕਿਲੋ ਭਾਰ ਵਰਗ ਦਾ ਕੁਸ਼ਤੀ ਸੈਮੀ ਫਾਈਨਲ ਮੁਕਾਬਲਾ ਸ਼ੁਰੂ ਹੋਇਆ। ਵਿਨੇਸ਼ ਵਾਲਾ ਮੁਕਾਬਲਾ ਟੀਵੀ ਅਤੇ ਹਾਕੀ ਵਾਲਾ ਮੋਬਾਈਲ ’ਤੇ ਚਲਾ ਕੇ ਵੇਖਣੇ ਸ਼ੁਰੂ ਕੀਤੇ। 6 ਮਿਨਟਾਂ ਦੇ ਉਸ ਲੂ ਕੰਡੇ ਖੜੇ ਕਰ ਦੇਣ ਵਾਲੇ ਮੁਕਾਬਲੇ ਨੇ ਵਿਨੇਸ਼ ਦੇ ਦ੍ਰਿੜ ਇਰਾਦੇ ਦੀ ਗਵਾਹੀ ਭਰੀ। ਉਸ ਨੇ ਪਹਿਲਾਂ ਦਿਨ ਵਿੱਚ ਜਾਪਾਨ ਦੀ ਵਰਲਡ ਚੈਂਪੀਅਨ, ਟੋਕੀਓ ਓਲੰਪਿਕਸ ਦੀ ਗੋਲਡ ਮੈਡਲਿਸਟ ਅਤੇ ਕਦੇ ਨਾ ਹਾਰਨ ਵਾਲੀ ਰੈਸਲਰ ਯੂਈ ਸੁਸਾਕੀ ਨੂੰ ਅਖੀਰਲੇ ਸਕਿੰਟਾਂ ਵਿੱਚ ਚਤੁਰਾਈ ਨਾਲ 3-2 ਦੇ ਫਰਕ ਨਾਲ ਮਾਤ ਦਿੱਤੀ। ਫਿਰ ਕੁਝ ਹੀ ਪਲਾਂ ਬਾਅਦ ਕੁਆਰਟਰ ਫਾਈਨਲ ਵਿੱਚ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ 7-5 ਨਾਲ ਧੂੜ ਚਟਾਈ। ਫਿਰ ਉਸੇ ਰਾਤ ਕਰੀਬ ਸਾਢੇ ਕੁ 10 ਵਜੇ (ਭਾਰਤੀ ਸਮੇਂ ਮੁਤਾਬਕ) ਸੈਮੀ ਫਾਈਨਲ ’ਚ ਕਿਊਬਾ ਦੀ ਯੂਸਨੀਲਿਸ ਗਜ਼ਮੈਨ ਨੂੰ 5-0 ਨਾਲ ਇੰਝ ਹਰਾਇਆ ਜਿਵੇਂ ਕੋਈ ਕੰਪੀਟੀਸ਼ਨ ਹੈ ਹੀ ਨਹੀਂ ਸੀ। ਉਸ ਰਾਤ ਭਾਵੇਂ ਅਸੀਂ ਹਾਕੀ ਦਾ ਸੈਮੀਫਾਈਨਲ ਹਾਰ ਗਏ, ਪਰ ਇਹ ਸੋਚ ਕੇ ਚੰਗੀ ਨੀਂਦ ਆਈ ਕਿ ਚਲੋ ਅਗਲੀ ਰਾਤ ਪਹਿਲੀ ਵਾਰ ਮਹਿਲਾ ਕੁਸ਼ਤੀ ਵਿੱਚ ਭਾਰਤ ਨੂੰ ਗੋਲਡ ਮੈਡਲ ਜਿੱਤਦੇ ਵੇਖਾਂਗੇ। ਕਿਉਂਕਿ ਵਿਨੇਸ਼ ਇਹ ਕਮਾਲਸਾਲ 2014, 2018 ਅਤੇ 2022 ਦੀਆਂ ਕਾਮਨਵੈਲਥ ਖੇਡਾਂ ਅਤੇ 2018 ਦੀਆਂ ਏਸ਼ੀਅਨ ਗੇਮਜ਼ ਵਿੱਚ ਗੋਲਡ ਜਿੱਤ ਕੇ ਕਰ ਚੁੱਕੀ ਹੈ। ਇਸ ਤੋਂ ਅਲਾਵਾ ਵਿਨੇਸ਼ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਦੋ ਵਾਰ ਕਾਂਸੇ ਦਾ ਤਗ਼ਮਾ ਵੀ ਭਾਰਤ ਦੇ ਨਾਂ ਕਰ ਚੁੱਕੀ ਹੈ। ਬੱਸ ਦਰਕਾਰ ਸੀ ਤਾਂ ਇੱਕ ਓਲੰਪਿਕਸ ਮੈਡਲ ਦੀ, ਅਤੇ ਉਹ ਵੀ ਸਿੱਧਾ ਗੋਲਡ।

ਪਰ ਬੁੱਧਵਾਰ ਦੀ ਸਵੇਰ ਜੋ ਖ਼ਬਰ ਆਈ ਉਸ ਨੇ ਤਾਂ ਸਭ ਨੂੰ ਹਿਲਾ ਕੇ ਹੀ ਰੱਖ ਦਿੱਤਾ। ਇੱਕ 100 ਗ੍ਰਾਮ ਦੇ ਭਾਰ ਨੇ 100 ਕਰੋੜ ਤੋਂ ਵੱਧ ਭਾਰਤੀਆਂ ਦੇ ਸੁਫ਼ਨਿਆਂ ਨੂੰ ਢਹਿ-ਢੇਰੀ ਕਰ ਦਿੱਤਾ। ਜੋ ਖ਼ਬਰ ਆਈ ਉਸ ’ਤੇ ਦਿਲ ਨੂੰ ਯਕੀਨ ਤਾਂ ਨਹੀਂ ਹੋਇਆ, ਪਰ ਕੰਨਾਂ ਨੇ ਇਹ ਸੁਣਿਆ ਕਿ ਮੁਕਾਬਲੇ ਦੇ ਦੋਵੇਂ ਦਿਨ ਹਰੇਕ ਰੈਸਲਰ ਦਾ ਭਾਰ ਤੋਲਿਆ ਜਾਂਦਾ ਹੈ ਅਤੇ ਇਹ ਭਾਰ ਤੈਅ ਵਰਗ ਨਾਲੋਂ ਇੱਕ ਗ੍ਰਾਮ ਵੀ ਵੱਧ ਨਹੀਂ ਹੋਣਾ ਚਾਹੀਦਾ। ਪਹਿਲੇ ਦਿਨ ਵਿਨੇਸ਼ ਦਾ ਭਾਰ 50 ਕਿਲੋ ਤੋਂ ਘੱਟ ਸੀ ਅਤੇ ਉਸ ਨੇ ਨਾ ਮਾਤਰ ਡਾਇਟ ਦੇ ਨਾਲ ਇੱਕੋ ਦਿਨ ਵਿੱਚ ਤਿੰਨ ਮੁਕਾਬਲੇ ਖੇਡੇ। ਜਿਸ ਤੋਂ ਬਾਅਦ ਸ਼ਾਮ ਨੂੰ ਪਤਾ ਚੱਲਿਆ ਕਿ ਵਿਨੇਸ਼ ਦਾ ਭਾਰ ਕਾਫੀ ਵਧ ਗਿਆ, ਜਿਸ ਨੂੰ ਘਟਾਉਣ ਦੀ ਕਵਾਇਦ ਰਾਤ ਵੇਲੇ ਹੀ ਸ਼ੁਰੂ ਕਰ ਦਿੱਤੀ ਗਈ। ਜਿਸ ਮਗਰੋਂ ਉਸ ਨੇ ਸਾਰੀ ਰਾਤ ਕੁਝ ਖਾਣਾ ਤਾਂ ਦੂਰ, ਪਾਣੀ ਦੀ ਇੱਕ ਬੂੰਦ ਤੱਕ ਨਹੀਂ ਪੀਤੀ। ਉਹ ਕਈ ਕੱਪੜੇ ਪਹਿਨ ਕੇ ਟ੍ਰੈੱਡ ਮਿੱਲ ’ਤੇ ਦੌੜੀ, ਜੌਗਿੰਗ ਕੀਤੀ, ਸਾਈਕਲਿੰਗ ਕੀਤੀ, ਸੌਨਾ ਰੂਮ ਵਿੱਚ ਸਮਾਂ ਬਿਤਾਇਆ, ਤਾਂ ਜੋ ਮੁੜ੍ਹਕੇ ਨਾਲ ਭਾਰ ਘਟੇ। ਪਰ ਜਦੋਂ ਸਵੇਰੇ ਭਾਰ ਤੋਲਿਆ ਤਾਂ 150 ਗ੍ਰਾਮ ਵੱਧ ਆਇਆ। ਫਿਰ ਵੀ ਜੱਦੋ-ਜਹਿਦ ਕੀਤੀ, ਇੱਥੋਂ ਤੱਕ ਕਿ ਆਪਣੇ ਵਾਲ ਵੀ ਕੱਟੇ ਅਤੇ ਖੂਨ ਕੱਢਣ ਦੀ ਵੀ ਕੋਸ਼ਿਸ਼ ਕੀਤੀ। ਪਰ ਓਲੰਪਿਕਸ ਅਧਿਕਾਰੀਆਂ ਸਾਹਮਣੇ ਇਹ ਸਭ ਕਰਨ ਲਈ ਤੈਅ 15 ਮਿਨਟਾਂ ਬਾਅਦ ਵੀ ਅਖੀਰਲਾ ਭਾਰ 100 ਗ੍ਰਾਮ ਵੱਧ ਹੀ ਰਿਹਾ, ਜਿਸ ਤੋਂ ਬਾਅਦ ਵਿਨੇਸ਼ ਬੁਰੀ ਤਰ੍ਹਾਂ ਟੁੱਟ ਗਈ।

ਇੱਥੇ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ ਕਿ ਜੇ ਵਿਨੇਸ਼ ਦਾ ਭਾਰ ਵੱਧ ਸੀ ਤਾਂ ਉਸ ਨੇ ਘੱਟ ਵਾਲੇ ਵਰਗ ਵਿੱਚ ਹਿੱਸਾ ਕਿਉਂ ਲਿਆ। ਦਰਅਸਲ ਵਿਨੇਸ਼ 53 ਕਿਲੋ ਭਾਰ ਵਰਗ ਵਿੱਚ ਖੇਡਦੀ ਹੈ ਅਤੇ ਇਸ ਵਾਰ ਇਹ ਵਾਲਾ ਵਰਗ ਦੂਜੀ ਰੈਸਲਰ ਅੰਤਿਮ ਪੰਘਾਲ ਲਈ ਰਾਖਵਾਂ ਕਰ ਦਿੱਤਾ ਗਿਆ ਸੀ ਕਿਉਂਕਿ ਪੰਘਾਲ ਨੇ ਪਿਛਲੇ ਸਾਲ ਵਰਲਡ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਜਿਸ ਤੋਂ ਬਾਅਦ ਵਿਨੇਸ਼ ਨੇ ਆਪਣੀ ਕੈਟੇਗਰੀ ਛੱਡ ਕੇ 50 ਕਿਲੋ ਭਾਰ ਵਰਗ ਲਈ ਮਿਹਨਤ ਕੀਤੀ ਅਤੇ ਆਪਣੇ ਸਰੀਰ ਨੂੰ ਮੁਕਾਬਲਿਆਂ ਲਈ ਤਿਆਰ ਰੱਖਦੇ ਹੋਏ ਭਾਰ ਵੀ ਨਿਰੰਤਰ ਘਟਾਇਆ। ਦੱਸਿਆ ਜਾਂਦਾ ਹੈ ਕਿ ਵਿਨੇਸ਼ ਦਾ ਆਮ ਤੌਰ ਤੇ ਭਾਰ 56-57 ਕਿਲੋ ਰਹਿੰਦਾ ਹੈ, ਜਿਸ ਨੂੰ ਕੰਪੀਟੀਸ਼ਨ ਦੇ ਲਈ ਘਟਾਇਆ ਜਾਂਦਾ ਹੈ।

ਇੱਥੇ ਵਿਨੇਸ਼ ਵੱਲੋਂ ਅਪ੍ਰੈਲ ਮਹੀਨੇ ਵਿੱਚ ਕੀਤੀ ਗਈ ਸੋਸ਼ਲ ਮੀਡੀਆ ਪੋਸਟ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ, ਜਿਸ ਵਿੱਚ ਉਸ ਨੇ ਆਪਣੀ ਹੀ ਫੈਡਰੇਸ਼ਨ ਤੋਂ ਮਾਨਸਿਕ ਪ੍ਰਤਾੜਨਾ ਦੀ ਸ਼ਿਕਾਇਤ ਕੀਤੀ ਸੀ ਅਤੇ ਖ਼ਦਸ਼ਾ ਜਤਾਇਆ ਸੀ ਕਿ ਉਸ ਦੇ ਖ਼ਿਲਾਫ਼ ਕੋਈ ਸਾਜ਼ਿਸ਼ ਰਚੀ ਜਾ ਸਕਦੀ ਹੈ,ਉਸ ਪੱਖੋਂ ਵੀ ਇਸ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਜਿਵੇਂ ਵਿਨੇਸ਼ਮਹਿਲਾ ਭਲਵਾਨਾਂ ਦੀ ਇੱਜ਼ਤ ਦੇ ਲਈ ਫੈਡਰੇਸ਼ਨ ਦੇ ਹੁਕਮਰਾਨ ਖ਼ਿਲਾਫ਼ ਡਟੀ ਸੀ, ਦਿੱਲੀ ਦੇ ਜੰਤਰ-ਮੰਤਰ ’ਤੇ ਧਰਨਾ ਦਿੱਤਾ ਸੀ, ਹਰ ਤਰ੍ਹਾਂ ਦੀ ਪ੍ਰਤਾੜਨਾ ਦੇ ਬਾਵਜੂਦ ਵਿਖਾਇਆ ਸੀ ਕਿ ਉਹ ਸਿਰਫ ਮੈਟ ਦੀ ਹੀ ਨਹੀਂ, ਅਸੂਲਾਂ ਦੀ ਕਸਵੱਟੀ ’ਤੇ ਵੀ ਡੱਟ ਕੇ ਲੜਨ ਵਾਲੀ ਭਲਵਾਨ ਹੈ।

ਹੁਣ ਵਿਨੇਸ਼ ਦੀ ਨਵੀਂ ਸੋਸ਼ਲ ਮੀਡੀਆ ਪੋਸਟ ਨੇ ਦਿਲ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ, ਜਿਸ ਵਿੱਚ ਉਸ ਨੇ ਕੁਸ਼ਤੀ ਨੂੰ ਅਲਵਿਦਾ ਆਖਿਆ ਹੈ ਅਤੇ ਅਪਣੀ ਮਾਂ ਨੂੰ ਸੰਬੋਧਨ ਕਰਦਿਆਂ ਇਹ ਵੀ ਲਿਖਿਆ ਕਿ “ਕੁਸ਼ਤੀ ਮੇਰੇ ਤੋਂ ਜਿੱਤ ਗਈ ਅਤੇ ਮੈਂ ਹਾਰ ਗਈ, ਮਾਫ਼ ਕਰਨਾ ਕਿ ਤੁਹਾਡਾ ਸੁਫ਼ਨਾ ਅਤੇ ਮੇਰੀ ਹਿੰਮਤ ਦੋਵੇਂ ਟੁੱਟ ਚੁੱਕੇ ਨੇ, ਇਸ ਤੋਂ ਵੱਧ ਤਾਕਤ ਨਹੀਂ ਰਹੀ ਹੁਣ”। ਅਸੀਂ ਬੱਸ ਇਹੀ ਕਹਿਣਾ ਚਾਹਾਂਗੇ ਕਿ ਵਿਨੇਸ਼ ਨੂੰ ਭਾਵੇਂ ਭਾਰ ਵੱਧ ਹੋਣ ਕਰ ਕੇ ਅਯੋਗ ਕਰਾਰ ਦੇ ਦਿੱਤਾ ਗਿਆ ਪਰ ਉਸ ਦੀ ਪ੍ਰਤਿਭਾ ’ਤੇ ਕੋਈ ਉਂਗਲ ਨਹੀਂ ਚੁੱਕ ਸਕਦਾ। ਜਦੋਂ ਉਹ ਭਾਰਤ ਆਵੇਗੀ ਤਾਂ ਇੱਕ ਅਜੇਤੂ ਖਿਡਾਰਣ ਦੇ ਰੂਪ ਵਿੱਚ ਸਿਰ ਉੱਚਾ ਕਰਕੇ ਅਤੇ ਹਰੇਕ ਭਾਰਤੀ ਵੱਲੋਂ ਉਸ ਦਾ ਸੁਆਗਤ ਵੀ ਗੋਲਡ ਮੈਡਲਿਸਟ ਵਾਂਗ ਹੀ ਕੀਤਾ ਜਾਣਾ ਚਾਹੀਦਾ ਹੈ। ਵਿਨੇਸ਼ ਕੋਲ ਓਲੰਪਿਕਸ ਦਾ ਗੋਲਡ ਮੈਡਲ ਨਹੀਂ ਤਾਂ ਕੀ, ਉਹ ਦੇਸ਼ ਦੀ ਗੋਲਡਨ ਗਰਲ ਹਮੇਸ਼ਾ ਰਹੇਗੀ।

 

(ਰਿਪੋਰਟ: ਬਲਵਿੰਦਰ ਸਿੰਘ, ਨਿਊਜ਼ ਐਡੀਟਰ, ਵਰਲਡ ਪੰਜਾਬੀ ਟੀਵੀ)