Connect with us

India

ਭਾਰਤ ਚੀਨ ਵਿਚਕਾਰ ਛਿੜਿਆ ਘਮਾਸਾਨ, ਕਈ ਮੀਟਿੰਗਾਂ ਦੇ ਬਾਵਜੂਦ ਵੀ ਨਹੀਂ ਨਿਕਲਿਆ ਕੋਈ ਨਤੀਜਾ

Published

on

17 ਜੂਨ : ਭਾਰਤ ਤੇ ਚੀਨ ਦੌਰਾਨ ਵੱਧ ਰਹੇ ਤਣਾਅ ਨੇ ਮੰਗਲਵਾਰ ਨੂੰ ਹਿੰਸਕ ਦਾ ਰੂਪ ਲੈ ਲਿਆ ਹੈ। LAC ’ਤੇ ਝੜਪ ’ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਹਨ। ਭਾਰਤੀ ਫੌਜ ਨੇ ਆਪਣੇ ਤਿੰਨ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਹੀ ਆਪਣਾ ਬਿਆਨ ਜਾਰੀ ਕੀਤਾ। ਭਾਰਤੀ ਫੌਜ ਦੇ ਪਹਿਲੇ ਬਿਆਨ ਤੋਂ ਬਾਅਦ ਚੀਨ ਨੇ ਇੱਕ ਘੰਟੇ ਦੇ ਅੰਦਰ-ਅੰਦਰ ਹੀ ਪ੍ਰੈੱਸ ਕਾਨਫਰੰਸ ਕੀਤੀ ਅਤੇ ਸਾਰੀ ਜ਼ਿੰਮੇਵਾਰੀ ਭਾਰਤ ਸਿਰ ਪਾ ਦਿੱਤੀ। ਇਹ ਨਹੀਂ, ਚੀਨ ਨੇ ਭਾਰਤ ਨੂੰ ਹਾਲਾਤ ਵਿਗੜਨ ਦੀ ਧਮਕੀ ਵੀ ਦੇ ਦਿੱਤੀ। ਓਧਰ ਦੇਰ ਰਾਤ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਕਿ ਇਸ ਮਸਲੇ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਇਆ ਜਾ ਸਕਦਾ ਹੈ।

ਚੀਨ ਨੇ 27 ਸਾਲ ਪੁਰਾਣਾ ਸਮਝੌਤਾ ਵੀ ਤੋੜ ਦਿੱਤਾ ਹੈ। 1993 ’ਚ ਚੀਨ ਨੇ ਭਾਰਤ ਨਾਲ LAC ’ਤੇ ਸਥਿਰਤਾ ਬਣਾਈ ਰੱਖਣ ਦਾ ਸਮਝੌਤਾ ਕੀਤਾ ਸੀ। ਭਾਰਤ ਚੀਨ ਦਾ ਇਹ ਵਿਵਾਦ 5 ਮਈ ਨੂੰ ਸ਼ੁਰੂ ਹੋਇਆ ਸੀ। ਕਈ ਵਾਰ ਦੋਵਾਂ ਦੇਸ਼ਾਂ ਦੇ ਜਵਾਨਾਂ ਦੀ ਝੜਪ ਹੋਈ। ਉਦੋਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਕੁੱਲ੍ਹ ਚਾਰ ਬੈਠਕਾਂ ਹੋਈਆਂ। ਇਸ ਪੂਰੇ ਵਿਵਾਦ ਨੂੰ 44 ਦਿਨ ਹੋ ਗਏ, ਪਰ ਪ੍ਰਧਾਨ ਮੰਤਰੀ ਦੀ ਹਾਲੇ ਤੱਕ ਕੋਈ ਪ੍ਰਕਿਰਿਆ ਨਹੀਂ ਆਈ। ਓਧਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀ ਇਸ ਮਾਮਲੇ ’ਤੇ ਚੁੱਪ ਹਨ। ਵਿਦੇਸ਼ ਮੰਤਰੀ ਨੇ 5 ਮਈ ਤੋਂ ਹੁਣ ਤੱਕ 75 ਤੋਂ ਜ਼ਿਆਦਾ ਟਵੀਟ ਕੀਤੇ ਪਰ ਕਿਤੇ ਵੀ ਚੀਨ ਦਾ ਜ਼ਿਕਰ ਨਹੀਂ ਕੀਤਾ। ਵਿਦੇਸ਼ ਮਾਮਲਿਆਂ ਦੇ ਮਾਹਿਰ ਹਰਸ਼ ਵੀ ਪੰਤ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਕਿ ਜਦੋਂ ਸਾਡਾ ਵਿਦੇਸ਼ ਮੰਤਰੀ ਨਾ ਬੋਲਿਆ ਹੋਵੇ। ਇਸ ਤੋਂ ਪਹਿਲਾਂ ਡੋਕਲਾਮ ਮਾਮਲੇ ’ਤੇ ਮਰਹੂਮ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਸਿੱਧਾ ਸੰਸਦ ’ਚ ਹੀ ਬਿਆਨ ਦਿੱਤਾ ਸੀ।

ਚੀਨ ਆਖਿਰ ਭਾਰਤ ਨਾਲ ਕਿਉਂ ਭਿੜ ਰਿਹਾ ਹੈ, ਇਸਦੇ 3 ਮੁੱਖ ਕਾਰਨ ਹਨ

ਪਹਿਲਾ ਕਾਰਨ ਹੈ ਜੰਮੂ-ਕਸ਼ਮੀਰ ਚੋਂ ਧਾਰਾ 370 ਹਟਾਉਣਾ। ਵਿਦੇਸ਼ੀ ਮਾਮਲਿਆਂ ਦੇ ਮਾਹਿਰਾਂ ਅਨੁਸਾਰ ਭਾਰਤ ਦੁਆਰਾ ਜੰਮੂ-ਕਸ਼ਮੀਰ ਚੋਂ ਧਾਰਾ 370 ਹਟਾਉਣ ਤੋਂ ਬਾਅਦ ਚੀਨ ਪੂਰੀ ਤਰ੍ਹਾਂ ਘਬਰਾਇਆ ਹੋਇਆ ਹੈ। ਇਸੇ ਕਾਰਨ ਉਹ ਇਸ ਮੁੱਦੇ ਨੂੰ ਯੂਐੱਨ ਸਕਿਊਰਿਟੀ ਕਾਊਂਸਿਲ ’ਚ ਵੀ ਲੈ ਗਿਆ ਸੀ। ਚੀਨ ਨੂੰ ਲੱਗਦਾ ਹੈ ਕਿ ਜੇਕਰ ਜੰਮੂ-ਕਸ਼ਮੀਰ ਅਤੇ ਲੱਦਾਖ ’ਤੇ ਭਾਰਤ ਦਾ ਕੰਟਰੋਲ ਵਧੇਗਾ ਤਾਂ ਉਸਨੂੰ ਕੰਸਟ੍ਰਕਸ਼ਨ ਪ੍ਰੋਜੈਕਟ ’ਚ ਦਿੱਕਤਾਂ ਆਉਣਗੀਆਂ। ਖਾਸਕਾਰ ਪਾਕਿਸਤਾਨ ਨਾਲ ਬਣ ਰਹੇ ਸਪੈਸ਼ਲ ਰੋਡ ’ਤੇ ਦਿੱਕਤ ਆਵੇਗੀ ਜੋ ਕਿ ਪੀਓਕੇ ਤੋਂ ਹੋ ਕੇ ਗੁਜਰਦਾ ਹੈ।

ਇਸਦਾ ਦੂਜਾ ਕਾਰਨ ਹੈ ਕੋਰੋਨਾ ਨੂੰ ਲੈ ਕੇ ਚੀਨ ’ਤੇ ਦੁਨੀਆਂ ਭਰ ਦਾ ਪ੍ਰੈੱਸ਼ਰ। ਕੋਰੋਨਾਵਾਇਰਸ ਨੂੰ ਲੈ ਕੇ ਚੀਨ ’ਤੇ ਦੁਨੀਆਂ ਭਰ ਦਾ ਪ੍ਰੈੱਸ਼ਰ ਹੈ। ਇਸ ਕਾਰਨ ਉਹ ਆਪਣੇ ’ਤੇ ਪਏ ਦਬਾਅ ਨੂੰ ਘਟਾਉਣ ਲਈ ਵੀ ਅਜਿਹੀਆਂ ਹਰਕਤਾਂ ਕਰ ਰਿਹਾ ਹੈ ਤਾਂ ਜੋ ਕੋਰੋਨਾ ਤੋਂ ਧਿਆਨ ਹਟ ਕੇ ਇਸ ਪਾਸੇ ਹੋ ਸਕੇ।

ਇਸ ਦਾ ਤੀਜਾ ਕਾਰਨ ਹੈ ਭਾਰਤ ਦੀਆਂ ਵਿਦੇਸ਼ ਅਤੇ ਆਰਥਿਕ ਨੀਤੀਆਂ, ਜਿਨ੍ਹਾਂ ਤੋਂ ਚੀਨ ਨੂੰ ਹਮੇਸ਼ਾਂ ਹੀ ਪ੍ਰੇਸ਼ਾਨੀ ਹੋਈ ਹੈ, ਚਾਹੇ WTO ਦਾ ਮੁੱਦਾ ਹੋਵੇ ਜਾਂ ਕੋਰੋਨਾਵਾਇਰਸ ਨੂੰ ਲੈ ਕੇ ਜਾਂਚ ਦੀ ਗੱਲ ਹੋਵੇ। ਇਨ੍ਹਾਂ ਮੁੱਦਿਆਂ ’ਤੇ ਭਾਰਤ ਨੇ ਚੀਨ ਵਿਰੁੱਧ ਆਪਣੀ ਸਹਿਮਤੀ ਦਿੱਤੀ ਹੈ।

ਦੋਨਾਂ ਦੇਸ਼ਾਂ ’ਚ ਵਿਵਾਦ ਨੂੰ ਲੈ ਕੇ ਫੌਜ ਪੱਧਰ ’ਤੇ ਗੱਲਬਾਤ ਚੱਲ ਰਹੀ ਹੈ ਮਾਹਿਰਾਂ ਪਰ ਹੁਣ ਡਿਪਲੋਮੈਟਿਕ ਪੱਧਰ ’ਤੇ ਗੱਲਬਾਤ ਕਰਨ ਦੀ ਜ਼ਰੂਰਤ ਹੈ, ਤਾਂ ਜੋ ਵਿਵਾਦ ਨੂੰ ਹੱਲ ਕਰਨ ਲਈ ਨਵੇਂ ਰਸਤੇ ਨਿੱਕਲ ਸਕਣ। ਵਿਦੇਸ਼ ਮੰਤਰੀਆਂ ਵਿੱਚ ਗੱਲਬਾਤ ਹੋਵੇ। ਮਾਹਿਰਾਂ ਅਨੁਸਾਰ ਇਹ ਵੀ ਸਮਝਣਾ ਲੈਣਾ ਚਾਹੀਦਾ ਹੈ ਕਿ ਭਾਰਤ ਦਾ ਦੁਸ਼ਮਣ ਕੇਵਲ ਪਾਕਿਸਤਾਨ ਹੀ ਨਹੀਂ, ਚੀਨ ਭਾਰਤ ਦਾ ਉਸ ਤੋਂ ਵੀ ਵੱਡਾ ਦੁਸ਼ਮਣ ਹੈ। ਪਾਕਿਸਤਾਨ ਪਿੱਛੇ ਵੀ ਚੀਨ ਦੀ ਸੋਚ ਕੰਮ ਕਰਦੀ ਹੈ।