Uncategorized
ਵੜਿੰਗ ਨੇ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦੇ ਜੈਨੀ ਜੌਹਲ ਦੇ ਗੀਤ ‘ਤੇ ਪਾਬੰਦੀ ਦੀ ਨਿਖੇਧੀ ਕੀਤੀ

ਚੰਡੀਗੜ੍ਹ:
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜੈਨੀ ਜੌਹਲ ਦੇ ਨਵੇਂ ਗੀਤ ‘ਲੈਟਰ ਟੂ ਸੀਐਮ’ ਦੇ ਪ੍ਰਸਾਰਣ ‘ਤੇ ਪਾਬੰਦੀ ਲਾਉਣ ਦੀ ਨਿਖੇਧੀ ਕੀਤੀ ਹੈ, ਜਿਸ ਵਿੱਚ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰ ਰਹੀ ਹਨ।
ਇੱਥੇ ਜਾਰੀ ਇੱਕ ਬਿਆਨ ਵਿੱਚ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਆਪਣੀ ਮੂਲ ਪਾਰਟੀ ਭਾਜਪਾ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਹੀ ਹੈ, ਜਿਸਨੇ ਵੀ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਗੀਤਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਗੀਤ ‘ਚ ਉਠਾਏ ਮੁੱਦਿਆਂ ‘ਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਬਜਾਏ ਤਾਨਾਸ਼ਾਹੀ ਵਾਲਾ ਕੰਮ ਕੀਤਾ ਹੈ। ਪਰ ਇਹ ਉਨ੍ਹਾਂ ਦੀ ਵੱਡੀ ਭੁੱਲ ਹੈ ਕਿ ਉਹ ਗੀਤ ‘ਤੇ ਪਾਬੰਦੀ ਲਗਾ ਕੇ ਲੋਕਾਂ ਤੱਕ ਇਸ ਦੀ ਪਹੁੰਚ ਨੂੰ ਰੋਕ ਸਕਦੇ ਹਨ। ਇਹ ਗੀਤ ਹੋਰ ਵੀ ਮਸ਼ਹੂਰ ਹੋਵੇਗਾ, ਜਿਸ ਚ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਉਠਾਈ ਗਈ ਹੈ।