Connect with us

Gadgets

ਹੁਣ ਘੜੀਆਂ ਸਮਾਂ ਵੇਖਣ ਲਈ ਨਹੀਂ ਸਗੋਂ ਰੁਤਬੇ ਦਾ ਚਿੰਨ੍ਹ;13 ਕਰੋੜ ਦੀ ਘੜੀ ਬਾਜ਼ਾਰ ‘ਚ!

Published

on

ਘੜੀਆਂ ਅਤੇ ਟਾਈਮ ਪੀਸ ਸਮਾਂ ਵੇਖਣ ਲਈ ਬਣਾਏ ਗਏ ਸਨ ਤੇ ਉਸ ਤੋਂ ਬਾਅਦ ਸਮਾਰਟ ਵਾਚ ਆਈਆਂ ਜੋ ਸਮਾਂ ਦੱਸਣ ਦੇ ਨਾਲ ਨਾਲ ਫੋਨ ਕਾਲ ਲੈਣ ਲਈ ਅਤੇ ਹਾਰਟ ਰੇਟ ਤੇ ਬਲੱਡ ਪ੍ਰੈੱਸਰ ਚੈੱਕ ਕਰਨ ਲਈ ਵੀ ਵਰਤੀਆਂ ਜਾਣ ਲੱਗੀਆਂ ਪਰ ਹੁਣ ਘੜੀਆਂ ਰੁਤਬੇ ਦਾ ਚਿੰਨ੍ਹ ਬਣ ਚੁੱਕੀਆਂ ਹਨ। ਹੁਣ ਤੱਕ ਰੋਲੈਕਸ ਦੀ ਘੜੀ ਸਭ ਤੋਂ ਵੱਧ ਮਹਿੰਗੀ ਮੰਨੀ ਜਾਂਦੀ ਸੀ ਜਿਸਦੀ ਕੀਮਤ 12 ਲੱਖ ਤੋਂ ਲੈ ਕੇ ਇੱਕ ਕਰੋੜ ਰੁਪਏ ਤੱਕ ਸੀ ਪਰ ਹੁਣ ਫਰਾਂਸ ਦੀ ਇੱਕ ਕੰਪਨੀ ਸ਼ਨੇਲ ਜੇ 12 ਬਲੂ ਐਕਸਰੇ ਘੜੀ ਬਾਜ਼ਾਰ ਵਿੱਚ ਲਿਆਂਦੀ ਹੈ। ਇੱਕ ਲਿਮਿਟਡ ਐਡੀਸ਼ਨ ਹੈ ਅਤੇ ਫਿਲਹਾਲ ਕੰਪਨੀ ਨੇ ਕੇਵਲ 12 ਘੜੀਆਂ ਹੀ ਬਣਾਈਆਂ ਹਨ। ਆਕਰਸ਼ਕ ਸ਼ੇਡ ਦੀ ਇਹ ਸਿਰੇਮਿਕ ਨੀਲੇ ਰੰਗ ਦੀ ਘੜੀ ਹੈ। ਇਸ ਘੜੀ ਦੀ ਕੀਮਤ 13 ਕਰੋੜ ਰੁਪਏ ਹੈ। ਇਸ ਘੜੀ ਦੇ ਕੇਸ ਅਤੇ ਬ੍ਰੇਸਲੇਟ ਨੀਲਮ ਦੇ ਇੱਕ ਟੁਕੜੇ ਨੂੰ ਤਰਾਸ਼ ਕੇ ਬਣਾਏ ਗਏ ਹਨ। ਇਸ ਘੜੀ ਨੂੰ ਬਣਾਉਣ ਵਿੱਚ ਕਾਰੀਗਰਾਂ ਨੂੰ 1600 ਘੰਟੇ ਲੱਗੇ ਹਨ।

ਬੀਤੇ ਦਿਨੀਂ ਜਨੇਵਾ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਘੜੀ ਸ਼ੋਅ ” ਵਾਚਜ਼ ਐਂਡ ਵੰਡਰਜ਼ 25 ” ਕਰਵਾਇਆ ਜਿਸ ਵਿੱਚ ਫਰਾਂਸ ਦੀ ਇਹ 13 ਕਰੋੜ ਦੀ ਘੜੀ ਵੀ ਰੱਖੀ ਗਈ। ਇਸ ਸਮੇਂ ਸ਼ੋਅ ਵਿੱਚ ਬੁਲਗਾਰੀ ਕੰਪਨੀ ਨੇ ਸਭ ਤੋਂ ਪਤਲੀ ਘੜੀ ਲਿਆਂਦੀ ਜਿਸਦੀ ਕੀਮਤ 5 ਕਰੋੜ ਰੁਪਏ ਹੈ।ਇਹ ਘੜੀਆਂ ਉਹ ਲੋਕ ਖ੍ਰੀਦਣਗੇ ਜੋ ਰੁਤਬੇ ਦੇ ਪਾਗਲਪਨ ਵਿੱਚ ਸਭ ਤੋਂ ਅੱਗੇ ਜਾਣ ਦੀ ਦੌੜ ਵਿੱਚ ਹਨ।

ਕਹਿੰਦੇ ਹਨ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਿਨ੍ਹਾਂ ਲੋਕਾਂ ਨੂੰ ਪੈਸਾ ਕਮਾਉਣ ਦਾ ਗੁਰ ਮਿਲ ਗਿਆ ਹੈ ਉਹ ਧਨ ਦੀਆਂ ਢੇਰੀਆਂ ਲਗਾਈ ਜਾ ਰਹੇ ਹਨ। ਜਦੋਂ ਧਨ ਲੋੜ ਤੋਂ ਵੱਧ ਇਕੱਠਾ ਹੋ ਜਾਂਦਾ ਹੈ ਤਾਂ ਲੋਕ ਫ਼ਿਰ ਰੁੱਤਬੇ ਦੀ ਦੌੜ ਵਿੱਚ ਲੱਗ ਜਾਂਦੇ ਹਨ। ਅੱਜ ਦੇ ਸਮੇਂ ਮਹਿੰਗੀਆਂ ਗੱਡੀਆਂ, ਮਹਿੰਗੀਆਂ ਘੜੀਆਂ ਤੇ ਮਹਿੰਗੀਆਂ ਘੋੜੀਆਂ ਰੱਖਣ ਦਾ ਪਾਗਲਪਨ ਲਗਾਤਾਰ ਵਧ ਰਿਹਾ ਹੈ।

ਜੇਕਰ ਸਮਾਜਵਾਦੀ ਨਜ਼ਰੀਏ ਨਾਲ ਵੇਖੀਏ ਤਾਂ ਆਰਥਿਕ ਤੌਰ ‘ਤੇ ਮਨੁੱਖੀ ਨਾਬਰਾਬਰੀ ਇੰਨੀ ਜ਼ਿਆਦਾ ਵਧ ਗਈ ਹੈ ਕਿ ਇਕਨਾਂ ਕੋਲ ਅਰਬਾਂ ਰੁਪਏ ਹਨ ਤੇ ਉਹ ਆਪਣੇ ਸ਼ੌਕ ਪੂਰੇ ਕਰਨ ਲਈ ਕਰੋੜਾਂ ਦੀਆਂ ਗੱਡੀਆਂ ਤੇ ਘੜੀਆਂ ਖ਼ਰੀਦ ਕੇ ਰੁੱਤਬੇ ਦਾ ਵਿਖਾਵਾ ਕਰਦੇ ਹਨ ਅਤੇ ਇਕਨਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਦੁਨੀਆਂ ਦਾ ਇੱਕ ਐਸਾ ਹਿੱਸਾ ਵੀ ਜਿੱਥੇ ਲੋਕ ਮਿੱਟੀ ਖਾਣ ਲਈ ਮਜਬੂਰ ਨੇ। ਭਾਰਤ ਵਿੱਚ ਹਰ ਛੇਵਾਂ ਵਿਅਕਤੀ ਰਾਤ ਨੂੰ ਭੁੱਖਾ ਸੌਂਦਾ ਹੈ ਅਤੇ ਭਾਰਤ ਵਿੱਚ ਵੀ ਲੋਕ ਸ਼ਾਹੀ ਠਾਠ ਬਾਠ ਨਾਲ ਰਹਿ ਰਹੇ ਹਨ।

ਅੱਜ ਦੇ ਸਮੇਂ ਆਪਣੀ ਸਮਾਰਟਨੈਸ ਨਾਲ ਧਨ ਕਮਾ ਕੇ ਰੁੱਤਬੇ ਦਾ ਵਿਖਾਵਾ ਕਰਨਾ ਗ਼ਲਤ ਨਹੀਂ ਹੈ। ਭਾਰਤ ਦੇ ਕ੍ਰਿਕਟਰ ਜ਼ਿਆਦਾਤਰ ਮਹਿੰਗੀਆਂ ਗੱਡੀਆਂ ਤੇ ਮਹਿੰਗੀਆਂ ਘੜੀਆਂ ਖ੍ਰੀਦਦੇ ਹਨ।13 ਕਰੋੜ ਵਾਲੀਆਂ ਘੜੀਆਂ ਹਾਲੇ 12 ਘੜੀਆਂ ਹੀ ਬਣੀਆਂ ਹਨ। ਲੇਕਿਨ ਖ੍ਰੀਦਦਾਰ ਬਹੁਤ ਹੋਣਗੇ। ਸਮਾਜਵਾਦ ਦੇ, ਨਜ਼ਰੀਏ ਨਾਲ਼ ਵੇਖੀਏ ਤਾਂ ਇਹ ਮਨੁੱਖੀ ਨਾਬਰਾਬਰੀ ਹੈ। ਸੰਸਾਰ ਅੰਦਰ ਇਕਨਾਂ ਨੂੰ ਦੋ ਵਕਤ ਦੀ ਰੋਟੀ ਨਹੀਂ ਮਿਲਦੀ ਤੇ ਇਕਨਾਂ ਦੇ ਗੁੱਟਾਂ ‘ਤੇ ਕਰੋੜਾਂ ਦੀਆਂ ਘੜੀਆਂ ਹਨ।ਲੇਕਿਨ ਸਾਮਵਾਦ ਦੇ ਨਜ਼ਰੀਏ ਨਾਲ ਸਮਾਰਟਨੈਸ ਨਾਲ ਧਨ ਕਮਾ ਕੇ ਰੁੱਤਬੇ ਦਾ ਵਿਖਾਵਾ ਕਰਨਾ ਗ਼ਲਤ ਨਹੀਂ ਹੈ। ਦੁਨੀਆਂ ਅੰਦਰ ਸਮਾਜਵਾਦ ਫੇਲ੍ਹ ਹੋਇਆ ਹੈ ਤੇ ਸਾਮਵਾਦ ਸਫਲ ਹੈ। ਸਾਡਾ ਮਕਸਦ ਮਹਿੰਗੀਆਂ ਚੀਜਾਂ ਖ੍ਰੀਦ ਕੇ ਰੁੱਤਬੇ ਦਾ ਵਿਖਾਵਾ ਕਰਨ ਦੀ ਆਲੋਚਨਾ ਕਰਨਾ ਨਹੀਂ। ਸਾਡਾ ਮਕਸਦ 13 ਕਰੋੜ ਦੀ ਘੜੀ ਦੀ ਰੋਮਾਂਚਕ ਖ਼ਬਰ ਤੁਹਾਡੇ ਤੱਕ ਪਹੁੰਚਾਉਣਾ ਹੈ।

ਕੁਲਵੰਤ ਸਿੰਘ ਗੱਗੜਪੁਰੀ