WEATHER
ਕੀ ਹੈ ਅਲ ਨੀਨੋ ‘ਤੇ ਲਾ ਨੀਨੋ ਦਾ ਪ੍ਰਭਾਵ

ਭਾਰਤ ਸਮੇਤ ਪੂਰੇ ਵਿਸ਼ਵ ਵਿਚ ਗਰਮੀ ਲਗਾਤਾਰ ਵੱਧ ਰਹੀ ਹੈ। ਇਸ ਵੱਧਦੀ ਗਰਮੀ ਦੇ ਕਈ ਕਾਰਨ ਹਨ। ਇਹਨਾਂ ਕਾਰਨਾ ਵਿੱਚੋ ਅਲ ਨੀਨੋ ‘ਤੇ ਲਾ ਨੀਨੋ ਦਾ ਪ੍ਰਭਾਵ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਗਲੋਬਲ ਵਾਰਮਿੰਗ ਤੇ ਮੌਸਮੀ ਤਬਦੀਲੀ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਟਰੇਡ ਵਿੰਡਸ ਅਤੇ ਉਸਦਾ ਪ੍ਰਭਾਵ
ਟਰੇਡ ਵਿੰਡਸ ਉਹ ਹਵਾਵਾਂ ਹੁੰਦੀਆਂ ਹਨ ਜੋ ਭੂਮੱਧ ਰੇਖਾ ਦੇ ਉੱਤਰ ਅਤੇ ਦੱਖਣ ਵੱਲ ਪੂਰਬ ਤੋਂ ਪੱਛਮ ਵੱਲ ਵਗਦੀਆਂ ਹਨ। ਇਨ੍ਹਾਂ ਹਵਾਵਾਂ ਅਮਰੀਕਾ ਤੋਂ ਆਸਟ੍ਰੇਲੀਆ ਵੱਲ ਨੂੰ ਵਗਦੀਆਂ ਹਨ।ਇਸ ਕਾਰਨ ਪ੍ਰਸ਼ਾਂਤ ਮਹਾਸਾਗਰ ਵਿੱਚੋ ਪਾਣੀ ਹਵਾ ਨਾਲ ਆਸਟ੍ਰੇਲੀਆ ਵੱਲ ਨੂੰ ਜਾਂਦਾ ਹੈ। ਗਰਮ ਪਾਣੀ ਆਸਟ੍ਰੇਲੀਆ ਵੱਲ ਜਾਣ ਕਾਰਨ ਸਮੁੰਦਰ ਦੇ ਨੀਚੇ ਦਾ ਠੰਡਾ ਪਾਣੀ ਅਮਰੀਕਾ ਵੱਲ ਉੱਪਰ ਹੋ ਜਾਂਦਾ ਹੈ। ਇਸੇ ਪ੍ਰਭਾਵ ਨੂੰ ਟਰੇਡ ਵਿੰਡਸ ਕਹਿੰਦੇ ਹਨ।
ਕੀ ਹੁੰਦਾ ਹੈ ਅਲ ਨੀਨੋ
ਜਦੋ ਟਰੇਡ ਵਿੰਡਸ ਦੇ ਹੋਲੀ ਹੋਣ ਕਾਰਨ ਗਰਮ ਪਾਣੀ ਆਸਟ੍ਰੇਲੀਆ ਵੱਲ ਨਾ ਜਾਵੇ ਤੇ ਉਸ ਕਾਰਨ ਉੱਥੇ ਮੀਂਹ ਨਾ ਪਵੇ ਤਾ ਉਸ ਸਥਿਤੀ ਨੂੰ ਅਲ ਨੀਨੋ ਕਹਿੰਦੇ ਹਨ। ਅਜਿਹੇ ਵਿਚ ਆਸਟ੍ਰੇਲੀਆ ‘ਤੇ ਦੱਖਣੀ ਪੂਰਬੀ ਏਸ਼ੀਆ ਵਿਚ ਗਰਮੀ ਵੱਧ ਜਾਂਦੀ ਹੈ। ਅਲ ਨੀਨੋ ਦਾ ਇਹ ਪ੍ਰਭਾਵ ਲੱਗਭਗ 6 ਤੋਂ 12 ਮਹੀਨੇ ਚਲਦਾ ਹੈ। ਇਸ ਦੌਰਾਨ ਹੀਟ ਵੇਵ ਦਾ ਖ਼ਤਰਾ ਵੱਧ ਜਾਂਦਾ ਹੈ। ਇਸੇ ਕਾਰਨ ਜੰਗਲਾਂ ਵਿਚ ਅੱਗ ਲੱਗਣ ਦਾ ਖ਼ਤਰਾ ਵੀ ਵੱਧ ਹੁੰਦਾ ਹੈ। ਉੱਥੇ ਹੀ ਦੂਜੇ ਪਾਸੇ ਇਸ ਕਰਕੇ ਦੱਖਣੀ ਅਮਰੀਕਾ ਵਿੱਚ ਹੜ੍ਹ ਵਰਗੀ ਸਥਿਤੀ ਉਤਪੰਨ ਹੋ ਜਾਂਦੀ ਹੈ।
ਲਾ ਨੀਨੋ ਦਾ ਪ੍ਰਭਾਵ
ਲਾ ਨੀਨੋ, ਅਲ ਨੀਨੋ ਤੋਂ ਬਿਲਕੁੱਲ ਪੁੱਠਾ ਹੁੰਦਾ ਹੈ। ਜਿੱਥੇ ਅਲ ਨੀਨੋ ਵਿਚ ਟਰੇਡ ਵਿੰਡਸ ਹੋਲੀ ਹੁੰਦੀਆਂ ਹਨ ਉੱਥੇ ਹੀ ਲਾ ਨੀਨੋ ਵਿਚ ਉਹ ਆਮ ਨਾਲੋਂ ਤੇਜ਼ ਹੋ ਜਾਂਦੀਆਂ ਹਨ। ਇਸ ਕਾਰਨ ਜ਼ਿਆਦਾ ਗਰਮ ਪਾਣੀ ਆਸਟ੍ਰੇਲੀਆ ਵੱਲ ਜਾਂਦਾ ਹੈ ਤੇ ਅਜਿਹੇ ਵਿਚ ਉੱਥੇ ਜ਼ਿਆਦਾ ਵਰਖਾ ਹੁੰਦੀ ਹੈ। ਇਹ ਅਲ ਨੀਨੋ ਦੇ ਮੁਕਾਬਲੇ ਜ਼ਿਆਦਾ ਲੰਬਾ ਚੱਲਦਾ ਹੈ। ਇਹ 1 ਤੋਂ 4 ਸਾਲ ਤੱਕ ਚੱਲ ਸਕਦਾ ਹੈ।
ਹੀਟ ਵੇਵ ਅਤੇ ਤਾਪਮਾਨ
ਜਦੋ ਤਾਪਮਾਨ ਮੈਦਾਨੀ ਖੇਤਰਾਂ ਵਿਚ 40 ਡਿਗਰੀ, ਤੱਟੀ ਖੇਤਰ ਵਿਚ 37 ਡਿਗਰੀ ਤੇ ਪਹਾੜਾਂ ਵਿਚ 30 ਡਿਗਰੀ ਤੋਂ ਵੱਧ ਜਾਂਦਾ ਹੈ ਤਾ ਉਸ ਇਲਾਕੇ ਵਿਚ ਹੀਟ ਵੇਵ ਦਾ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ। ਜੇਕਰ ਤਾਪਮਾਨ ਆਮ ਨਾਲੋਂ 4.5 ਡਿਗਰੀ ਵੱਧ ਰਹੇ ਤਾਂ ਹੀਟ ਵੇਵ ਅਤੇ ਜੇਕਰ ਲਗਾਤਾਰ 2 ਦਿਨਾਂ ਲਈ ਤਾਪਮਾਨ ਆਮ ਨਾਲੋਂ 6.4 ਵੱਧ ਰਹੇ ਤਾਂ ਗੰਭੀਰ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਜਾਂਦਾ ਹੈ।
ਨਮੀ ਦਾ ਤਾਪਮਾਨ ਸਹਿਣਸ਼ੀਲਤਾ ਨਾਲ ਸੰਬੰਧ
ਜਿਵੇ ਜਿਵੇ ਮੌਸਮ ਵਿਚ ਨਮੀ ਵੱਧਦੀ ਹੈ, ਲੋਕਾਂ ਦੀ ਗਰਮ ਤਾਪਮਾਨ ਨੂੰ ਸਹਿਣ ਦੀ ਸਹਿਣਸ਼ੀਲਤਾ ਘੱਟ ਹੁੰਦੀ ਹੈ। ਜੇਕਰ ਹਵਾ ਵਿਚ ਨਮੀ ਜ਼ਿਆਦਾ ਹੈ ਤਾਂ ਉਸਨੂੰ ਸਹਿਣ ਕਰਨਾ ਔਖਾ ਹੁੰਦਾ ਹੈ। ਜ਼ਿਆਦਾ ਨਮੀ ਕਾਰਨ ਪਸੀਨਾ ਨਹੀਂ ਆਉਂਦਾ ਜਿਸ ਕਾਰਨ ਸਰੀਰ ਠੰਡਾ ਨਹੀਂ ਹੁੰਦਾ ਤੇ ਗਰਮੀ ਜ਼ਿਆਦਾ ਲਗਦੀ ਹੈ।
ਇਸੇ ਕਰਕੇ ਹੀਟ ਇਨਡੇਕਸ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਹੀਟ ਇਨਡੇਕਸ ਮੁਤਾਬਕ ਜੇਕਰ ਹਵਾ ਵਿਚ ਨਮੀ ਜ਼ਿਆਦਾ ਹੁੰਦੀ ਹੈ ਤਾਂ ਗਰਮੀ ਤਾਪਮਾਨ ਨਾਲੋਂ ਵੱਧ ਮਹਿਸੂਸ ਹੁੰਦੀ ਹੈ।
ਅਰਬਨ ਹੀਟ ਆਈਲੇਂਡ ਪ੍ਰਭਾਵ
ਇਸ ਪ੍ਰਭਾਵ ਮੁਤਾਬਕ ਜਿਨ੍ਹਾਂ ਸਥਾਨਾਂ ਉੱਤੇ ਕੰਕਰੀਟ ਅਤੇ ਕੱਚ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਤੇ ਅਸਫਾਲਟ ਦੀਆਂ ਸੜਕਾਂ ਹੁੰਦੀਆਂ ਹਨ ਉੱਥੇ ਗਰਮੀ ਵਧੇਰੇ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਕੰਕਰੀਟ, ਕੱਚ ਅਤੇ ਅਸਫਾਲਟ ਸੂਰਜ ਦੀਆਂ ਕਿਰਨਾਂ ਵਿੱਚੋ ਗਰਮੀ ਨੂੰ ਸੌਕ ਲੀਂਦੇ ਹਨ ਤੇ ਵੱਡੀਆਂ-ਵੱਡੀਆਂ ਇਮਾਰਤਾਂ ਹੋਣ ਕਾਰਨ ਉਥੋਂ ਹਵਾ ਵੱਗਣ ਵਿਚ ਵੀ ਮੁਸ਼ਕਲ ਹੁੰਦੀ ਹੈ ਜਿਸ ਕਾਰਨ ਗਰਮੀ ਵੱਧ ਜਾਂਦੀ ਹੈ।
ਇਸ ਗਰਮੀ ਤੋਂ ਬਚਣ ਦੇ ਕੁੱਝ ਉਪਾਅ
1. ਗਰਮੀ ਤੋਂ ਬਚਣ ਲਈ ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
2. ਥੋੜੀ ਦੂਰੀ ਲਈ ਮੋਟਰ ਸਾਈਕਲ, ਕਾਰ ਆਦਿ ਦੀ ਵਰਤੋਂ ਨਾ ਕਰੋ।
3. ਆਪਣੇ ਘਰਾਂ ਉੱਤੇ ਪੌਧੇ ਉਗਾਓ।
4. ਆਪਣੇ ਘਰਾਂ ਨੂੰ ਚਿੱਟਾ ਰੰਗ ਕਰਵਾਓ ਕਿਉਂਕਿ ਗੂੜ੍ਹੇ ਰੰਗ ਗਰਮੀ ਨੂੰ ਸੋਕਦੇ ਹਨ।
5. ਜਨਤਕ ਆਵਾਜਾਈ ਦੀ ਵਰਤੋਂ ਵੱਧ ਕਰੋ।