Connect with us

National

ਭਾਰਤ ਪਾਕਿ ਵਿਚਾਲੇ ਦੁਸ਼ਮਣੀ ਦਾ ਕਾਰਨ ਤੇ ਹੁਣ ਤੱਕ ਕਿੰਨੇ ਯੁੱਧ ਹੋਏ?

Published

on

ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਸਮੇਂ ਯੁੱਧ ਚੱਲ ਰਿਹਾ ਹੈ। ਦੋਵਾਂ ਦੇਸ਼ਾਂ ਦੇ ਲੋਕ ਚਿੰਤਤ ਹਨ। ਦੋਵਾਂ ਦੇਸ਼ਾਂ ਵਿਚਾਲੇ ਦੁਸ਼ਮਣੀ ਕੀ ਹੈ ਅਤੇ ਹੁਣ ਤੱਕ ਦੋਵਾਂ ਦੇਸ਼ਾਂ ਵਿਚਕਾਰ ਕਿੰਨੀਆਂ ਲੜਾਈਆਂ ਲੜੀਆਂ ਜਾ ਚੁੱਕੀਆਂ ਹਨ।ਅੱਜ ਦੇ ਲੇਖ ਵਿੱਚ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ। ਦੁਸ਼ਮਣੀ ਦੇ ਅਸਲ ਕਾਰਨ ਨੂੰ ਜਾਨਣ ਲਈ ਸਾਨੂੰ ਵੰਡ ਪਿੱਛੋਂ ਬਣੇ ਹਾਲਾਤ ਨੂੰ ਜਾਨਣਾ ਪਵੇਗਾ।ਸੰਨ 1947 ਵਿੱਚ ਭਾਰਤ ਦੇ ਦੋ ਟੁਕੜੇ ਹੋ ਗਏ, ਇੱਕ ਹਿੰਦੁਸਤਾਨ ਅਤੇ ਦੂਜਾ ਪਾਕਿਸਤਾਨ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਉਸ ਸਮੇਂ ਪੂਰੇ ਦੇਸ਼ ਦਾ 60 ਫ਼ੀਸਦੀ ਹਿੱਸਾ ਹਿੰਦੁਸਤਾਨ ਦੇ ਰੂਪ ਵਿਚ ਆਜ਼ਾਦ ਹੋਇਆ ਜਿਸਨੂੰ ਬ੍ਰਿਟਿਸ਼ ਇੰਡੀਆ ਕਿਹਾ ਗਿਆ। ਬਾਕੀ 40 ਫ਼ੀਸਦੀ ਹਿੱਸੇ ਵਿੱਚ 530 ਰਿਆਸਤਾਂ ਸਨ। ਕੁੱਲ 565 ਰਿਆਸਤਾਂ ਵਿੱਚੋ 35 ਰਿਆਸਤਾਂ ਪਾਕਿਸਤਾਨ ਵਾਲ਼ੇ ਪਾਸੇ ਰਹਿ ਗਈਆਂ ਅਤੇ 530 ਰਿਆਸਤਾਂ ਭਾਰਤ ਵਿੱਚ। ਲੇਕਿਨ ਭਾਰਤ ਦਾ ਕੁੱਝ ਹਿੱਸਾ ਯਾਨੀ 10 ਟੈਰਟਰੀ ਫਰਾਂਸ ਤੇ ਪੁਰਤਗਾਲ ਦੇ ਅਧੀਨ ਸਨ। ਇਨ੍ਹਾਂ ਦੋਵਾਂ ਦੇਸ਼ਾਂ ਕੋਲ ਪੰਜ ਪੰਜ ਇਲਾਕੇ ਸਨ ਜਿਨ੍ਹਾਂ ਵਿੱਚ ਗੋਆ,ਦਮਨ, ਦੀਪ, ਦਾਦਰ, ਨਗਰ ਹਵੇਲੀ, ਜਮਨ, ਚੰਦਰ ਨਗਰ, ਮਾਹੀ, ਕ੍ਰੈਕਲ ਅਤੇ ਪਾਂਡੀਚਰੀ। ਜਿੱਥੇ ਸਰਦਾਰ ਪਟੇਲ ਅਤੇ ਜਵਾਹਰ ਲਾਲ ਨਹਿਰੂ ਨੇ ਬੜੀ ਸੂਝਬੂਝ ਨਾਲ ਰਿਆਸਤਾਂ ਨੂੰ ਭਾਰਤ ਵਿੱਚ ਮਿਲਾਇਆ ਉੱਥੇ ਹੀ ਫਰਾਂਸ ਤੇ ਪੁਰਤਗਾਲ ਦੇ ਕਬਜ਼ੇ ਵਾਲੇ ਹਿੱਸੇ ਵੀ ਆਜ਼ਾਦ ਕਰਵਾਏ। ਲੇਕਿਨ ਤਿੰਨ ਰਿਆਸਤਾਂ ਦਾ ਪੇਚ ਫਸ ਗਿਆ। ਇਹ ਰਿਆਸਤਾਂ ਸਨ ਹੈਦਰਾਬਾਦ, ਜੂਨਾਗੜ੍ਹ ਅਤੇ ਜੰਮੂ ਕਸ਼ਮੀਰ। ਇਨ੍ਹਾਂ ਰਿਆਸਤਾਂ ਦੇ ਰਾਜੇ ਭਾਰਤ ਨਾਲ ਰਲਣ ਤੋਂ ਇਨਕਾਰ ਕਰ ਰਹੇ ਸਨ।

ਆਜ਼ਾਦੀ ਤੋਂ ਇੱਕ ਮਹੀਨਾ ਬਾਅਦ ,15 ਸਤੰਬਰ ਨੂੰ ਜੂਨਾਗੜ੍ਹ ਦੇ ਰਾਜੇ ਮੁਹੱਬਤ ਖਾਨ ਨੇ ਪਾਕਿਸਤਾਨ ਨਾਲ ਮਿਲਣ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇੱਥੇ ਰਾਜਾ ਮੁਸਲਮਾਨ ਸੀ ਤੇ 70 ਫ਼ੀਸਦੀ ਜਨਤਾ ਹਿੰਦੂ ਸੀ ਜਿਸ ਕਾਰਨ ਜੂਨਾਗੜ੍ਹ ਦੇ ਲੋਕਾਂ ਨੇ ਵਿਦਰੋਹ ਕਰ ਦਿੱਤਾ। ਮੁਹੱਬਤ ਖਾਨ ਵਿਦਰੋਹ ਤੋਂ ਡਰਦਾ ਪਾਕਿਸਤਾਨ ਭੱਜ ਗਿਆ। ਜੂਨਾਗੜ੍ਹ ਦੇ ਪ੍ਰਧਾਨ ਮੰਤਰੀ ਸ਼ਾਹ ਨਵਾਜ਼ ਜੋ ਜ਼ੁਲਫਕਾਰ ਅਲੀ ਭੁੱਟੋ ਦੇ ਪਿਤਾ ਅਤੇ ਮਰਹੂਮ ਪਾਕਿ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦਾ ਦਾਦਾ ਸੀ ਨੇ ਨਹਿਰੂ ਤੇ ਪਟੇਲ ਨੂੰ ਸੰਦੇਸ਼ ਭੇਜਿਆ ਕਿ ਉਹ ਭਾਰਤ ਨਾਲ ਵਿਲੇ ਕਰਨ ਨੂੰ ਤਿਆਰ ਹੈ। ਲੇਕਿਨ ਨਹਿਰੂ ਤੇ ਪਟੇਲ ਨੇ ਕਿਹਾ ਕਿ ਉਹ ਇਸ ਤਰ੍ਹਾਂ ਵਿਲੇ ਨਹੀਂ ਕਰਨਗੇ ਬਲਕਿ ਜਨਮਤ ਸੰਗ੍ਰਹਿ ਕਰਵਾਇਆ ਜਾਵੇਗਾ ਜਿੱਧਰ ਲੋਕ ਜਾਣਾ ਚਾਹੁੰਣ ਜਾ ਸਕਦੇ ਹਨ।ਇਸ ਪਿੱਛੋਂ ਜਨਮਤ ਸੰਗ੍ਰਹਿ ਕਰਵਾਇਆ ਗਿਆ ਜਿਸ ਵਿੱਚ 99 ਫ਼ੀਸਦੀ ਲੋਕਾਂ ਨੇ ਭਾਰਤ ਵਿੱਚ ਰਹਿਣ ਲਈ ਵੋਟ ਪਾਏ। ਇਸ ਘਟਨਾਕ੍ਰਮ ਪਿੱਛੋਂ ਪਾਕਿਸਤਾਨ ਦੇ ਪ੍ਰਧਾਨ ਅਤੇ ਮੁਹੰਮਦ ਅਲੀ ਜਿਨਾਹ ਦੀ ਅੱਖ ਜੰਮੂ ਕਸ਼ਮੀਰ ‘ਤੇ ਆ ਗਈ। ਇਸ ਤੋਂ ਕਾਫੀ ਦੇਰ ਬਾਅਦ ਹੈਦਰਾਬਾਦ ਨੂੰ ਵੀ ਭਾਰਤ ਵਿੱਚ ਮਿਲਾ ਲਿਆ ਗਿਆ।

ਮੁਹੰਮਦ ਅਲੀ ਜਿਨਾਹ ਨੇ ਤਾਂ ਜੰਮੂ ਕਸ਼ਮੀਰ ਨੂੰ ਪਾਕਿਸਤਾਨ ਦੇ ਨਕਸ਼ੇ ਵਿੱਚ ਸ਼ਾਮਲ ਵੀ ਕਰ ਲਿਆ ਸੀ। ਜੰਮੂ ਕਸ਼ਮੀਰ ਦਾ ਰਾਜਾ ਹਰੀ ਸਿੰਘ ਇਸ ਗੱਲ ‘ਤੇ ਅੜਿਆ ਹੋਇਆ ਸੀ ਕਿ ਉਹ ਆਪਣੀ ਰਿਆਸਤ ਨੂੰ ਆਜ਼ਾਦ ਤੌਰ ‘ਤੇ ਵੱਖਰਾ ਰੱਖੇਗਾ। 20 ਅਕਤੂਬਰ 1947 ਨੂੰ ਮੁਹੰਮਦ ਅਲੀ ਜਿਨਾਹ ਨੇ ਜੰਮੂ ਕਸ਼ਮੀਰ ‘ਤੇ ਹਮਲਾ ਕਰ ਦਿੱਤਾ। 20 ਅਕਤੂਬਰ ਨੂੰ ਪਾਕਿਸਤਾਨੀ ਸੈਨਾ ਮੁਜ਼ਫਰਾ ਨਗਰ ਪਹੁੰਚ ਗਈ ਅਤੇ 23 ਅਕਤੂਬਰ ਨੂੰ ਪਾਕਿ ਫੌਜ ਕੋਹਰਾਮ ਮਚਾਉਂਦੀ ਹੋਈ ਉੜੀ ਪੁੱਜੀ ਤੇ ਉਸ ਪਿੱਛੋਂ 25 ਅਕਤੂਬਰ ਨੂੰ ਬਾਰਾਂਮੁੱਲਾ ਪਹੁੰਚ ਕੇ ਪਾਕਿਸਤਾਨੀ ਸੈਨਾ ਨੇ ਬਾਰਾਂਮੁੱਲਾ ਦੇ ਦੋ ਤਿਹਾਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਮੇਂ ਜੰਮੂ ਕਸ਼ਮੀਰ ਦੀਆਂ ਔਰਤਾਂ ਨਾਲ਼ ਪਾਕਿ ਫੌਜੀਆਂ ਵੱਲੋਂ ਜ਼ਬਰ ਜ਼ਿਨਾਹ ਵੀ ਕੀਤਾ ਗਿਆ। ਇਸ ਸਭ ਦੇ ਮਗਰੋਂ ਰਾਜਾ ਹਰੀ ਸਿੰਘ ਘਬਰਾ ਗਿਆ। ਉਸਨੇ ਆਪਣੇ ਪ੍ਰਧਾਨ ਮੰਤਰੀ ਮੇਹਰ ਚੰਦ ਮਹਾਜਨ ਨੂੰ ਦਿੱਲੀ ਭੇਜਿਆ ਅਤੇ ਜਵਾਹਰ ਲਾਲ ਨਹਿਰੂ ਨੂੰ ਮਦਦ ਕਰਨ ਦੀ ਅਪੀਲ ਕੀਤੀ ਪਰ ਨਹਿਰੂ ਤੇ ਪਟੇਲ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਤੁਹਾਡਾ ਸਾਡੇ ਨਾਲ ਕੋਈ ਸੰਬੰਧ ਨਹੀਂ, ਤੁਹਾਡੀ ਆਪਣੀ ਰਿਆਸਤ ਹੈ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ। ਇਸ ਮਗਰੋਂ 26 ਅਕਤੂਬਰ ਨੂੰ ਰਾਜਾ ਹਰੀ ਸਿੰਘ ਨੇ ਆਪਣੀ ਰਿਆਸਤ ਨੂੰ ਭਾਰਤ ਵਿੱਚ ਮਿਲਾਉਣ ਦਾ ਐਲਾਨ ਕਰ ਦਿੱਤਾ। 26 ਅਕਤੂਬਰ ਦੀ ਰਾਤ ਨੂੰ 12 ਵਜੇ ਵਿਲੇ ਪੱਤਰ ਉੱਤੇ ਦਸਤਖ਼ਤ ਕੀਤੇ ਗਏ ਤੇ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਬਣ ਗਿਆ।27 ਅਕਤੂਬਰ ਨੂੰ ਸਵੇਰੇ ਤੜਕੇ ਪਾਲਮ ਹਵਾਈ ਅੱਡੇ ਤੋਂ ਭਾਰਤੀ ਹਵਾਈ ਸੈਨਾ ਦੇ ਹਵਾਈ ਜਹਾਜ਼ਾਂ ਨੇ ਉਡਾਣਾਂ ਭਰੀਆ ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਸ਼ੁਰੂ ਹੋ ਗਈ ਜੋ ਸਵਾ ਸਾਲ ਤੱਕ ਚੱਲਦੀ ਰਹੀ। ਇਸ ਯੁੱਧ ਵਿੱਚ ਭਾਰਤ ਦੇ 1500 ਫ਼ੌਜੀ ਸ਼ਹੀਦ ਹੋ ਗਏ ਅਤੇ ਪਾਕਿਸਤਾਨ ਦੇ 4000 ਫ਼ੌਜੀ ਮਾਰੇ ਗਏ। 31 ਦਸੰਬਰ 1947 ਨੂੰ ਜਵਾਹਰ ਲਾਲ ਨਹਿਰੂ ਨੇ ਸੰਯੁਕਤ ਰਾਸ਼ਟਰ ਸੰਘ ਦਾ ਰੁਖ ਕੀਤਾ।21 ਅਪ੍ਰੈਲ 1948 ਨੂੰ ਸੰਯੁਕਤ ਰਾਸ਼ਟਰ ਵਿੱਚ ਮਤਾ ਪਾਸ ਕੀਤਾ ਗਿਆ। ਜਿਸ ਵਿੱਚ ਤਿੰਨ ਫ਼ੈਸਲੇ ਲਏ ਗਏ। ਪਹਿਲਾ ਯੁੱਧ ਵਿਰਾਮ ਦਾ ਐਲਾਨ ਕੀਤਾ ਜਾਵੇ, ਦੂਜਾ ਜਿੱਥੇ ਫੌਜਾਂ ਖੜ੍ਹੀਆਂ ਹਨ ਉਸਨੂੰ LOC (line of control) ਮੰਨ ਲਿਆ ਜਾਵੇ। ਤੀਜਾ ਫੈਸਲਾ ਇਹ ਕੀਤਾ ਗਿਆ ਕਿ ਜਦੋਂ ਖਿੱਤੇ ਵਿੱਚ ਸ਼ਾਂਤੀ ਸਥਾਪਤ ਹੋ ਜਾਵੇਗੀ ਉਦੋਂ ਇੱਥੇ ਜਨਮਤ ਸੰਗ੍ਰਹਿ ਕਰਵਾਇਆ ਜਾਵੇ। ਇਸ ਫ਼ੈਸਲੇ ਨਾਲ ਜੰਮੂ ਕਸ਼ਮੀਰ ਦਾ 65 ਫ਼ੀਸਦੀ ਹਿੱਸਾ ਭਾਰਤ ਵਿੱਚ ਰਹਿ ਗਿਆ ਅਤੇ 35 ਫ਼ੀਸਦੀ ਹਿੱਸਾ ਪਾਕਿਸਤਾਨ ਵਿੱਚ। ਇਸ ਪਿੱਛੋਂ ਪਾਕਿਸਤਾਨ ਨੇ ਕਦੇ ਵੀ ਸ਼ਾਂਤੀ ਸਥਾਪਤ ਨਹੀਂ ਹੋਣ ਦਿੱਤੀ। ਉਹ ਅੱਤਵਾਦੀਆਂ ਨੂੰ ਸਿਖਲਾਈ ਦੇ ਕੇ ਭਾਰਤ ਭੇਜਦਾ ਰਿਹਾ ਅਤੇ ਬੇਕਸੂਰ ਲੋਕਾਂ ਨੂੰ ਕਤਲ ਕਰਵਾਉਂਦਾ ਰਿਹਾ।

ਹੁਣ ਤੱਕ ਭਾਰਤ ਤੇ ਪਾਕਿਸਤਾਨ ਵਿਚਾਲੇ ਯੁੱਧਾਂ ਦੀ ਗੱਲ ਕਰੀਏ ਤਾਂ ਸਭ ਤੋਂ ਲੰਬੀ ਲੜਾਈ 1947- 1948 ਵਿੱਚ, ਉਸ ਮਗਰੋਂ 1965,1971, ਕਾਰਗਿਲ ਯੁੱਧ 1999 ਅਤੇ ਹੁਣ ਮਈ 1925 ਦੀ ਲੜਾਈ ਜੋ ਇਸ ਸਮੇਂ ਚੱਲ ਰਹੀ ਹੈ। ਇਸ ਸਮੇਂ ਜਿਹੜੀ ਲੜਾਈ ਚੱਲ ਰਹੀ ਹੈ ਇਹ ਅਸੀਂ ਸਭ ਜਾਣਦੇ ਹੀ ਹਾਂ ਕਿ 22 ਅਪ੍ਰੈਲ ਨੂੰ ਪਾਕਿਸਤਾਨ ਤੋਂ ਸਿਖਲਾਈ ਪ੍ਰਾਪਤ ਅੱਤਵਾਦੀਆਂ ਨੇ 26 ਬੇਗੁਨਾਹਾਂ ਨੂੰ ਕਤਲ ਕਰ ਦਿੱਤਾ ਸੀ। ਭਾਰਤ ਨੇ ਦੋਸ਼ੀ ਅੱਤਵਾਦੀਆਂ ਨੂੰ ਖਤਮ ਕਰਨ ਲਈ ਪਾਕਿਸਤਾਨ ਵਿਚਲੇ ਅੱਤਵਾਦੀ ਕੈਂਪਾਂ ਉੱਪਰ ਹਵਾਈ ਹਮਲੇ ਸ਼ੁਰੂ ਕੀਤੇ ਸਨ ਲੇਕਿਨ ਇਸ ਸਮੇਂ ਪਾਕਿਸਤਾਨ ਯੁੱਧ ਵਿੱਚ ਉੱਤਰ ਗਿਆ। ਭਾਰਤ ਨੇ ਹਮੇਸ਼ਾ ਪਾਕਿਸਤਾਨ ਨਾਲ ਚੰਗੇ ਸਬੰਧ ਬਣਾਉਣ ਦੇ ਯਤਨ ਕੀਤੇ ਹਨ ਪਰ ਪਾਕਿਸਤਾਨ ਲਗਾਤਾਰ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਕਰਵਾਈਆਂ ਕਰਵਾਉਂਦਾ ਆ ਰਿਹਾ ਹੈ ਜਿਸ ਕਾਰਨ ਮਜਬੂਰ ਹੋ ਭਾਰਤ ਨੂੰ ਹਥਿਆਰ ਚੁੱਕਣੇ ਪਏ ਹਨ। ਜਦੋਂ ਵੀ ਯੁੱਧ ਹੋਇਆ ਹੈ ਪਾਕਿਸਤਾਨ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ ਅਤੇ ਪਾਕਿਸਤਾਨ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਪਾਕਿਸਤਾਨ ਨੂੰ ਹੋਸ਼ ਆਉਣੀ ਚਾਹੀਦੀ ਹੈ ਅਤੇ ਆਪਣੀਆਂ ਅੱਤਵਾਦੀ ਪੈਦਾ ਕਰਨ ਦੀਆਂ ਫੈਕਟਰੀਆਂ ਜੋ ਭਾਰਤ ਨੇ ਤਬਾਹ ਕਰ ਦਿੱਤੀਆਂ ਹਨ ਮੁੜ ਸਥਾਪਤ ਕਰਨ ਦੀ ਗੱਲ ਸੁਪਨੇ ਵਿੱਚ ਵੀ ਨਹੀਂ ਸੋਚਣੀ ਚਾਹੀਦੀ ਸਗੋਂ ਖਿੱਤੇ ਵਿੱਚ ਸ਼ਾਂਤੀ ਸਥਾਪਤੀ ਲਈ ਅੱਗੇ ਆਉਣਾ ਚਾਹੀਦਾ ਹੈ। ਅਸੀਂ ਦੁਆ ਕਰਦੇ ਹਾਂ ਕਿ ਪਾਕਿਸਤਾਨ ਸਮਝੇਗਾ ਤੇ ਜਲਦੀ ਦੋਵੇਂ ਦੇਸ਼ਾਂ ਵਿੱਚ ਅਮਨ ਕਾਇਮ ਹੋਵੇਗਾ।

ਕੁਲਵੰਤ ਸਿੰਘ ਗੱਗੜਪੁਰੀ