National
ਕੌਣ ਹੈ ਕੈਨੇਡਾ ਤੋਂ ਦੇਸ਼ ਨਿਕਾਲਾ ਦਾ ਸਾਹਮਣਾ ਕਰਨ ਵਾਲਾ ਜਸਕੀਰਤ ਸਿੰਘ ਸਿੱਧੂ
ਪੰਜਾਬੀ ਮੂਲ ਦੇ ਕੈਨੇਡੀਅਨ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੇ ਕੁਝ ਸਾਲ ਪਹਿਲਾਂ ਕਈ ਖਿਡਾਰੀਆਂ ਨੂੰ ਦਰੜ ਦਿੱਤਾ ਸੀ। 16 ਇਸ ਦੁਨੀਆ ਨੂੰ ਅਲਵਿਦਾ ਆਖ ਗਏ ਅਤੇ 13 ਗੰਭੀਰ ਜ਼ਖ਼ਮੀ ਹੋ ਗਏ ਸਨ। ਹੁਣ ਸੁਣਵਾਈ ਦੌਰਾਨ ਅਦਾਲਤ ਨੇ ਜਸਕੀਰਤ ਸਿੱਧੂ ਨੂੰ ਕੈਨੇਡਾ ਤੋਂ ਕੱਢਣ ਦਾ ਹੁਕਮ ਦੇ ਦਿੱਤਾ ਹੈ।ਪੂਰਾ ਮਾਮਲਾ ਜਾਣਨ ਲਈ ਪੜ੍ਹੋ ਇਹ ਖ਼ਬਰ
ਕਿਵੇਂ ਵਾਪਰਿਆਂ ਸੀ ਕੈਨੇਡਾ ਵਿੱਚ ਇਹ ਖ਼ਤਰਨਾਕ ਹਾਦਸਾ-
6 ਅਪ੍ਰੈਲ 2018 ਨੂੰ ਕੈਨਡਾ ਦੇ ਸਸਕੈੱਚਵੈਨ ਰਾਜਮਾਰਗ 335 ‘ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਸੀ, ਜਦੋਂ ਅਚਾਨਕ ਟਰੱਕ ਤੇ ਬੱਸ ਦੀ ਟੱਕਰ ਹੋ ਗਈ। ਦੱਸ ਦਈਏ ਕਿ ਬੱਸ ਵਿੱਚ ਜੂਨੀਅਰ ਹਾਕੀ ਟੀਮ ਹਮਬੋਲਟ ਬ੍ਰੋਨਕੋਸ ਦੇ ਖਿਡਾਰੀ ਸਵਾਰ ਸਨ।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਟਰੱਕ ਡਰਾਈਵਰ ਜਸਕੀਰਤ ਸਿੱਧੂ ਨੇ ਚੌਰਾਹੇ ‘ਤੇ ਰੁਕਣ ਦੇ ਸਾਈਨਬੋਰਡ ਦੀ ਪਰਵਾਹ ਨਾ ਕਰਦਿਆਂ ਹੋਇਆ ਆਪਣਾ ਟਰੱਕ ਮੋੜ ਦਿੱਤਾ ਤਾਂ ਚੌਂਕ ਦੇ ਐਨ ਵਿਚਕਾਰ ਟਰੱਕ ਤੇ ਬੱਸ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਰੂਪ ਵਿੱਚ ਵਾਪਰਿਆ ਕਿ 16 ਨੌਜਵਾਨ ਖਿਡਾਰੀਆਂ ਦੀ ਮੌਤ ਹੋ ਗਈ ਸੀ ਜਦਕਿ 13 ਗੰਭੀਰ ਜ਼ਖ਼ਮੀ ਹੋ ਗਏ ਸਨ।
ਹਾਦਸੇ ਦੀ ਸਜ਼ਾ-
ਕੈਨੇਡਾ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਮੁਕੰਮਲ ਕਰਨ ਮਗਰੋਂ ਟਰੱਕ ਦੇ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਕੈਲਗਰੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੂਜੇ ਪਾਸੇ ਕੈਨੇਡਾ ਸਰਕਾਰ ਨੇ ਹਾਦਸੇ ਵਿੱਚ ਸ਼ਾਮਲ ਕੈਲਗਰੀ ਦੀ ਟਰੱਕ ਕੰਪਨੀ ਆਦੇਸ਼ ਦਿਓਲ ਟਰੱਕ ਲਿਮਟਿਡ ਨੂੰ ਸੀਲ ਕਰ ਦਿੱਤਾ ਸੀ, ਪਰ ਪੁਲੀਸ ਨੇ ਜਾਂਚ ਦਾ ਘੇਰਾ ਸਿਰਫ਼ ਡਰਾਈਵਰ ਤੱਕ ਹੀ ਸੀਮਤ ਰੱਖਿਆ।
ਕੈਨੇਡਾ ਦੀ ਅਦਾਲਤ ਅੱਗੇ ਪੇਸ਼ ਕੀਤੇ ਗਏ ਜਸਕੀਰਤ ਸਿੱਧੂ ਨੇ ਖ਼ਤਰਨਾਕ ਤਰੀਕੇ ਨਾਲ ਟਰੱਕ ਚਲਾਉਣ ਦਾ ਆਪਣਾ ਜੁਰਮ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਰ ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ਜਸਕੀਰਤ ਨੂੰ ਪੈਰੋਲ ਵੀ ਮਿਲੀ ਸੀ।
ਪੁੱਤ ਦਿਲ ਤੇ ਫੇਫੜਿਆਂ ਦਾ ਮਰੀਜ਼
ਪੰਜਾਬ ਦਾ ਰਹਿਣ ਵਾਲਾ ਜਸਕੀਰਤ ਸਿੰਘ ਸਿੱਧੂ ਸਾਲ 2014 ਵਿੱਚ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਹਾਦਸੇ ਤੋਂ ਕੁੱਝ ਚਿਰ ਪਹਿਲਾਂ ਹੀ ਜਸਕੀਰਤ ਦਾ ਵਿਆਹ ਹੋਇਆ ਸੀ, ਉਸ ਦਾ 9 ਸਾਲ ਦਾ ਪੁੱਤ ਵੀ ਹੈ। ਹਾਦਸੇ ਤੋਂ ਇਕ ਮਹੀਨਾ ਪਹਿਲਾਂ ਜਸਕੀਰਤ ਨੂੰ ਕੈਨੇਡਾ ਵਿੱਚ ਪੀ ਆਰ ਮਿਲੀ ਸੀ।
ਵਕੀਲ ਮਾਈਕਲ ਗ੍ਰੀਨ ਨੇ ਇਹ ਵੀ ਦੱਸਿਆ ਹੈ ਕਿ ਸਿੱਧੂ ਭਾਰਤ ਤੋਂ ਹੈ ਪਰ ਕੈਨੇਡਾ ਵਿੱਚ ਸਥਾਈ ਨਿਵਾਸੀ ਹੈ। ਜਸਕੀਰਤ ਤੋਂ ਬਿਨਾਂ ਉਸ ਦੀ ਪਤਨੀ ਤੇ ਪੁੱਤ ਵੀ ਕੈਨੇਡਾ ਵਿੱਚ ਰਹਿੰਦੇ ਨੇ, ਕੈਨੇਡਾ ਦਾ ਜੰਮਪਲ ਜਸਕੀਰਤ ਦਾ ਪੁੱਤਰ ਦਿਲ ਅਤੇ ਫੇਫੜਿਆਂ ਦੀ ਬੀਮਾਰੀ ਨਾਲ ਪੀੜਤ ਹੈ, ਜਿਸ ਨੂੰ ਡਾਕਟਰੀ ਇਲਾਜ ਦੀ ਸਖ਼ਤ ਲੋੜ ਹੈ,
- ਡਿਪੋਰਟ ਦੇ ਹੁਕਮ ਮਗਰੋਂ ਸਿੱਧੂ ਦੇ ਵਕੀਲ ਦੀਆਂ ਦਲੀਲਾਂ –
ਜਸਕੀਰਤ ਸਿੱਧੂ ਦੇ ਵਕੀਲ ਮਾਈਕਲ ਗਰੀਨ ਨੇ ਕਿਹਾ ਹੈ ਕਿ ਇਹ ਫੈਸਲਾ ਪਹਿਲਾਂ ਤੋਂ ਲਿਆ ਗਿਆ ਸੀ ਕਿਉਂਕਿ ਸਿੱਧੂ ਨੂੰ ਡਿਪੋਰਟ ਕਰਨ ਲਈ ਸਿਰਫ ਸਬੂਤ ਦੀ ਲੋੜ ਹੈ ਕਿ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਤੇ ਉਸ ਨੇ ਗੰਭੀਰ ਅਪਰਾਧ ਕੀਤਾ ਹੈ। - ਵਕੀਲ ਨੇ ਇਹ ਵੀ ਆਖਿਆ ਕਿ ਕਈ ਹੋਰ ਕਾਨੂੰਨੀ ਪ੍ਰਕਿਰਿਆਵਾਂ ਵੀ ਅਜੇ ਹੋਣੀਆਂ ਹਨ ਤੇ ਜਸਕੀਰਤ ਦੀ ਵਤਨ ਵਾਪਸੀ ਦੀ ਪ੍ਰਕਿਰਿਆ ‘ਚ ਕਈ ਸਾਲ ਜਾਂ ਮਹੀਨੇ ਵੀ ਲੱਗ ਸਕਦੇ ਹਨ।
- ਜਸਕੀਰਤ ਸਿੱਧੂ ਦੇ ਵਕੀਲ ਨੇ ਇਹ ਵੀ ਆਖਿਆ ਹੈ ਕਿ ਜਲਦੀ ਹੀ ਉਹ ਸਰਕਾਰ ਨੂੰ ਇਕ ਹੋਰ ਅਪੀਲ ਕਰਨਗੇ ਜਿਸ ਵਿੱਚ ਇਨਸਾਨੀਅਤ ਨਾਤੇ ਜਸਕੀਰਤ ਦੀ ਪੀ ਆਰ ਦਾ ਦਰਜਾ ਵਾਪਿਸ ਕਰਨ ਦੀ ਮੰਗ ਕੀਤੀ ਜਾਵੇਗੀ।
ਜਸਕੀਰਤ ਦੇ ਡਿਪੋਰਟਿੰਗ ਦੇ ਫੈਸਲੇ ‘ਤੇ ਪੀੜਤ ਪਰਿਵਾਰਾਂ ਦਾ ਕੀ ਕਹਿਣਾ-
- ਜਸਕੀਰਤ ਦੇ ਡਿਪੋਰਟ ਕਰਨ ‘ਤੇ ਕੁਝ ਪੀੜਤ ਪਰਿਵਾਰ ਕਹਿ ਰਹੇ ਨੇ ਕਿ ਉਹ ਇਸ ਫੈਸਲੇ ‘ਤੇ ਸੰਤੁਸ਼ਨ ਹਨ।
- ਇਸ ਹਾਦਸੇ ਵਿੱਚ ਮ੍ਰਿਤਕ 18 ਸਾਲਾ ਖਿਡਾਰੀ ਦੇ ਪਿਤਾ ਸਕਾਟ ਥਾਮਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਸਕੀਰਤ ਸਿੱਧੂ ਨੂੰ ਮਾਫ਼ ਕਰ ਦਿੱਤਾ ਹੈ, ਇੰਨਾ ਹੀ ਨਹੀਂ ਸਿੱਧੂ ਦੇ ਕੈਨੇਡਾ ਵਿੱਚ ਰਹਿਣ ਵਾਲੀ ਗੱਲ ‘ਤੇ ਵੀ ਉਹ ਪੱਖ ਪੂਰ ਰਹੇ ਹਨ।
- ਇਸ ਤੋਂ ਇਲ਼ਾਵਾ ਮ੍ਰਿਤਕ 20 ਸਾਲਾਂ ਹਾਕੀ ਖਿਡਾਰੀ ਜੈਕਸਨ ਦੇ ਪਿਤਾ ਕ੍ਰਿਸ ਜੋਸਫ ਨੇ ਕਿਹਾ ਹੈ ਕਿ ਜਸਕੀਰਤ ਦੇ ਡਿਪੋਰਟਿੰਗ ਵਾਲੇ ਫੈਸਲੇ ਨਾਲ ਉਨ੍ਹਾਂ ਨੂੰ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਇਕ ਇੰਟਰਵਿਊ ਵਿੱਚ ਕ੍ਰਿਸ ਜੋਸਫ ਨੇ ਆਖਿਆ ਹੈ ਕਿ ਇਸ ਫੈਸਲੇ ਨਾਲ ਉਨ੍ਹਾਂ ਤੋਂ ਦੇਸ਼ ਵਿੱਚ ਰਹਿਣ ਦਾ ਹੱਕ ਖੋਹਿਆ ਗਿਆ ਇਹ ਨਹੀਂ ਕਿ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦੂਜੇ ਪਾਸੇ ਕ੍ਰਿਸ ਜੋਸਫ ਨੇ ਇਹ ਵੀ ਕਿਹਾ ਹੈ ਕਿ ਜਸਕੀਰਤ ਸਿੱਧੂ ਦੇ ਵਾਰ ਵਾਰ ਮੀਡੀਆ ਸਾਹਮਣੇ ਆਉਣ ਨਾਲ ਇਕ ਤਾਂ ਉਨ੍ਹਾਂ ਨੂੰ ਚੈਨ ਨਹੀਂ ਮਿਲੇਗਾ। ਦੂਜਾ ਉਨ੍ਹਾਂ ਨੂੰ ਉਹ ਲੋਕਾਂ ਦੇ ਵੀ ਵਿਚਾਰ ਸੁਣਨ ਨੂੰ ਮਿਲ ਰਹੇ ਨੇ ਜਿਨ੍ਹਾਂ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਮਾਮਲਾ ਸਿਰਫ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰ ‘ਤੇ ਛੱਡ ਦੇਣਾ ਚਾਹੀਦਾ ਹੈ।