Punjab
ਕੁਸ਼ਤੀ ਦੇ ਦੰਗਲ ‘ਚ ਵਰਲਡ ਚੈਂਪੀਅਨ ਭਲਵਾਨ ਦੀ ਪਿੱਠ ਲਵਾਉਣ ਵਾਲਾ ਕੌਣ ਸੀ ‘ਦ ਗ੍ਰੇਟ ਗਾਮਾ’

ਉਹ ਸ਼ਖ਼ਸ ਜਿਸ ਨੇ ਵੱਡੇ-ਵੱਡੇ ਭਲਵਾਨਾਂ ਦੀ ਲਵਾ ਦਿੱਤੀ ਸੀ ਪਿੱਠ, ਪੂਰੇ ਪਿੰਡ ਦੇ ਬਰਾਬਰ ਖਾਂਦਾ ਸੀ ਇਕੋ ਟਾਈਮ ਦਾ ਖਾਣਾ, ਜਿਸ ਦੇ ਨਾਂ ਤੋਂ ਵਿਦੇਸ਼ੀ ਭਲਵਾਨ ਵੀ ਖਾਂਦੇ ਸਨ ਖੌਫ਼, 1200 ਕਿਲੋ ਭਾਰੇ ਪੱਥਰ ਨਾਲ ਪ੍ਰੈਕਟਿਸ ਕਰਨ ਵਾਲਾ ਅਤੇ ਦਿ ਗ੍ਰੇਟ ਗਾਮਾ ਦੇ ਨਾਂ ਨਾਲ ਜਾਣੇ ਜਾਂਦੇ ਭਲਵਾਨ ਗੁਲਾਮ ਬਖ਼ਸ਼ ਉਰਫ਼ ਗਾਮਾ ਪਹਿਲਵਾਨ, ਜੋ ਅਣਵੰਡੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਜਨਮ ਲੈਂਦਾ ਹੈ ਅਤੇ ਲਾਹੌਰ, ਪਾਕਿਸਤਾਨ ਵਿੱਚ ਦੁਨੀਆ ਨੂੰ ਅਲਵਿਦਾ ਆਖ ਦਿੰਦਾ ਹੈ। ਆਓ ਦੱਸਦੇ ਹਾਂ ਇਸ ਨਾਮੀ ਪਹਿਲਵਾਨ ਦੀ ਜ਼ਿੰਦਗੀ ਦੇ ਨਾਲ ਨਾਲ ਕੁਝ ਹੋਰ ਰੌਚਕ ਕਿੱਸੇ…
ਕੁਸ਼ਤੀ ਦੇ ਪੇਚ
‘ਦਿ ਗ੍ਰੇਟ ਗਾਮਾ’ ਦੇ ਨਾਂ ਨਾਲ ਮਸ਼ਹੂਰ ਗਾਮਾ ਪਹਿਲਵਾਨ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ‘ਚ ਹੋਇਆ। 22 ਮਈ 1878 ਨੂੰ ਮੁਸਲਮਾਨ ਪਰਿਵਾਰ ਵਿੱਚ ਜਨਮੇ ਗਾਮਾ ਪਹਿਲਵਾਨ ਦਾ ਪੂਰਾ ਨਾਂ ਗ਼ੁਲਾਮ ਮੁਹੰਮਦ ਬਖ਼ਸ਼ ਭੱਟ ਸੀ। ਗਾਮਾ ਦੇ ਪਿਤਾ ਮੁਹੰਮਦ ਅਜ਼ੀਜ਼ ਖੁਦ ਵੀ ਇਕ ਮਸ਼ਹੂਰ ਪਹਿਲਵਾਨ ਸਨ। ਗਾਮੇ ਪਹਿਲਵਾਨ ਨੂੰ ਕੁਸ਼ਤੀ ਦਾ ਸ਼ੌਕ ਪਰਿਵਾਰ ਚੋਂ ਹੀ ਪੈਦਾ ਹੋਇਆ, ਨਿੱਕੀ ਉਮਰੇ ਗਾਮੇ ਨੇ ਆਪਣੇ ਛੋਟੇ ਭਰਾ ਇਮਾਮ ਬਖ਼ਸ਼ ਦੇ ਨਾਲ ਪੰਜਾਬ ਦੇ ਮਸ਼ਹੂਰ ਪਹਿਲਵਾਨ ਮਾਧੋ ਸਿੰਘ ਤੋਂ ਕੁਸ਼ਤੀ ਦੇ ਦਾਅ ਪੇਚ ਸਿੱਖਣੇ ਸ਼ੁਰੂ ਕਰ ਦਿੱਤੇ ਸਨ। ਬਦਕਿਸਮਤੀ ਨਾਲ ਜਦੋਂ ਗਾਮਾ 5 ਸਾਲਾਂ ਦਾ ਸੀ ਤਾਂ ਪਿਤਾ ਦੀ ਮੌਤ ਹੋ ਗਈ, ਪਰ ਗਾਮਾ ਦਾ ਕੁਸ਼ਤੀ ਤੇ ਅਖਾੜੇ ਨਾਲੋਂ ਪਿਆਰ ਘੱਟ ਨਹੀ ਹੋਇਆ,
ਨਿੱਕੀ ਉਮਰੇ ਕਈਆਂ ਨੂੰ ਪਾਈਆਂ ਦੰਦਲਾਂ
ਦੱਸਿਆ ਜਾਂਦਾ ਹੈ ਕਿ ਗਾਮਾ ਪਹਿਲਵਾਨ ਆਪਣੇ ਭਰਾ ਨਾਲ ਉਸ ਸਮੇਂ ਦਤੀਆ ਦੇ ਮਹਾਰਾਜਾ ਭਵਾਨੀ ਸਿੰਘ ਦੇ ਦਰਬਾਰ ਵਿੱਚ ਘੋਲ ਕੁਸ਼ਤੀ ਲੜਿਆ ਕਰਦੇ ਸਨ। ਦੋਵਾਂ ਨੂੰ ਮਹਾਰਾਜਾ ਵੱਲੋਂ ਭਲਵਾਨੀ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਸਨ।10 ਸਾਲ ਦੀ ਉਮਰ ਵਿੱਚ ਗਾਮਾ ਨੇ ਉਸ ਸਮੇਂ ਸਭ ਨੂੰ ਦੰਦਾਂ ਥੱਲੇ ਉਂਗਲਾਂ ਦੇਣ ਲਈ ਮਜਬੂਰ ਕਰ ਦਿੱਤਾ ਜਦੋਂ 1888 ਵਿੱਚ ਜੋਧਪੁਰ, ਰਾਜਸਥਾਨ ਵਿੱਚ ਹੋਏ ਇੱਕ ਮੁਕਾਬਲੇ ਦੌਰਾਨ ਗਾਮੇ ਨੇ ਆਪਣੇ ਸਰੀਰਕ ਜੌਹਰ ਦਿਖਾਏ ਸਨ।ਇੱਥੇ 400 ਭਲਵਾਨਾਂ ਵਿੱਚੋਂ 15ਵੇਂ ਨੰਬਰ ਤੇ ਆਉਣ ਵਾਲਾ ਗਾਮਾ ਪਹਿਲਵਾਨ ਲਗਾਤਾਰ ਡੰਡ-ਬੈਠਕਾਂ ਲਾ ਰਿਹਾ ਸੀ, ਗਾਮੇ ਦੇ ਜੋਸ਼ ਤੇ ਜਨੂੰਨ ਨੂੰ ਦੇਖ ਕੇ ਮਹਾਰਾਜਾ ਜੋਧਪੁਰ ਨੇ ਉਸ ਨੂੰ ਸਨਮਾਨਿਤ ਕੀਤਾ। ਬਸ ਫਿਰ ਕੀ ਗਾਮਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ
ਵੱਡੇ-ਵੱਡੇ ਭਲਵਾਨਾਂ ਨੂੰ ਚਿੱਤ ਕੀਤਾ
ਚੜ੍ਹਦੀ ਜਵਾਨੀ ਵਿੱਚ ਗਾਮਾ ਨੇ ਉਸ ਸਮੇਂ ਦੇ ਮਸ਼ਹੂਰ ਅੱਧਖੜ ਉਮਰ ਦੇ ਭਾਰਤੀ ਚੈਂਪੀਅਨ ਰਹੀਮ ਬਖਸ਼ ਸੁਲਤਾਨੀ ਵਾਲਾ ਨੂੰ ਚੈਲੇਂਜ ਕਰ ਦਿੱਤਾ ਸੀ, 7 ਫੁੱਟ ਕੱਦ ਵਾਲੇ ਰਹੀਮ ਬਖ਼ਸ਼ ਨੂੰ 5 ਫੁੱਟ 7 ਇੰਚ ਕੱਦ ਵਾਲੇ ਗਾਮਾ ਨੇ ਦੰਗਲ ਵਿੱਚ ਦਿਨੇ ਤਾਰੇ ਵਿਖਾ ਦਿੱਤੇ ਸਨ। ‘ਦ ਗ੍ਰੇਟ ਗਾਮਾ’ ਦਾ ਖਿਤਾਬ ਆਪਣੇ ਨਾਂ ਕਰਨ ਵਾਲੇ ਪਹਿਲਵਾਨ ਗਾਮਾ ਦੀ ਹਰ ਪਾਸੇ ਬੱਲੇ-ਬੱਲੇ ਹੋਣ ਲੱਗੀ। 5 ਦਹਾਕਿਆਂ ਦੇ ਕਰੀਅਰ ਵਿੱਚ ਬਾਜ਼ੀ ਨਾ ਹਾਰਨ ਵਾਲੇ ਪਹਿਲਵਾਨ ਨੇ ਵਰਲਡ ਹੈਵੀਵੇਟ ਚੈਂਪੀਅਨਸ਼ਿਪ (1910), ਵਰਲਡ ਕੁਸ਼ਤੀ ਚੈਂਪੀਅਨਸ਼ਿਪ (1927) ਵੀ ਜਿੱਤਿਆ। ਇਸ ਤੋਂ ਬਾਅਦ ਗਾਮਾ ਰੁਸਤਮ-ਏ-ਹਿੰਦ ਖਿਤਾਬ ਲਈ ਦਾਅਵੇਦਾਰ ਬਣ ਗਏ ਸਨ।
ਕਿਹੜੇ-ਕਿਹੜੇ ਵਿਦੇਸ਼ੀ ਪਹਿਲਵਾਨਾਂ ਨੂੰ ਚਟਾਈ ਸੀ ਧੂਲ
ਵਿਸ਼ਵ ਦੰਗਲ ਵਿੱਚ ਗਾਮਾ ਪਹਿਲਵਾਨ ਨੇ ਅਮਰੀਕਾ ਦੇ ਪਹਿਲਵਾਨ ਬੈਂਜਾਮਿਨ ਰੋਲਰ ਅਤੇ ਵਿਸ਼ਵ ਚੈਂਪੀਅਨ ਪਹਿਲਵਾਨ ਪੋਲੈਂਡ ਦੇ ਸਟੈਨਿਸਲਾਸ ਜ਼ਬਿਸਕੋ ਨੂੰ ਹਰਾਇਆ। ਦੱਸਿਆ ਜਾਂਦਾ ਹੈ ਕਿ ਸਟੈਨਿਸਲਾਸ ਜ਼ਬਿਸਕੋ ਦਾ ਭਾਰ ਗਾਮਾ ਪਹਿਲਵਾਨ ਨਾਲੋਂ ਵੱਧ ਸੀ। ਇਸ ਦੇ ਬਾਵਜੂਦ ਉਹ ਗਾਮਾ ਪਹਿਲਵਾਨ ਤੋਂ ਡਰਦਾ ਸੀ। ਇਸ ਤੋਂ ਬਾਅਦ ਉਸ ਨੇ ਕਈ ਇਤਿਹਾਸਿਕ ਕੁਸ਼ਤੀਆਂ ਲੜੀਆਂ, ਜਿਨ੍ਹਾਂ ਵਿਚ ਮਾਰਿਸ ਦੇਰਿਜ, ਜੋਹਾਨ ਲੇਮ, ਜੈਸੀ ਪੀਟਰਸਨ ਸਮੇਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਸ਼ਾਮਿਲ ਸਨ। ਗਾਮਾ ਸਾਰੇ ਮੁਕਾਬਲਿਆਂ ‘ਚ ਜੇਤੂ ਰਿਹਾ
ਗਾਮਾ ਜਦੋਂ ਆਪਣੇ ਭਰਾ ਨਾਲ ਵਿਦੇਸ਼ੀ ਭਲਵਾਨਾਂ ਨਾਲ ਮੁਕਾਬਲਾ ਕਰਨ ਲਈ ਇੰਗਲੈਂਡ ਗਿਆ ਸੀ ਪਰ ਕੱਦ ਘੱਟ ਹੋਣ ਕਾਰਨ ਉਸ ਨੂੰ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਗਿਆ। ਪਰ ਢੇਰੀ ਢਾਹੁਣ ਦੀ ਬਜਾਏ ਗਾਮੇ ਨੇ ਸਟੇਜ ਤੇ ਜਾ ਕੇ ਖੁੱਲ੍ਹੀ ਚੁਣੌਤੀ ਦਿੱਤੀ ਕਿ ਉਹ ਕਿਸੇ ਵੀ ਭਾਰ ਵਾਲੇ 3 ਭਲਵਾਨਾਂ ਨੂੰ 30 ਮਿੰਟਾਂ ਵਿੱਚ ਹਰਾ ਸਕਦਾ ਹੈ। ਕਾਫੀ ਸਮਾਂ ਤਾਂ ਕੋਈ ਵੀ ਨਹੀਂ ਹਿਲਿਆ ਅਤੇ ਹਰ ਪਾਸੇ ਸੰਨਾਟਾ ਛਾ ਗਿਆ ਫਿਰ ਗਾਮੇ ਨੇ ਖਾਸ ਹੈਵੀਵੇਟ ਭਲਵਾਨਾਂ ਨੂੰ ਇਕ ਹੋਰ ਚੁਣੌਤੀ ਦਿੱਤੀ। ਉਸ ਨੇ ਸਟੈਨਿਸਲਾਸ ਜ਼ਬਿਸਕੋ ਅਤੇ ਫਰੈਂਚ ਗੋਚ ਨੂੰ ਵੀ ਚੁਣੌਤੀ ਦਿੱਤੀ ਸੀ। ਉਸ ਦੀ ਚੁਣੌਤੀ ਦੀ ਝੰਡੀ ਨੂੰ ਫੜਨ ਵਾਲਾ ਪਹਿਲਾਂ ਪੇਸ਼ੇਵਰ ਪਹਿਲਵਾਨ ਅਮਰੀਕੀ ਬੈਂਜਾਮਿਨ ਰੋਲਰ ਸੀ। ਮੁਕਾਬਲੇ ਵਿੱਚ ਗਾਮੇ ਨੇ ਰੋਲਰ ਨੂੰ ਪਹਿਲੀ ਵਾਰ 1 ਮਿੰਟ 40 ਸਕਿੰਟ ਵਿਚ ਤੇ ਦੂਜੇ ਦੌਰਾਨ 9 ਮਿੰਟ 10 ਸਕਿੰਟ ਵਿੱਚ ਹਰਾ ਦਿੱਤਾ। ਦੂਜੇ ਦਿਨ ਉਸ ਨੇ 12 ਹੋਰ ਪਹਿਲਵਾਨਾਂ ਨੂੰ ਹਰਾਇਆ ਸੀ।
ਇਸ ਤੋਂ ਬਾਅਦ ਵਾਰੀ ਆਈ ਉਸ ਸਮੇਂ ਦੇ ਵਿਦੇਸ਼ੀ ਨਾਮੀ ਪਹਿਲਵਾਨ ਸੈਟਨਿਸਲਾਸ ਜ਼ਬਿਸਕੋ ਦੀ ਜਿਸ ਨਾਲ ਗਾਮਾ ਦਾ ਘੋਲ ਹੋਇਆ, ਦੰਗਲ ਵਿੱਚ ਹਰ ਪਾਸੇ ਗਾਮਾ ਦੇ ਹਾਰਨ ਦੇ ਚਰਚੇ ਸੀ,ਪਰ ਲੰਬੇ ਸਮੇਂ ਤੱਕ ਦੰਗਲ ਵਿੱਚ ਹੋਈ ਟੱਕਰ ਵਿੱਚ ਜ਼ਬਿਸਕੋ ਦੀ ਹਾਲਤ ਖਰਾਬ ਹੋ ਗਈ ਜਿਸ ਕਾਰਨ ਮੈਚ ਡਰਾਅ ਹੋ ਗਿਆ. ਪਰ ਇਕ ਨੂੰ ਜੇਤੂ ਐਲ਼ਾਨਣ ਲਈ ਦੁਬਾਰਾ ਗਾਮਾ ਤੇ ਜ਼ਬਿਸਕੋ ਦਾ ਆਹਮੋ-ਸਾਹਮਣੇ ਹੋਣਾ ਜ਼ਰੂਰੀ ਸੀ ਇਸ ਲਈ ਇਕ ਹਫਤੇ ਬਾਅਦ ਫਿਰ ਮੈਚ ਰੱਖਿਆ ਗਿਆ ਪਰ ਇਸ ਦਿਨ ਜ਼ਬਿਸਕੋ ਲੜਨ ਹੀ ਨਹੀਂ ਆਇਆ ਤੇ ਗਾਮਾ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ ਸੀ। 1928 ਦੁਬਾਰਾ ਫਿਰ ਉਹ ਸਮਾਂ ਆਇਆ ਜਦੋਂ ਗਾਮਾ ਤੇ ਜ਼ਬਿਸਕੋ ਫਿਰ ਮੈਚ ਰੱਖਿਆ ਗਿਆ. ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਇਸ ਦੌਰਾਨ ਤਾਂ ਗਾਮਾ ਨੇ 42 ਸਕਿੰਟਾਂ ਵਿੱਚ ਜ਼ਬਿਸਕੋ ਦੀ ਪਿੱਠ ਲਵਾ ਦਿੱਤੀ। ਇੰਗਲੈਂਡ ਤੋਂ ਪਰਤਣ ਬਾਅਦ ਫਿਰ ਗਾਮਾ ਨੇ ਰਹੀਮ ਬਖ਼ਸ਼ ਨਾਲ ਫਿਰ ਕੁਸ਼ਤੀ ਹੋਈ, ਇਸ ਸਮੇਂ ਗਾਮਾ ਜਿੱਥੇ ਰੁਸਤਮ ਏ ਹਿੰਦ ਬਣਿਆ ਉੱਥੇ ਹੀ ਕੁਸ਼ਤੀ ਦੇ ਖੇਤਰ ਵਿੱਚ ਵੱਡਾ ਨਾਂ ਬਣ ਚੁੱਕਿਆ ਸੀ।
ਖੁਰਾਕ ਤੇ ਪ੍ਰੈਕਟਿਸ
ਦਿ ਗ੍ਰੇਟ ਗਾਮਾ ਵਜੋਂ ਮਸ਼ਹੂਰ ਗਾਮਾ ਪਹਿਲਵਾਨ ਇਕ ਦਿਨ ਵਿੱਚ 5000 ਬੈਠਕਾਂ ਤੇ 1000 ਤੋਂ ਵੱਧ ਡੰਡ ਮਾਰਦਾ ਸੀ। ਬੜੌਦਾ ਵਿਚ 23 ਦਸੰਬਰ 1902 ਨੂੰ ਹੋਏ ਇਕ ਮੁਕਾਬਲੇ ਵਿਚ ਉਸ ਨੇ 1200 ਕਿਲੋਗਰਾਮ (12 ਕੁਇੰਟਲ) ਵਜ਼ਨ ਦਾ ਪੱਥਰ ਚੁੱਕਿਆ ਸੀ। ਇਹ ਪੱਥਰ ਅੱਜ ਵੀ ਬੜੌਦਾ ਦੇ ਮਿਊਜ਼ੀਅਮ ਵਿਚ ਸੰਭਾਲਿਆ ਹੋਇਆ ਹੈ। ਗਾਮੇ ਦੀ ਉਮਰ ਉਸ ਸਮੇਂ 22 ਸਾਲ ਹੀ ਸੀ।
ਇੰਨੇ ਜੋਸ਼ ਤੇ ਫੁਰਤੀਲੇ ਗਾਮਾ ਦੀ ਖੁਰਾਕ ਦੀ ਗੱਲ ਕਰੀਏ ਤਾਂ ਪੂਰੇ ਪਿੰਡ ਦੇ ਇਕੋ ਟਾਈਮ ਦੀ ਰੋਟੀ ਦੇ ਬਰਾਬਰ ਗਾਮਾ ਦੀ ਖੁਰਾਕ ਹੁੰਦੀ ਸੀ,
*15 ਲੀਟਰ ਦੁੱਧ
* ਇਕ ਕਿਲੋ ਬਾਦਾਮ ਦਾ ਪੇਸਟ ਇਕ ਟੌਨਿਕ ਡਰਿੰਕ
* ਅੱਧਾ ਕਿਲੋ ਦੇਸੀ ਘਿਓ
* ਪੌਣੇ ਤਿੰਨ ਕਿਲੋਗਰਾਮ ਮੱਖਣ
* ਮੌਸਮੀ ਫਲ ਦੀਆਂ ਤਿੰਨ ਬਾਲਟੀਆਂ ਦਾ ਜੂਸ ਲਗਭਗ 4 ਕਿਲੋਗਰਾਮ
* ਦੋ ਦੇਸੀ ਮਟਨ
* ਛੇ ਦੇਸੀ ਮੁਰਗੇ।
ਇਹ ਸਾਰਾ ਕੁੱਝ ਗਾਮਾ ਦੀ ਖੁਰਾਕ ਵਿੱਚ ਸ਼ਾਮਿਲ ਸੀ।
ਬਰੂਸ ਲੀ ਵੀ ਸੀ ਗਾਮਾ ਦਾ ਫੈਨ –
ਦੱਸਿਆ ਜਾਂਦਾ ਹੈ ਕਿ ਮਸ਼ਹੂਰ ਅਮਰੀਕਨ ਮਾਰਸ਼ਲ ਆਰਟ ਆਰਟਿਸਟ ਬਰੂਸ ਲੀ ਵੀ ਗਾਮਾ ਦਾ ਵੱਡਾ ਫੈਨ ਸੀ, ਗਾਮਾ ਨਾਲ ਪਹਿਲੀ ਮੁਲਾਕਾਤ ਵਿੱਚ ਹੀ ਬਰੂਸ ਲੀ ਉਨ੍ਹਾਂ ਨੂੰ ਦੇਖਦਾ ਰਹਿ ਗਿਆ। ਇੰਨਾ ਹੀ ਨਹੀਂ ਗਾਮਾ ਦੀ ਡਾਈਟ ਤੇ ਟ੍ਰੇਨਿੰਗ ਦੇਖ ਕੇ ਬਰੂਸ ਲੀ ਵੀ ਉਨ੍ਹਾਂ ਦੇ ਮੁਰੀਦ ਹੋ ਗਏ ਸਨ।
ਦੇਹਾਂਤ-
ਦੁੱਖ ਦੀ ਗੱਲ ਸੀ ਕਿ ਕੁਸ਼ਤੀ ਦੇ ਇਸ ਬਾਦਸ਼ਾਹ ਦਾ ਅੰਤਮ ਸਮਾਂ ਸੁੱਖਦਾਈ ਨਹੀਂ ਰਿਹਾ। ਆਰਥਿਕ ਸਮੱਸਿਆਵਾਂ ਕਰਕੇ ਉਹ ਗ਼ਰੀਬੀ ‘ਚ ਜੀਵਨ ਬਿਤਾਉਣ ਲਈ ਮਜਬੂਰ ਹੋ ਗਿਆ ਸੀ। ਸੰਨ 1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਉਹ ਲਹਿੰਦੇ ਪੰਜਾਬ ਵਿਚ ਜਾ ਕੇ ਵੱਸ ਗਏ ਸਨ ਪਰ ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਉਸ ਨੂੰ ਜ਼ਮੀਨ ਤੇ ਮਹੀਨੇਵਾਰ ਪੈਨਸ਼ਨ ਦਿੱਤੀ ਪਰ ਇਸ ਨਾਲ ਉਨ੍ਹਾਂ ਦਾ ਗੁਜ਼ਾਰਾ ਔਖਾ ਹੁੰਦਾ ਸੀ।ਅਖ਼ੀਰ ਲੰਬੀ ਬਿਮਾਰੀ ਤੋਂ ਬਾਅਦ 23 ਮਈ 1960 ਨੂੰ ਆਪਣੀ ਮਹਾਨਤਾ ਦੀਆਂ ਕਹਾਣੀਆਂ ਪਿੱਛੇ ਛੱਡ ਕੇ ਦੁਨੀਆ ਨੂੰ ਫਤਿਹ ਕਰਨ ਵਾਲਾ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਪਹਿਲਵਾਨ ਗੁਲਾਮ ਮੁਹੰਮਦ ਉਰਫ਼ ਗਾਮਾ ਭਲਵਾਨ ਇਸ ਦੁਨੀਆਂ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਿਆ।
(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)