punjab
ਪੰਜਾਬ ‘ਚ ਆਪ ਦਾ ਚਹਿਰਾ ਕੌਣ ਹੋਵੇਗਾ?

ਆਮ ਆਦਮੀ ਪਾਰਟੀ ਦੀ ਉਮਰ 7 ਸਾਲ ਦੇ ਕਰੀਬ ਹੈ। ਇਤਿਹਾਸ ਵਿਚ ਸੱਤ ਸਾਲ ਬਹੁਤ ਥੋੜਾ ਸਮਾਂ ਹੁੰਦਾ ਹੈ, ਪਰ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿਚੋਂ ਪੈਦਾ ਇਹ ਪਾਰਟੀ ਜਿੰਨੀ ਤੇਜ਼ੀ ਨਾਲ ਉੱਤੇ ਚੜ੍ਹੀ ਓਨੀ ਦੀ ਤੇਜ਼ੀ ਨਾਲ ਡਿੱਗਦੀ ਦਿਖ ਰਹੀ ਹੈ। ਜੇਕਰ ਗੱਲ ਕਰੀਏ 2022 ਵਿਧਾਨ ਸਭਾ ਚੋਣਾਂ ਦੀ ਤਾਂ ਵੱਡਾ ਸਵਾਲ ਇਹ ਹੀ ਖੜਾ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਕੋਲ ਸੀਐਮ ਦਾ ਚਹਿਰਾ ਕੌਣ ਹੋਵੇਗਾ। ਕਿਉਂਕਿ ਜਿਸ ਝਾੜੂ ਦੇ ਤਿਲੇ ਖਿੰਡ ਰਹੇ ਹਨ। ਅਜਿਹੀ ਸੂਰਤ ‘ਚ ਖਾਲੀ ਰੱਸਾ ਹੀ ਦਿਖਾਈ ਦੇ ਰਿਹਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ‘ਚ ਸਫਰ ਤੇ ਇਕ ਝਾਤ ਪਾਉਂਦੇ ਹਾਂ ਤੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪ ਦਾ ਸੀਮੈਮ ਚਹਿਰਾ ਕਹਿੜਾ ਹੋਵੇਗਾ।
ਦਿੱਲੀ ਵਿੱਚ ਮਿਲੇ ਚੰਗੇ ਹੁੰਗਾਰੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਪੈਰ ਰੱਖਿਆ। 2014 ਦੀਆਂ ਲੋਕ ਸਭਾ ਚੋਣਾ ਤੋਂ ਪਹਿਲਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਇੱਕ ਅੰਦੋਲਨ ਵਾਂਗ ਸਾਹਮਣੇ ਆਈ। ਇਸ ਦਾ ਪਹਿਲਾ ਕਨਵੀਨਰ ਨੌਜਵਾਨ ਆਗੂ ਹਰਜੋਤ ਸਿੰਘ ਬੈਂਸ ਨੂੰ ਬਣਾਇਆ ਗਿਆ, ਜਦਕਿ ਸਮਾਜਿਕ ਤੇ ਸਿਆਸੀ ਕਾਰਕੁਨ ਸੁਮੇਲ ਸਿੰਘ ਸਿੱਧੂ ਨੂੰ ਪ੍ਰਚਾਰ ਕਮੇਟੀ ਦਾ ਮੁਖੀ ਬਣਾਇਆ ਗਿਆ ਤੇ ਆਮ ਆਦਮੀ ਪਾਰਟੀ ਦੇ ਚਿਹਰੇ ਮੋਹਰੇ ਬਣੇ ਸੀਨੀਅਰ ਪੰਥਕ ਆਗੂ ਸੁੱਚਾ ਸਿੰਘ ਛੋਟੇਪੁਰ, ਖੱਬੇ ਪੱਖੀ ਵਿਚਾਰਾਂ ਦੇ ਧਾਰਨੀ ਧਰਮਵੀਰ ਗਾਂਧੀ ਤੇ ਗਲੈਮਰ ਜਗਤ ਛੱਡ ਕੇ ਸਿਆਸਤ ਵਿੱਚ ਆਉਣ ਵਾਲੇ ਭਗਵੰਤ ਮਾਨ। ਆਮ ਆਦਮੀ ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਗੈਰ-ਜਥੇਬੰਦਕ ਤੌਰ ਉੱਤੇ ਹੀ ਲੜੀਆਂ। ਉਸ ਸਮੇਂ ਲੋਕਾਂ ਨੇ ਲਾਮਬੰਦ ਹੋ ਕੇ ਆਮ ਆਦਮੀ ਪਾਰਟੀ ਨੂੰ 4 ਸੀਟਾਂ ਜਿਤਾ ਦਿੱਤੀਆਂ। ਜਿਸ ਨਾਲ ਪੰਜਾਬ ਵਿੱਚ ਪਾਰਟੀ ਦੀਆਂ ਜੜ੍ਹਾਂ ਦੀਆਂ ਜੜ੍ਹਾਂ ਲੱਗ ਗਈਆਂ ਹਨ।
ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚੋਂ ਮਿਲੇ ਹੁੰਗਾਰੇ ਤੋਂ ਬਾਅਦ ਦੂਜੀਆਂ ਪਾਰਟੀਆਂ ਦੇ ਬਾਗੀ ਜਾਂ ਆਪਣੀਆਂ ਪਾਰਟੀਆਂ ਵਿੱਚ ਇੱਛਾਵਾਂ ਪੂਰੀਆਂ ਨਾ ਕਰ ਪਾਉਣ ਵਾਲੇ ਵੱਡੀ ਗਿਣਤੀ ‘ਚ ਆਗੂ ਆਮ ਆਦਮੀ ਪਾਰਟੀ ਵਿੱਚ ਆਏ। 2014 ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਤੱਕ ਪਹੁੰਚਦੇ-ਪਹੁੰਚਦੇ ਬਹੁਤ ਹਲਚਲ ਵੀ ਮਚੀ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਕਮਾਂਡ ਸੁੱਚਾ ਸਿੰਘ ਛੋਟੇਪੁਰ ਨੂੰ ਦਿੱਤੀ ਗਈ ਪਰ ਚੋਣਾਂ ਦੇ ਆਖ਼ਰੀ ਮੌਕੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਕੇ ਛੋਟੇਪੁਰ ਨੂੰ ਮੁਅੱਤਲ ਕਰਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਪ੍ਰਧਾਨ ਬਣਾ ਦਿੱਤਾ ਗਿਆ ਹੈ। ਪਰ ਘੁੱਗੀ ਨੇ ਬੜੀ ਜਲਦੀ ਇਹ ਆਲ੍ਹਣਾ ਛੱਡ ਉਡਾਰੀ ਮਾਰ ਲਈ ਜਿਸ ਤੋਂ ਬਾਅਦ ਪਾਰਟੀ ਦੀ ਕਮਾਂਡ ਭਗਵੰਤ ਮਾਨ ਦੇ ਹੱਥ ਆ ਗਈ ਪਰ ਕੇਜਰੀਵਲ ਵੱਲੋਂ ਮਾਣਹਾਨੀ ਮਾਮਲੇ ਚ ਬਿਕਰਮ ਮਜੀਠੀਆ ਤੋਂ ਮਾਫੀ ਮੰਗਣ ਕਾਰਨ ਭਗਵੰਤ ਮਾਨ ਨੇ ਪ੍ਰਧਾਨਗੀ ਦਾ ਅਹੁਦਾ ਛੱਡ ਦਿੱਤਾ ਹੈ। ਪਰ ਕੁਰਸੀ ਦਾ ਮੋਹ ਨਾ ਛੱਡਿਆ ਗਿਆ ਤੇ 2019 ‘ਚ ਮੁੜ ਪਾਰਟੀ ਦੀ ਕਮਾਂਡ ਸੰਭਾਲ ਲਈ ਹੈ।
2017 ਦੀਆਂ ਵਿਧਾਨ ਸਭਾ ਚੋਣਾਂ ਚ ਝਾੜੂ ਨੇ 20 ਸਿਟਾਂ ਆਪਣੇ ਨਾਅ ਕੀਤੀਆਂ ਫਿਰ ਗੱਲ ਆਉਂਦੀ ਹੈ। ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਦੀ ਇਹ ਜਿੰਮੇਵਾਰੀ ਐਚਐੱਸ ਫੂਲਕਾ ਨੂੰ ਦਿੱਤੀ ਗਈ ਹੈ। ਪਰ ਦਿੱਲੀ ਵਿੱਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਦੇ ਵਕੀਲ ਹੋਣ ਕਾਰਨ ਕੈਬਨਿਟ ਮੰਤਰੀ ਰੈਂਕ ਦਾ ਅਹੁਦਾ ਰੱਖਣ ਕਾਰਨ ਬਾਰ ਕੌਂਸਲ ਨੇ ਇਤਰਾਜ਼ ਕੀਤਾ ਤਾਂ ਫ਼ੂਲਕਾ ਨੇ ਅਹੁਦਾ ਛੱਡ ਦਿੱਤਾ। ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਬਣਾਇਆ ਗਿਆ ਹੈ। ਖਹਿਰਾ ਦੇ ਪਾਰਟੀ ਨਾਲ ਬਹੁਤ ਮਤਭੇਦ ਹੋਏ। ਜਿਸ ਕਾਰਨ ਪਾਰਟੀ ਨੇ ਖਹਿਰਾ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਤੇ ਹਰਪਾਲ ਚੀਮਾ ਦੇ ਸਿਰ ਇਹ ਤਾਜ ਸਜਾ ਦਿੱਤਾ ਗਿਆ ਤੇ ਦਲੀਲ ਦਿੱਤੀ ਕੇ ਦਲੀਤਾਂ ਦੇ ਹੱਕ ਚ ਇਹ ਫੈਸਲਾ ਲਿਆ ਗਿਆ ਹੈ।
ਪੰਜਾਬ ਵਿੱਚ ਸੁੱਚਾ ਸਿੰਘ ਛੋਟੇਪੁਰ ਤੇ ਸੁਮੇਲ ਸਿੱਧੂ, ਗੁਰਪ੍ਰੀਤ ਘੁੱਗੀ ਤੇ ਜੱਸੀ ਜਸਰਾਜ ਵਰਗੇ ਆਗੂਆਂ ਨੇ ਪਾਰਟੀ ਦੀ ਕਾਰਗੁਜਾਰੀ ਤੋਂ ਨਾਖੁਸ਼ ਹੁੰਦਿਆਂ ਪਾਰਟੀ ਛੱਡ ਦਿੱਤੀ ਤੇ ਪਾਰਟੀ ਨੇ ਚਾਰ ਲੋਕ ਸਭਾ ਮੈਂਬਰਾਂ ਵਿੱਚੋਂ ਧਰਮਵੀਰ ਗਾਂਧੀ, ਹਰਿੰਦਰ ਖ਼ਾਲਸਾ ਨੂੰ ਪਾਰਟੀ ਨੇ ਮੁਅੱਤਲ ਕੀਤਾ ਹੋਇਐ ਤੇ 20 ਵਿਧਾਇਕਾਂ ਵਿੱਚੋਂ 4 ਵਿਧਾਇਕ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਨੇ ਤੇ ਐੱਚ ਐੱਸ ਫੂਲਕਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਹਨ। ਸੁਖਪਾਲ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਜੈਤੋਂ ਨੇ ਤਾਂ ਪੰਜਾਬ ਏਕਤਾ ਪਾਰਟੀ ਵੀ ਬਣਾ ਲਈ ਸੀ। ਪਰ ਮਾਸਟਰ ਬਲਦੇਵ ਵਾਪਿਸ ਪਰਤ ਗਏ ਸੀ ਤੇ ਸੁਖਪਾਲ ਖਹਿਰਾ ਨੇ ਆਪਣੀ ਬਣਾਈ ਪਾਰਟੀ ਛੱਡ ਕਾਂਗਰਸ ਦਾ ਹੱਥ ਫੜ੍ਹ ਲਿਆ। ਖਹਿਰਾ ਦੇ ਨਾਲ ਨਾਲ ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਖ਼ਾਲਸਾ ਨੇਂ ਵੀ ਕਾਂਗਰਸ ਦੀ ਕਾਰਗੁਜਾਰੀ ਤੋਂ ਖੁਸ਼ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਤੋਂ ਆਸ਼ੀਰਵਾਦ ਲੈ ਕਾਂਗਰਸ ਦਾ ਪੱਲਾ ਫੜ੍ਹ ਲਿਆ। ਜਦਕਿ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ ਨੇ ਬਹੁਤ ਪਹਿਲਾਂ ਹੀ ਕਾਂਗਰਸ ਨਾਲ ਹੱਥ ਮਿਲਾ ਲਿਆ ਸੀ। ਜੇ ਗੱਲ ਕਰੀਏ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਤਾਂ ਬਿਨ ਪੈਂਦੇ ਦਾ ਲੋਟਾ ਵਾਲੀ ਗੱਲ ਹੈ। ਪਹਿਲਾਂ ਆਪ ਛੱਡ ਕਾਂਗਰਸ ਚ ਗਏ ਅਤੇ ਮੁੜ ਵਾਪਿਸ ਪਲਟੀ ਮਾਰ ਕੇ ਆਪ ਚ ਆ ਗਏ ਹਨ। ਵਿਧਾਇਕ ਕੰਵਰ ਸੰਧੂ ਫਿਲਹਾਲ ਮੁਅੱਤਲ ਚੱਲ ਰਹੇ ਹਨ।
ਵਾਰੀ ਵਾਰੀ ਸਿਰ ਇਨਾਂ ਬਾਗੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੀ ਪਾਰਟੀ ਦੀ ਕਮਾਂਡ ਦਿੱਲੀ ‘ਚ ਹੈ ਤੇ ਪਾਰਟੀ ਕੇਜਰੀਵਾਲ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ। ਜਿਸ ਨੂੰ ਪਾਰਟੀ ਦੇ ਖਿੰਡਣ ਦਾ ਮੁੱਖ ਕਾਰਨ ਕਿਹਾ ਜਾ ਰਿਹਾ ਹੈ। ਫਿਲਹਾਲ ਵੇਖਣਾ ਇਹ ਹੋਵੇਗਾ ਕਿ ਰਾਜਸੀ ਸਿਆਸੀ ਪਾਰਟੀਆਂ ਨੂੰ ਸਾਫ ਕਰਨ ਆਇਆ ਝਾੜੂ ਆਪਣਾ ਅਸਤੀਤਵ ਬਚਾ ਪਾਉਂਦੇ ਜਾ ਨਹੀਂ।