India
21 ਦਿਨਾਂ ਦਾ ਲੌਕਡਾਊਨ ਕਿਉਂ ਜ਼ਰੂਰੀ, 21 ਦਿਨਾਂ ’ਚ ਕਿਵੇਂ ਭੱਜੇਗਾ ਕੋਰੋਨਾ ?

27 ਮਾਰਚ : ਇਸ ਸਮੇਂ ਪੂਰਾ ਸੰਸਾਰ ਕੋਰੋਨਾਵਾਇਰਸ ਦੀ ਜਕੜ ’ਚ ਹੈ। ਵਿਸ਼ਵ ਦਾ ਹਰ ਮੁਲਕ ਇਸਦੇ ਪ੍ਰਭਾਵ ਹੇਠ ਹੈ ਅਤੇ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ ਰੋਜ਼ਾਨਾ ਵਧਦਾ ਹੀ ਜਾ ਰਿਹਾ ਹੈ। ਸਾਰੇ ਦੇਸ਼ਾਂ ਵੱਲੋਂ ਇਸ ਭਿਆਨਕ ਬਿਮਾਰੀ ਵਿਰੁੱਧ ਲੜਾਈ ਜਾਰੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵੀ 22 ਮਾਰਚ ਨੂੰ ਸਵੇਰੇ 7 ਵਜੇ ਤੋਂ ਰਾਤ ਦੇ 9 ਵਜੇ ਤੱਕ ਦੇਸ਼ ਭਰ ’ਚ ਲੌਕਡਾਊਨ ਦਾ ਸੱਦਾ ਦਿੱਤਾ ਗਿਆ। ਜਿਸ ਤੋਂ ਬਾਅਦ ਕੋਰੋਨਾ ਦੇ ਵਧਦੇ ਖਤਰੇ ਨੂੰ ਭਾਂਪਦਿਆਂ 24 ਮਾਰਚ ਦੀ ਸ਼ਾਮ ਪ੍ਰਧਾਨ ਮੰਤਰੀ ਵੱਲੋਂ ਦੇਸ਼ ਭਰ ’ਚ 21 ਦਿਨਾਂ ਲਈ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ। ਇਹ ਲੌਕਡਾਊਨ 24 ਮਾਰਚ ਰਾਤ 12 ਵਜੇ ਤੋਂ ਲਾਗੂ ਹੋ ਗਿਆ ਹੈ ਅਤੇ 14 ਅਪ੍ਰੈਲ ਤੱਕ ਰਹੇਗਾ।
ਭਾਰਤ ਵਿੱਚ ਕੋਰੋਨਾਵਾਇਰਸ ਹਾਲੇ ਦੂਜੀ ਸਟੇਜ ’ਚ ਹੈ ਤੇ ਤੀਜੀ ਸਟੇਜ ਵੱਲ ਵਧ ਰਿਹਾ ਹੈ। ਜਿਸ ਤੋਂ ਬਚਣ ਲਈ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ ਹੈ। ਜੇਕਰ ਲੌਕਡਾਊਨ ਨਾ ਕੀਤਾ ਜਾਂਦਾ ਤਾਂ ਇਸ ਵਾਇਰਸ ਦੇ ਤੇਜ਼ੀ ਨਾਲ ਵਧਣ ਦੇ ਆਸਾਰ ਸਨ। ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ 21 ਦਿਨ ਦਾ ਹੀ ਲੌਕਡਾਊਨ ਕਿਉਂ ਲਗਾਇਆ ਗਿਆ, ਆਓ ਜਾਣਦੇ ਹਾਂ ਇਸਦੇ ਕਾਰਨ…
ਭਾਰਤ ਦੀ ਆਬਾਦੀ ਲਗਭਗ 135 ਕਰੋੜ ਹੈ ਅਤੇ ਆਬਾਦੀ ਦੇ ਮਾਮਲੇ ’ਚ ਚੀਨ ਤੋਂ ਬਾਅਦ ਭਾਰਤ ਦਾ ਦੂਜਾ ਨੰਬਰ ਹੈ। ਦੇਸ਼ ਦੀ ਵਸੋਂ ਘਣਤਾ 450 ਹੈ, ਭਾਵ ਦੇਸ਼ ’ਚ ਇੱਕ ਕਿਲੋਮੀਟਰ ਵਰਗ ਖੇਤਰ ’ਚ 450 ਵਿਅਕਤੀ ਰਹਿੰਦੇ ਹਨ। ਇਹ ਅੰਕੜਾ ਚੀਨ ਅਤੇ ਪਾਕਿਸਤਾਨ ਤੋਂ ਵੀ ਜ਼ਿਆਦਾ ਹੈ। ਚੀਨ ’ਚ ਇਹ ਅੰਕੜਾ 148 ਅਤੇ ਪਾਕਿਸਤਾਨ ’ਚ 275 ਹੈ। ਜੇਕਰ ਇੰਨੀ ਭਾਰੀ ਗਿਣਤੀ ’ਚ ਲੋਕ ਘਰਾਂ ਤੋਂ ਬਾਹਰ ਜਾਣਗੇ ਤਾਂ ਕੋਰੋਨਾਵਾਇਰਸ ਬਹੁਤ ਤੇਜ਼ੀ ਨਾਲ ਫੈਲੈਗਾ।
ਭਾਰਤ ਦੇ ਹਰ ਘਰ ’ਚ ਔਸਤਨ 5 ਵਿਅਕਤੀ ਰਹਿੰਦੇ ਹਨ। ਜੇਕਰ ਇਹਨਾਂ ਪੰਜਾਂ ਦੇ ਵਿੱਚੋਂ ਕੋਈ ਇੱਕ ਵੀ ਬਾਹਰ ਜਾ ਕੇ ਕਿਸੇ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ ’ਚ ਆਉਂਦਾ ਹੈ ਤਾਂ ਪਰਿਵਾਰ ਦੇ ਬਾਕੀ ਮੈਂਬਰ ਵੀ ਇਸ ਬਿਮਾਰੀ ਦੀ ਚਪੇਟ ’ਚ ਆਉਣਗੇ। ਅੱਗੇ ਇਸ ਪਰਿਵਾਰ ਦੇ ਸੰਪਰਕ ’ਚ ਆਉਣ ਵਾਲੇ ਲੋਕ ਵੀ ਪ੍ਰਭਾਵਿਤ ਹੋਣਗੇ ਜਿਸ ਨਾਲ ਦੇਸ਼ ’ਚ ਕੋਰੋਨਾ ਪੀੜਤਾਂ ਦਾ ਅੰਕੜਾ ਵਧੇਗਾ। ਇਸ ਲੜੀ ਨੂੰ ਤੋੜਨ ਲਈ ਹੀ ਦੇਸ਼ ’ਚ 21 ਦਿਨਾਂ ਦਾ ਲੌਕਡਾਊਨ ਲਗਾਇਆ ਗਿਆ ਹੈ।
21 ਦਿਨਾਂ ਦੇ ਲੌਕਡਾਊਨ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਕੋਰੋਨਾਵਾਇਰਸ ਤੋਂ ਪੀੜਤ ਵਿਅਕਤੀ ਦੀ ਪੁਸ਼ਟੀ 14 ਦਿਨਾਂ ਦੇ ਅੰਦਰ ਹੁੰਦੀ ਹੈ ਅਤੇ ਉਸ ਤੋਂ ਬਾਅਦ ਪੀੜਤ ਵਿਅਕਤੀ 5 ਤੋਂ 7 ਦਿਨਾਂ ਅੰਦਰ ਹੋਰਨਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਮੁਤਾਬਿਕ ਜੇਕਰ ਲੋਕ ਆਪਣੇ ਘਰਾਂ ’ਚ ਹੀ ਰਹਿਣ ਤਾਂ ਕੋਰੋਨਾ ਦੇ ਮਾਮਲੇ 89%ਤੱਕ ਘਟ ਸਕਦੇ ਹਨ।
ਆਸਟ੍ਰੇਲੀਆ ਨੈਸ਼ਨਲ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਅਨੁਸਾਰ ਕੋਰੋਨਾ ਨਾਲ ਲੜਨ ਲਈ ਸੋਸ਼ਲ ਡਿਸਟੈਂਸਿੰਗ ਸਭ ਤੋਂ ਵੱਡਾ ਹਥਿਆਰ ਹੈ। ਉਨ੍ਹਾਂ ਮੁਤਾਬਿਕ ਜੇਕਰ 25 ਫੀਸਦ ਲੋਕ ਵੀ ਆਪਸ ’ਚ ਮਿਲਣਾ ਬੰਦ ਕਰ ਦੇਣ ਤਾਂ ਇਸ ਬਿਮਾਰੀ ’ਤੇ 81 ਫੀਸਦ ਤੱਕ ਕਾਬੂ ਪਾਇਆ ਜਾ ਸਕਦਾ ਹੈ।
ਇੱਕ ਰਿਪੋਰਟ ਮੁਤਾਬਿਕ 25 ਫੀਸਦ ਮਾਮਲਿਆਂ ’ਚ ਪੀੜਤਾਂ ਨੂੰ ਪਤਾ ਹੀ ਨਹੀਂ ਲਗਦਾ ਕਿ ਉਹ ਕੋਰੋਨਾ ਤੋਂ ਪ੍ਰਭਾਵਿਤ ਹਨ। ਅਜਿਹੇ ਲੋਕ ਅਣਜਾਣੇ ’ਚ ਦੂਜੇ ਵਿਅਕਤੀਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ।
ਲੌਕਡਾਊਨ ’ਚ ਟ੍ਰੇਨਾਂ ਨੂੰ ਵੀ ਬੰਦ ਕੀਤਾ ਗਿਆ ਹੈ। ਟ੍ਰੇਨਾਂ ਨੂੰ ਬੰਦ ਕਰਨਾ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਭਾਰਤ ’ਚ ਰੋਜ਼ਾਨਾ ਢਾਈ ਕਰੋੜ ਲੋਕ ਟ੍ਰੇਨ ’ਚ ਸਫਰ ਕਰਦੇ ਹਨ। 1918 ’ਚ ਜਦੋਂ ਭਾਰਤ ’ਚ ਸਪੈਨਿਸ਼ ਫਲੂ ਫੈਲਿਆ ਸੀ ਤਾਂ ਇਸ ਫਲੂ ਦੇ ਫੈਲਣ ਦੀ ਮੁੱਖ ਵਜਾ ਵੀ ਇਹੀ ਸੀ ਕਿ ਉਸ ਵੇਲੇ ਰੇਲ ਸੇਵਾ ਜਾਰੀ ਸੀ।